Covid New Variant: ਕੋਰੋਨਾ ਦੇ ਨਵੇਂ ਰੂਪ ‘ਓਮੀਕਰੋਨ’ ਨੇ ਮਚਾਈ ਦੁਨੀਆ ਭਰ 'ਚ ਦਹਿਸ਼ਤ, ਪੀਐਮ ਮੋਦੀ ਵੱਲੋਂ ਸਖਤ ਨਿਰਦੇਸ਼
ਭਾਰਤ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਓਮੀਕਰੋਨ’ ਫੈਲਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਉਡਾਣਾਂ ’ਤੇ ਲਾਈ ਗਈ ਪਾਬੰਦੀ ਨੂੰ ਹਟਾਉਣ ਦੀ ਯੋਜਨਾ ਦੀ ਸਮੀਖਿਆ ਕਰਨ।
ਨਵੀਂ ਦਿੱਲੀ: ਕੋਰੋਨਾ ਦੇ ਨਵੇਂ ਰੂਪ ‘ਓਮੀਕਰੋਨ’ ਨੇ ਦੁਨੀਆ ਭਰ 'ਚ ਦਹਿਸ਼ਤ ਮਚਾ ਦਿੱਤਾ ਹੈ। ਓਮੀਕਰੋਨ ਪਿਛਲੇ ਚਾਰ ਦਿਨਾਂ ਵਿੱਚ ਅੱਠ ਦੇਸ਼ਾਂ ਤੱਕ ਮਾਰ ਕਰ ਚੁੱਕਾ ਹੈ। ਇਨ੍ਹਾਂ ਵਿੱਚ ਦੱਖਣੀ ਅਫਰੀਕਾ, ਇਜ਼ਰਾਇਲ, ਹਾਂਗਕਾਂਗ, ਬੋਤਸਵਾਨਾ, ਬੈਲਜੀਅਮ, ਜਰਮਨੀ, ਚੈਕ ਗਣਰਾਜ ਤੇ ਬਰਤਾਨੀਆ ਸ਼ਾਮਲ ਹੈ। ਇਸ ਰੂਪ ਬਾਰੇ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ 24 ਨਵੰਬਰ ਨੂੰ ਵਿਸ਼ਵ ਸਿਹਤ ਸੰਸਥਾ ਨੂੰ ਜਾਣਕਾਰੀ ਦਿੱਤੀ ਸੀ।
ਉਧਰ, ਭਾਰਤ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਓਮੀਕਰੋਨ’ ਫੈਲਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਉਡਾਣਾਂ ’ਤੇ ਲਾਈ ਗਈ ਪਾਬੰਦੀ ਨੂੰ ਹਟਾਉਣ ਦੀ ਯੋਜਨਾ ਦੀ ਸਮੀਖਿਆ ਕਰਨ। ਭਾਰਤ ਨੇ ਕਰੋਨਾ ਦੀ ਲਾਗ ਦਾ ਖ਼ਤਰਾ ਘਟਣ ਵਾਲੇ ਮੁਲਕਾਂ ’ਚ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਲਿਆ ਹੈ।
ਹੁਣ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਵੱਲੋਂ ਲਾਗ ਦੇ ਨਵੇਂ ਸਰੂਪ ਨੂੰ ਖ਼ਤਰਨਾਕ ਐਲਾਨਣ ਮਗਰੋਂ ਮੋਦੀ ਨੇ ਸਾਰੀਆਂ ਕੌਮਾਂਤਰੀ ਉਡਾਣਾਂ ਖਾਸ ਕਰਕੇ ਲਾਗ ਫੈਲਣ ਵਾਲੇ ਮੁਲਕਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਨਿਗਰਾਨੀ ਕਰਨ ਤੇ ਨਿਰਦੇਸ਼ਾਂ ਮੁਤਾਬਕ ਲੋਕਾਂ ਦੇ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦਈਏ ਕਿ ਡਬਲਿਊਐਚਓ ਨੇ ਕਿਹਾ ਹੈ ਕਿ ਓਮੀਕਰੋਨ ਦੀ ਪਛਾਣ ਦੱਖਣੀ ਅਫ਼ਰੀਕਾ ’ਚ ਹੋਈ ਹੈ ਤੇ ਇਹ ਲਾਗ ਦੇ ਹੋਰ ਸਰੂਪਾਂ ਨਾਲੋਂ ਵਧੇਰੇ ਤੇਜ਼ੀ ਨਾਲ ਫੈਲਦਾ ਹੈ। ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਮੂੰਹ ’ਤੇ ਹਰ ਸਮੇਂ ਮਾਸਕ ਬੰਨ੍ਹ ਕੇ ਰੱਖਣ ਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਕਰਨ। ਬਿਆਨ ਮੁਤਾਬਕ ਉਨ੍ਹਾਂ ਕਰੋਨਾ ਦੇ ਨਵੇਂ ਸਰੂਪ ਨੂੰ ਦੇਖਦਿਆਂ ਵਧੇਰੇ ਚੌਕਸੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਧੇਰੇ ਕੇਸਾਂ ਵਾਲੇ ਇਲਾਕਿਆਂ ’ਚ ਨਿਗਰਾਨੀ ਰੱਖਣ ਤੇ ਜਿਨ੍ਹਾਂ ਸੂਬਿਆਂ ’ਚ ਕੇਸ ਜ਼ਿਆਦਾ ਹਨ, ਉਨ੍ਹਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ।
ਇਸ ਦੇ ਨਾਲ ਹੀ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਨੇ ਕਈ ਮੁਲਕਾਂ ’ਚ ਕਰੋਨਾ ਦਾ ਨਵਾਂ ਸਰੂਪ ਫੈਲਣ ਨੂੰ ਦੇਖਦਿਆਂ 12ਵੀਂ ਮੰਤਰੀ ਪੱਧਰ ਦੀ ਕਾਨਫਰੰਸ (ਐਮਸੀ12) ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਕਈ ਮੁਲਕਾਂ ਵੱਲੋਂ ਉਡਾਣਾਂ ’ਤੇ ਰੋਕ ਲਾਏ ਜਾਣ ਕਾਰਨ ਮੰਤਰੀਆਂ ਦੇ ਜਨੇਵਾ ਪਹੁੰਚਣ ’ਚ ਅੜਿੱਕਾ ਪਵੇਗਾ ਜਿਸ ਕਾਰਨ ਡਬਲਿਊਟੀਓ ਨੇ ਕਾਨਫਰੰਸ ਨੂੰ ਅੱਗੇ ਪਾਉਣ ਦਾ ਫ਼ੈਸਲਾ ਲਿਆ ਹੈ। ਕਾਨਫੰਰਸ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਜਨੇਵਾ ’ਚ ਹੋਣੀ ਸੀ।
ਇਹ ਵੀ ਪੜ੍ਹੋ: SGB Scheme: ਸਰਕਾਰ ਦੀ ਇਸ ਸਕੀਮ ਨਾਲ ਸਸਤਾ ਸੋਨਾ ਖਰੀਦਣ ਦਾ ਮੌਕਾ, ਜਾਣੋ ਕਦੋਂ ਸ਼ੁਰੂ ਹੋਵੇਗੀ ਇਹ ਸਕੀਮ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: