Police Recruitment Exam: ਹਿਮਾਚਲ 'ਚ ਪੁਲਿਸ ਭਰਤੀ ਪ੍ਰੀਖਿਆ 'ਚ ਵੱਡਾ ਖੁਲਾਸਾ, 6-8 ਲੱਖ 'ਚ ਵਿਕੇ ਸੀ ਪ੍ਰਸ਼ਨ ਪੱਤਰ, ਇਸ ਤਰ੍ਹਾਂ ਹੋਇਆ ਪਰਦਾਫਾਸ਼
Himachal Pradesh Police Recruitment Exam: ਹਿਮਾਚਲ ਦੇ ਪੁਲਿਸ ਅਧਿਕਾਰੀਆਂ ਨੇ ਪੁਲਿਸ ਭਰਤੀ ਪ੍ਰੀਖਿਆ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ।
Himachal Pradesh Police Recruitment Exam: ਹਿਮਾਚਲ ਵਿੱਚ ਪੁਲਿਸ ਭਰਤੀ ਪ੍ਰੀਖਿਆ ਵਿੱਚ ਵੱਡਾ ਖੁਲਾਸਾ ਹੋਇਆ ਹੈ। ਬੀਤੀ ਰਾਤ ਕਾਂਗੜਾ ਵਿੱਚ ਪੁਲਿਸ ਅਧਿਕਾਰੀਆਂ ਨੇ ਨਕਲ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਹੈ। ਇਸ ਪੂਰੇ ਮਾਮਲੇ 'ਚ ਕੁਝ ਵੱਡੇ ਨਾਵਾਂ ਦਾ ਖੁਲਾਸਾ ਹੋ ਸਕਦਾ ਹੈ। ਪੁਲਿਸ ਵਿਭਾਗ ਦੇ ਵੱਡੇ ਲੋਕਾਂ 'ਤੇ ਵੀ ਇਸ ਮਾਮਲੇ ਨੂੰ ਛੁਪਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਚੋਣ ਵਰ੍ਹੇ 'ਚ ਸਰਕਾਰ ਦੀ ਇਸ ਨਾਕਾਮੀ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ।
ਸੂਬੇ ਭਰ ਵਿੱਚ 27 ਮਾਰਚ ਨੂੰ ਹੋਈ ਪੁਲਿਸ ਭਰਤੀ ਦੀ ਲਿਖਤੀ ਪ੍ਰੀਖਿਆ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ। ਉਮੀਦਵਾਰਾਂ ਨੇ 6 ਤੋਂ 8 ਲੱਖ ਰੁਪਏ ਦੇ ਕੇ ਪ੍ਰਸ਼ਨ ਪੱਤਰ ਖਰੀਦੇ ਸੀ ਜਿਸ 'ਚ 70 ਫੀਸਦ ਅੰਕਾਂ ਨਾਲ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ। ਮੰਨਿਆ ਜਾ ਰਿਹਾ ਹੈ ਕਿ ਪੇਪਰ ਇੱਕ ਪ੍ਰਿੰਟਿੰਗ ਪ੍ਰੈਸ ਤੋਂ ਲੀਕ ਹੋਇਆ ਸੀ। ਪੇਪਰ ਲੀਕ ਕਰਨ ਵਾਲੇ ਦੋਸ਼ੀ ਹਰਿਆਣਾ ਤੇ ਦਿੱਲੀ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਤਿੰਨੋਂ ਉਮੀਦਵਾਰ ਪੁਲਿਸ ਹਿਰਾਸਤ ਵਿੱਚ ਹਨ। ਕਾਂਗੜਾ ਪੁਲਿਸ ਵੱਲੋਂ ਪੇਪਰ ਲੀਕ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਕਾਂਗੜਾ ਦੇ ਗਾਗਲ ਥਾਣੇ ਵਿੱਚ ਵੀਰਵਾਰ ਦੇਰ ਰਾਤ ਮੁਲਜ਼ਮਾਂ ਖ਼ਿਲਾਫ਼ ਧਾਰਾ 420 ਤਹਿਤ ਐਫਆਈਆਰ ਦਰਜ ਕੀਤੀ ਗਈ।
ਇਸ ਕਾਰਨ ਹੋਇਆ ਪੁਲੀਸ ਨੂੰ ਸ਼ੱਕ
5 ਅਪ੍ਰੈਲ ਨੂੰ ਲਿਖਤੀ ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ ਪਾਸ ਹੋਏ ਉਮੀਦਵਾਰਾਂ ਨੂੰ ਸੂਬੇ ਭਰ ਦੀ ਪੁਲਿਸ ਨੇ ਦਸਤਾਵੇਜ਼ਾਂ ਦੀ ਜਾਂਚ ਲਈ ਬੁਲਾਇਆ ਸੀ। ਉਸ ਤੋਂ ਬਾਅਦ ਨਿਯੁਕਤੀ ਹੋਣੀ ਸੀ। ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਐਸਪੀ ਕਾਂਗੜਾ ਨੂੰ ਤਿੰਨ ਨੌਜਵਾਨਾਂ ’ਤੇ ਸ਼ੱਕ ਹੋਇਆ। ਤਿੰਨਾਂ ਨੌਜਵਾਨਾਂ ਦੇ 90 ਚੋਂ 70 ਅੰਕ ਸੀ ਪਰ ਦਸਵੀਂ ਜਮਾਤ ਵਿੱਚ ਉਨ੍ਹਾਂ ਦੇ ਅੰਕ 50 ਫੀਸਦੀ ਵੀ ਨਹੀਂ ਸੀ। ਐਸਪੀ ਨੇ ਤਿੰਨਾਂ ਨੌਜਵਾਨਾਂ ਤੋਂ ਵੱਖ-ਵੱਖ ਸਖ਼ਤੀ ਨਾਲ ਪੁੱਛਗਿੱਛ ਕੀਤੀ, ਜਿਸ ਵਿੱਚ ਤਿੰਨੋਂ ਫਸ ਗਏ ਤੇ ਉਨ੍ਹਾਂ ਮੰਨਿਆ ਕਿ ਉਨ੍ਹਾਂ ਲਿਖਤੀ ਪ੍ਰੀਖਿਆ ਤੋਂ ਪਹਿਲਾਂ ਹੀ 6 ਤੋਂ 8 ਲੱਖ ਰੁਪਏ ਦੇ ਕੇ ਟਾਈਪ ਕੀਤੇ ਸਵਾਲਾਂ ਦੇ ਜਵਾਬ ਲਏ ਸੀ। ਉਨ੍ਹਾਂ ਨੂੰ ਜਵਾਬ ਯਾਦ ਕਰਨ ਲਈ ਕਿਹਾ ਗਿਆ।
74 ਹਜ਼ਾਰ ਨੇ ਦਿੱਤੀ ਸੀ ਲਿਖਤੀ ਪ੍ਰੀਖਿਆ
ਹਿਮਾਚਲ ਪ੍ਰਦੇਸ਼ ਪੁਲਿਸ ਕਾਂਸਟੇਬਲਾਂ ਦੀਆਂ 1334 ਅਸਾਮੀਆਂ ਲਈ 27 ਮਾਰਚ ਨੂੰ ਭਰਤੀ ਪ੍ਰੀਖਿਆ ਹੋਈ ਸੀ। ਇਨ੍ਹਾਂ ਵਿੱਚ 5 ਅਪ੍ਰੈਲ 2022 ਨੂੰ 932 ਪੁਰਸ਼, 311 ਮਹਿਲਾ ਕਾਂਸਟੇਬਲ, 91 ਪੁਰਸ਼ ਕਾਂਸਟੇਬਲ ਬਤੌਰ ਡਰਾਈਵਰ ਪੋਸਟਾਂ ਲਈ ਨਤੀਜਾ ਐਲਾਨ ਕੀਤਾ ਸੀ। ਪਹਿਲੇ ਪੜਾਅ 'ਚ ਸੂਬੇ ਦੇ 81 ਕੇਂਦਰਾਂ 'ਤੇ ਲਿਖਤੀ ਪ੍ਰੀਖਿਆ ਲਈ ਗਈ। ਲਿਖਤੀ ਪ੍ਰੀਖਿਆ ਵਿੱਚ ਕਾਂਸਟੇਬਲ ਪੁਰਸ਼ ਦੇ ਅਹੁਦਿਆਂ ਲਈ 60 ਹਜ਼ਾਰ ਤੋਂ ਵੱਧ ਤੇ ਕਾਂਸਟੇਬਲ ਮਹਿਲਾ ਦੀਆਂ ਅਸਾਮੀਆਂ ਲਈ 14 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ: Bhagwant Mann on MSP: ਮੁੱਖ ਮੰਤਰੀ ਭਗਵੰਤ ਮਾਨ ਅੱਜ ਕਿਸਾਨਾਂ ਲਈ ਕਰਨਗੇ ਵੱਡਾ ਐਲਾਨ