ਤੋਮਰ ਦਾ ਸਵਾਲ- ਫਸਲ ਦੀ ਖਰੀਦ ਵਿਕਰੀ 'ਤੇ ਟੈਕਸ ਖਤਮ ਕਰਨ ਖਿਲਾਫ ਅੰਦੋਲਨ ਕਿੰਨਾ ਕੁ ਜਾਇਜ਼?
ਕਾਨੂੰਨਾਂ ਦਾ ਖੁੱਲ੍ਹ ਕੇ ਬਚਾਅ ਕਰਦਿਆਂ ਤੋਮਰ ਨੇ ਕਿਹਾ ਕਿ ਲੋਕਤੰਤਰ 'ਚ ਕੋਈ ਵੀ ਸਰਕਾਰ ਕਿਸਾਨਾਂ ਖਿਲਾਫ ਕਾਨੂੰਨ ਬਣਾਉਣ ਦਾ ਹੌਸਲਾ ਨਹੀਂ ਕਰ ਸਕਦੀ।
ਨਵੀਂ ਦਿੱਲੀ: ਹੁਣ ਤਕ ਅੰਦੋਲਨਕਾਰੀ ਕਿਸਾਨਾਂ 'ਤੇ ਸੰਭਲ-ਸੰਭਲ ਕੇ ਗੱਲ ਕਰਨ ਵਾਲੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਤੇਵਰ ਹੁਣ ਹੌਲੀ ਹੌਲੀ ਸਖਤ ਹੁੰਦੇ ਦਿਖਾਈ ਦੇ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਨਾਲ 12 ਦੌਰ ਦੀ ਵਾਰਤਾ ਕਰ ਚੁੱਕੇ ਤੋਮਰ ਨੇ ਖੇਤੀ ਕਾਨੂੰਨਾਂ ਖਿਲਾਫ ਚਲਾਏ ਜਾ ਰਹੇ ਅੰਦੋਲਨ 'ਤੇ ਸਵਾਲ ਖੜੇ ਕੀਤੇ ਹਨ।ਦਿੱਲੀ 'ਚ ਵੀਰਵਾਰ ਖੇਤੀ ਵਿਗਿਆਨ ਮੇਲਾ 2021 ਦੇ ਉਦਘਾਟਨ ਭਾਸ਼ਨ 'ਚ ਤੋਮਰ ਨੇ ਖੇਤੀ ਕਾਨੂੰਨਾਂ ਨੂੰ ਲੈਕੇ ਇਕ ਵਾਰ ਫਿਰ ਸਰਕਾਰ ਦੀ ਸਥਿਤੀ ਸਾਫ ਕਰ ਦਿੱਤੀ।
ਕਾਨੂੰਨਾਂ ਦਾ ਖੁੱਲ੍ਹ ਕੇ ਬਚਾਅ ਕਰਦਿਆਂ ਤੋਮਰ ਨੇ ਕਿਹਾ ਕਿ ਲੋਕਤੰਤਰ 'ਚ ਕੋਈ ਵੀ ਸਰਕਾਰ ਕਿਸਾਨਾਂ ਖਿਲਾਫ ਕਾਨੂੰਨ ਬਣਾਉਣ ਦਾ ਹੌਸਲਾ ਨਹੀਂ ਕਰ ਸਕਦੀ। ਪਰ ਉਨ੍ਹਾਂ ਦਾਅਵਾ ਕੀਤਾ ਕਿ ਨਰੇਂਦਰ ਮੋਦੀ ਸਰਕਾਰ ਨੇ ਜੋ ਕਾਨੂੰਨ ਬਣਾਇਆ ਹੈ ਉਹ ਕਿਸਾਨਾਂ ਨੂੰ ਆਪਣੀ ਫਸਲ ਮਨਚਾਹੀ ਕੀਮਤ 'ਤੇ ਪੂਰੇ ਦੇਸ਼ 'ਚ ਕਿਤੇ ਵੀ ਵੇਚਣ ਦੀ ਆਜ਼ਾਦੀ ਦਿੰਦਾ ਹੈ।
ਤੋਮਰ ਨੇ ਮੇਲੇ 'ਚ ਮੌਜੂਦ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕਿਸਾਨ ਨੂੰ ਆਪਣੀ ਫਸਲ ਮੰਡੀ 'ਚ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ ਤੇ ਨਿਲਾਮੀ 'ਚ ਜੋ ਬੋਲੀ ਲੱਗ ਜਾਂਦੀ ਹੈ ਉਸੇ 'ਚ ਵੇਚ ਕੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਮੰਡੀ ਦਾ ਟੈਕਸ ਵੀ ਚੁਕਾਉਣਾ ਪੈਂਦਾ ਹੈ। ਖੇਤੀ ਮੰਤਰੀ ਨੇ ਕਿਸਾਨਾਂ ਤੋਂ ਪੁੱਛਿਆ ਕਿ ਹੁਣ ਕਿਸਾਨ ਮੰਡੀ 'ਚ ਜਾਣ ਜਾਂ ਨਹੀਂ। ਏਨੀ ਆਜ਼ਾਦੀ ਦੇਣ 'ਚ ਕਿਸੇ ਨੂੰ ਕੀ ਦਿੱਕਤ ਹੋ ਸਕਦੀ ਹੈ?
ਤੋਮਰ ਨੇ ਕਿਹਾ ਮੰਡੀ 'ਚ ਜਾਓਗੇ ਤਾਂ ਟੈਕਸ ਲੱਗੇਗਾ ਪਰ ਸਾਡਾ ਕਾਨੂੰਨ ਕਹਿੰਦਾ ਹੈ ਕਿ ਮੰਡੀ ਦੇ ਬਾਹਰ ਆਪਣੇ ਘਰ ਤੋਂ ਜਾਂ ਕਿਤੇ ਵੀ ਵੇਚ ਸਕੋਗੇ, ਤਾਂ ਨਾ ਕੇਂਦਰ ਸਰਕਾਰ ਦਾ ਟੈਕਸ ਲੱਗੇਗਾ ਤੇ ਨਾ ਸੂਬਾ ਸਰਕਾਰ ਦਾ ਟੈਕਸ ਲੱਗੇਗਾ। ਤੁਹਾਡੀ ਫਸਲ ਦੀ ਖਰੀਦ 'ਤੇ ਵਿਕਰੀ ਤੇ ਟੈਕਸ ਨੂੰ ਸਮਾਪਤ ਕਰਨ ਵਾਲੀ ਸਰਕਾਰ ਚੰਗੀ ਹੈ ਜਾਂ ਟੈਕਸ ਲਾਉਣ ਵਾਲੀ ਸਰਕਾਰ?
ਕੀ ਅੰਦੋਲਨ ਜਾਇਜ਼ ਹੈ?
ਤੋਮਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਸੂਬਾ ਸਰਕਾਰਾਂ ਖਿਲਾਫ ਅੰਦੋਲਨ ਨਹੀਂ ਕਰ ਰਹੇ ਜੋ ਟੈਕਸ ਲਾਉਂਦੇ ਹਨ। ਉਨ੍ਹਾਂ ਕਿਹਾ, 'ਅੰਦੋਲਨਕਾਰੀ ਭਰਾ ਵੀ ਉਸ ਸਰਕਾਰ ਦੇ ਖਿਲਾਫ ਅੰਦੋਲਨ ਕਰ ਰਹੇ ਹਨ ਜਿੰਨ੍ਹਾਂ ਨੇ ਟੈਕਸ ਮਾਫ ਕਰ ਦਿੱਤਾ। ਕੀ ਇਹ ਅੰਦੋਲਨ ਜਾਇਜ਼ ਹੈ?'
ਕੁਝ ਲੋਕਾਂ ਦਾ ਕੰਮ ਹੈ ਦਿਨ ਰਾਤ ਮੋਦੀ ਨੂੰ ਕੋਸਣਾ
ਖੇਤੀ ਮੰਤਰੀ ਨੇ ਕਾਨੂੰਨ ਦੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ, 'ਸਾਡੇ ਦੇਸ਼ 'ਚ ਲੋਕਤੰਤਰ ਹੈ। ਕੁਝ ਲੋਕ ਦੇਸ਼ 'ਚ ਅਜਿਹੇ ਹਨ ਜਦੋਂ ਸਵੇਰੇ ਉਨ੍ਹਾਂ ਦੀ ਨੀਂਦ ਖੁੱਲ੍ਹਦੀ ਹੈ ਉਦੋਂ ਤੋਂ ਉਹ ਮੋਦੀ ਨੂੰ ਕੋਸਣ ਦਾ ਰਾਤ ਨੂੰ ਸਾਉਣ ਤਕ ਸੰਕਲਪ ਲੈ ਲੈਂਦੇ ਹਨ। ਬੱਸ ਅੰਤਰ ਏਨਾ ਹੀ ਹੈ ਕਦੇ ਚਿਹਰਾ ਕਿਸੇ ਦਾ ਹੁੰਦਾ ਹੈ ਕਦੇ ਚਿਹਰਾ ਕਿਸੇ ਦਾ ਹੁੰਦਾ ਹੈ। ਪਰ ਮੋਦੀ ਜੀ ਦੇਸ਼ ਨੂੰ ਅੱਗੇ ਵਧਾ ਰਹੇ ਹਨ ਤਾਂ ਬਹੁਤ ਸਾਰੇ ਲੋਕਾਂ ਨੂੰ ਰਾਸ ਨਹੀਂ ਆ ਰਿਹਾ।'