ਨੀਰਵ ਮੋਦੀ ਲਈ ਆਰਥਰ ਰੋਡ ਜੇਲ੍ਹ 'ਚ ਤਿਆਰੀਆਂ ਸ਼ੁਰੂ, ਇਸ ਤਰ੍ਹਾਂ ਹੋਵਗਾ ਇੰਤਜ਼ਾਮ
ਬ੍ਰਿਟਿਸ਼ ਅਦਾਲਤ ਦਾ ਫੈਸਲਾ ਆਉਣ ਦੇ ਨਾਲ ਹੀ ਮੁੰਬਈ ਦੀ ਆਰਥਰ ਰੋਡ ਜੇਲ੍ਹ ਨੇ ਉਸ ਨੂੰ ਰੱਖਣ ਲਈ ਇਕ ਵਿਸ਼ੇਸ਼ ਕੋਠੜੀ ਤਿਆਰ ਕੀਤੀ ਹੈ।
ਮੁੰਬਈ: ਪੰਜਾਬ ਨੈਸ਼ਨਲ ਬੈਂਕ ਘੋਟਾਲਾ ਮਾਮਲੇ 'ਚ ਜਾਲਸਾਜ਼ੀ ਦੇ ਮੁਲਜ਼ਮ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਦੇ ਪੱਖ 'ਚ ਇਕ ਬ੍ਰਿਟਿਸ਼ ਅਦਾਲਤ ਦਾ ਫੈਸਲਾ ਆਉਣ ਦੇ ਨਾਲ ਹੀ ਮੁੰਬਈ ਦੀ ਆਰਥਰ ਰੋਡ ਜੇਲ੍ਹ ਨੇ ਉਸ ਨੂੰ ਰੱਖਣ ਲਈ ਇਕ ਵਿਸ਼ੇਸ਼ ਕੋਠੜੀ ਤਿਆਰ ਕੀਤੀ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਨੀਰਵ ਮੋਦੀ ਨੂੰ ਇੱਥੇ ਲਿਆਏ ਜਾਣ ਤੋਂ ਬਾਅਦ ਉਸ ਨੂੰ ਉੱਚ ਸੁਰੱਖਿਆ ਵਾਲੇ ਬੈਰਕ ਨੰਬਰ 12 ਦੀਆਂ ਤਿੰਨ ਕੋਠੜੀਆਂ ''ਚੋਂ ਇਕ 'ਚ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ, 'ਜੇਲ੍ਹ 'ਚ ਨੀਰਵ ਮੋਦੀ ਨੂੰ ਰੱਖਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ ਤੇ ਉਸ ਦੀ ਜਦੋਂ ਵੀ ਹਵਾਲਗੀ ਹੋਵੇਗੀ ਤਾਂ ਉਸ ਲਈ ਜੇਲ੍ਹ ਦੀ ਕੋਠੜੀ ਤਿਆਰ ਹੈ। ਬ੍ਰਿਟਨ ਦੇ ਇਕ ਜੱਜ ਨੇ ਵੀਰਵਾਰ ਕਿਹਾ ਕਿ ਨੀਰਵ ਮੋਦੀ ਨੂੰ ਆਪਣੇ ਖਿਲਾਫ ਮਾਮਲੇ 'ਚ ਭਾਰਤੀ ਅਦਾਲਤਾਂ ਕੋਲ ਆਪਣਾ ਜਵਾਬ ਦੇਣਾ ਹੈ ਤੇ ਅਜਿਹਾ ਕੋਈ ਪ੍ਰਮਾਣ ਨਹੀਂ ਹੈ ਜਿਸ ਦਾ ਸੰਕੇਤ ਮਿਲਦਾ ਹੈ ਕਿ ਭਾਰਤ 'ਚ ਉਸ ਦੇ ਮਾਮਲੇ ਦੀ ਨਿਰਪੱਖ ਸੁਣਵਾਈ ਨਹੀਂ ਹੋਵੇਗੀ।'
ਮਹਾਰਾਸ਼ਟਰ ਦੇ ਜੇਲ੍ਹ ਵਿਭਾਗ ਨੇ 2019 'ਚ ਕੇਂਦਰ ਨੂੰ ਜੇਲ੍ਹ ਦੀ ਸਥਿਤੀ ਤੇ ਨੀਰਵ ਮੋਦੀ ਨੂੰ ਰੱਖਣ ਲਈ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਸੀ। ਅਧਿਕਾਰੀ ਨੇ ਦੱਸਿਆ ਕਿ ਬ੍ਰਿਟੇਨ 'ਚ ਵੈਸਟਮਨਿਸਟਰ ਮੈਜਿਸਟ੍ਰੇਟ ਕੋਰਟ 'ਚ ਨੀਰਵ ਮੋਦੀ ਦੀ ਹਵਾਲਗੀ ਸੁਣਵਾਈ ਦੌਰਾਨ ਕੇਂਦਰ ਨੇ ਸੂਬੇ ਦੇ ਗ੍ਰਹਿ ਵਿਭਾਗ ਤੋਂ ਜੇਲ੍ਹ ਬਾਰੇ ਜਾਣਕਾਰੀ ਮੰਗੀ ਸੀ।