Anantnag Attack: ਅਨੰਤਨਾਗ ਹਮਲੇ 'ਚ ਪਾਕਿਸਤਾਨ ਦਾ ਹੱਥ, ਕ੍ਰਾਸ ਬਾਰਡਰ ਕਾਲ ਇੰਟਰਸੈਪਸ਼ਨ 'ਚ ਪਲਾਨਿੰਗ ਦਾ ਖੁਲਾਸਾ
Pakistan Involved In Anantnag Attack: ਕਸ਼ਮੀਰ ਦੇ ਅਨੰਤਨਾਗ ਤੇ ਰਾਜੌਰੀ 'ਚ ਅੱਤਵਾਦੀਆਂ ਦੀ ਘੁਸਪੈਠ ਤੇ ਹਮਲੇ 'ਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਡਿਫੈਂਸ ਇੰਟੈਲੀਜੈਂਸ ਏਜੰਸੀ
Pakistan Involved In Anantnag Attack: ਕਸ਼ਮੀਰ ਦੇ ਅਨੰਤਨਾਗ ਤੇ ਰਾਜੌਰੀ 'ਚ ਅੱਤਵਾਦੀਆਂ ਦੀ ਘੁਸਪੈਠ ਤੇ ਹਮਲੇ 'ਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਡਿਫੈਂਸ ਇੰਟੈਲੀਜੈਂਸ ਏਜੰਸੀ ਦੇ ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਹੈ ਕਿ ਪਿਛਲੇ 5 ਦਿਨਾਂ ਦੇ ਕਰਾਸ ਬਾਰਡਰ ਕਾਲ ਇੰਟਰਸੈਪਸ਼ਨ ਤੋਂ ਪਤਾ ਚੱਲਿਆ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਇੱਕੋ ਸਮੇਂ ਕਈ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ।
ਸੂਤਰਾਂ ਨੇ ਕਿਹਾ ਹੈ ਕਿ ਭਾਰਤ ਦੀ ਪ੍ਰਧਾਨਗੀ 'ਚ ਜੀ-20 ਸੰਮੇਲਨ ਦੀ ਸਫਲਤਾ ਨਾਲ ਪਾਕਿਸਤਾਨ 'ਚ ਬੁਖਲਾਹਟ ਹੈ। ਇਸ ਕਰਕੇ ਪਾਕਿਸਤਾਨ ਨੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਫੌਜ ਜੀ-20 ਸੰਮੇਲਨ ਤੋਂ ਬਾਅਦ ਵੱਡੇ ਹਮਲੇ ਦੀ ਯੋਜਨਾ ਬਣਾ ਰਹੀ ਸੀ।
ਦੋ ਦਿਨਾਂ ਵਿੱਚ ਦੋ ਹਮਲੇ
ਕਸ਼ਮੀਰ ਵਿੱਚ ਦੋ ਦਿਨਾਂ ਵਿੱਚ ਦੋ ਵੱਡੇ ਹਮਲੇ ਹੋਏ ਹਨ। ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ 'ਚ ਬੁੱਧਵਾਰ (13 ਸਤੰਬਰ) ਨੂੰ ਸੁਰੱਖਿਆ ਬਲਾਂ ਤੇ ਲਸ਼ਕਰ-ਏ-ਤੋਇਬਾ (ਐਲਈਟੀ) ਦੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਇਸ 'ਚ ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧਨੌਤ ਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਭੱਟ ਸ਼ਹੀਦ ਹੋ ਗਏ ਹਨ, ਜਦਕਿ ਮੁਕਾਬਲੇ 'ਚ ਦੋ ਅੱਤਵਾਦੀ ਵੀ ਮਾਰੇ ਗਏ ਹਨ। ਇਸੇ ਤਰ੍ਹਾਂ ਰਾਜੌਰੀ ਵਿੱਚ ਵੀ ਐਲਈਟੀ ਦੇ ਦੋ ਅੱਤਵਾਦੀ ਮਾਰੇ ਗਏ ਹਨ। ਰੱਖਿਆ ਸੂਤਰਾਂ ਨੇ ਕਿਹਾ ਹੈ ਕਿ ਦਹਿਸ਼ਤ ਦੇ ਕਾਰਨ ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਹਮਲਿਆਂ ਲਈ ਅੱਤਵਾਦੀ ਭੇਜੇ ਜਾ ਰਹੇ ਹਨ।
ਦੱਸ ਦਈਏ ਕਿ ਹਾਲ ਹੀ 'ਚ ਪਾਕਿਸਤਾਨੀ ਫੌਜ 'ਤੇ ਤਿੰਨ ਵੱਡੇ ਹਮਲੇ ਹੋਏ ਹਨ। ਤਾਲਿਬਾਨ ਨੇ ਚਿਤਰਾਲ 'ਚ ਪਾਕਿਸਤਾਨੀ ਫੌਜ ਦੇ ਕੈਂਪ 'ਤੇ ਹਮਲਾ ਕਰਕੇ ਉਸ 'ਤੇ ਕਬਜ਼ਾ ਕਰ ਲਿਆ ਸੀ। ਸੂਤਰਾਂ ਮੁਤਾਬਕ ਇਸ ਹਮਲੇ 'ਚ ਪਾਕਿਸਤਾਨੀ ਫੌਜ ਦਾ ਭਾਰੀ ਜਾਨੀ ਨੁਕਸਾਨ ਹੋਇਆ ਸੀ।
ਦੂਜਾ ਹਮਲਾ ਵਜ਼ੀਰਿਸਤਾਨ ਵਿੱਚ ਹੋਇਆ ਲੀ। ਇੱਥੇ ਟੀਟੀਪੀ ਦੇ ਅੱਤਵਾਦੀਆਂ ਨੇ ਪਾਕਿਸਤਾਨੀ ਫੌਜ 'ਤੇ ਹਮਲਾ ਕਰ ਦਿੱਤਾ ਸੀ, ਜਦੋਂ ਕਿ ਤੋਰਖਮ ਸਰਹੱਦ 'ਤੇ ਤਾਲਿਬਾਨ ਤੇ ਪਾਕਿਸਤਾਨੀ ਫੌਜ ਵਿਚਾਲੇ ਤੀਜਾ ਮੁਕਾਬਲਾ ਚੱਲ ਰਿਹਾ ਹੈ। ਭਾਰਤ ਦੀ ਪ੍ਰਧਾਨਗੀ 'ਚ ਜੀ-20 ਦੇ ਸ਼ਾਂਤੀਪੂਰਨ ਇਕੱਠ ਦੌਰਾਨ ਕਸ਼ਮੀਰ 'ਚ ਇੱਕ ਵੀ ਅੱਤਵਾਦੀ ਹਮਲਾ ਨਹੀਂ ਹੋਇਆ। ਇਸ ਦੇ ਸਫਲ ਹੋਣ ਤੋਂ ਬਾਅਦ ਹਮਲੇ ਸ਼ੁਰੂ ਹੋ ਗਏ, ਜੋ ਪਾਕਿਸਤਾਨ ਦੀ ਘਬਰਾਹਟ ਦੀ ਨਿਸ਼ਾਨੀ ਹੈ।