New Governors: ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫੇ ਤੋਂ ਬਾਅਦ ਪੰਜਾਬ ਨੂੰ ਮਿਲਿਆ ਨਵਾਂ ਰਾਜਪਾਲ, 10 ਸੂਬਿਆਂ ਦੇ ਗਵਰਨਰ ਬਦਲੇ, ਦੇਖੋ ਪੂਰੀ ਲਿਸਟ
New Governors: ਇਨ੍ਹਾਂ ਵਿੱਚੋਂ ਕਈ ਰਾਜਪਾਲ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਸੀ, ਜਦੋਂ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਅਹੁਦੇ ਤੋਂ ਮੁਕਤ ਹੋਣ ਦੀ ਅਪੀਲ ਕੀਤੀ ਸੀ।
Six New Governors Appointment: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਰਾਜਾਂ ਵਿੱਚ ਰਾਜਪਾਲਾਂ ਦੀਆਂ ਨਵੀਆਂ ਨਿਯੁਕਤੀਆਂ ਦਾ ਵੀ ਐਲਾਨ ਕੀਤਾ ਹੈ। ਬਨਵਾਰੀਲਾਲ ਪੁਰੋਹਿਤ (83) ਨੇ ਫਰਵਰੀ ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਛੋਟੇ ਪੱਤਰ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਪਣੇ ਪੱਤਰ ਵਿੱਚ ਪੁਰੋਹਿਤ ਨੇ ਕਿਹਾ, "ਨਿੱਜੀ ਕਾਰਨਾਂ ਅਤੇ ਕੁਝ ਹੋਰ ਵਚਨਬੱਧਤਾਵਾਂ ਦੇ ਕਾਰਨ, ਮੈਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਰਾਜਪਾਲ ਅਤੇ ਪ੍ਰਸ਼ਾਸਕ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਰਿਹਾ ਹਾਂ। ਕਿਰਪਾ ਕਰਕੇ ਸਵੀਕਾਰ ਕਰੋ।"
ਸਤੰਬਰ 2021 ਵਿੱਚ ਸੰਭਾਲਿਆ ਸੀ ਰਾਜਪਾਲ ਦਾ ਅਹੁਦਾ
ਪੁਰੋਹਿਤ ਨੇ ਤਾਮਿਲਨਾਡੂ ਦੇ ਰਾਜਪਾਲ ਵਜੋਂ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਸਤੰਬਰ 2021 ਵਿੱਚ ਪੰਜਾਬ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ। ਪੰਜਾਬ ਵਿੱਚ ਉਨ੍ਹਾਂ ਦਾ ਕਾਰਜਕਾਲ ਆਮ ਆਦਮੀ ਪਾਰਟੀ (ਆਪ) ਸਰਕਾਰ ਨਾਲ ਲਗਾਤਾਰ ਟਕਰਾਅ ਭਰਿਆ ਰਿਹਾ ਹੈ, ਖਾਸ ਤੌਰ 'ਤੇ ਪੰਜਾਬ ਰਾਜ ਭਵਨ ਦੁਆਰਾ ਵੱਖ-ਵੱਖ ਕਾਨੂੰਨਾਂ ਦੀ ਲੰਬਿਤ ਪ੍ਰਵਾਨਗੀ ਨੂੰ ਲੈ ਕੇ। ਜਦੋਂ ਵੀ ਰਾਜਪਾਲ ਪੁਰੋਹਿਤ ਨੇ ਚਿੰਤਾ ਜਤਾਈ ਜਾਂ ਸਪਸ਼ਟੀਕਰਨ ਮੰਗਿਆ, ਤਾਂ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਸਰਕਾਰੀ ਬੁਲਾਰੇ ਸਮੇਤ 'ਆਪ' ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਪੁਰੋਹਿਤ 'ਤੇ ਭਾਜਪਾ ਤੋਂ ਪ੍ਰਭਾਵਿਤ ਹੋਣ ਅਤੇ ਉਨ੍ਹਾਂ ਦੀ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦਾ ਵਾਰ-ਵਾਰ ਦੋਸ਼ ਲਗਾਇਆ ਹੈ।
ਇਨ੍ਹਾਂ ਸੂਬਿਆਂ ਨੂੰ ਮਿਲੇ ਨਵੇਂ ਰਾਜਪਾਲ
ਹਰੀਭਾਊ ਕਿਸ਼ਨਰਾਓ ਬਾਗੜੇ ਨੂੰ ਰਾਜਸਥਾਨ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਜਿਸ਼ਣੂ ਦੇਵ ਵਰਮਾ ਨੂੰ ਤੇਲੰਗਾਨਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਸੰਤੋਸ਼ ਕੁਮਾਰ ਗੰਗਵਾਰ ਨੂੰ ਝਾਰਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਰਾਮੇਨ ਡੇਕਾ ਨੂੰ ਛੱਤੀਸਗੜ੍ਹ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਸੀਐਚ ਵਿਜੇਸ਼ੰਕਰ ਨੂੰ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਸੀਪੀ ਰਾਧਾਕ੍ਰਿਸ਼ਣਨ, ਜੋ ਇਸ ਸਮੇਂ ਝਾਰਖੰਡ ਦੇ ਰਾਜਪਾਲ ਹਨ ਅਤੇ ਤੇਲੰਗਾਨਾ ਦਾ ਵਾਧੂ ਚਾਰਜ ਸੰਭਾਲ ਰਹੇ ਹਨ, ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਗੁਲਾਬ ਚੰਦ ਕਟਾਰੀਆ, ਜੋ ਇਸ ਸਮੇਂ ਅਸਾਮ ਦੇ ਰਾਜਪਾਲ ਹਨ, ਨੂੰ ਪੰਜਾਬ ਅਤੇ ਚੰਡੀਗੜ੍ਹ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਲਕਸ਼ਮਣ ਪ੍ਰਸਾਦ ਅਚਾਰੀਆ, ਜੋ ਇਸ ਸਮੇਂ ਸਿੱਕਮ ਦੇ ਰਾਜਪਾਲ ਹਨ, ਨੂੰ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਮਣੀਪੁਰ ਦੇ ਰਾਜਪਾਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ।