ਪੰਜਾਬ ਨੈਸ਼ਨਲ ਬੈਂਕ 'ਚ 1700 ਕਰੋੜ ਦਾ ਹੋਰ ਘੁਟਾਲਾ, ਪਹਿਲਾਂ ਨੀਰਵ ਮੋਦੀ ਤੇ ਚੌਕਸੀ ਨੇ ਮਾਰੀ ਠੱਗੀ
ਨਵੀਂ ਦਿੱਲੀ: ਸੀਬੀਆਈ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ 'ਤੇ 1,700 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ 'ਚ ਹੈਦਰਾਬਾਦ ਦੀ ਦੂਰਸੰਚਾਰ ਉਪਰਕਣ ਬਣਾਉਣ ਵਾਲੀ ਕੰਪਨੀ ਵੀਐਮਸੀ ਸਿਸਟਮਜ਼ ਤੇ ਉਸ ਦੇ ਪ੍ਰੋਮਟਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀਐਨਬੀ ਪਹਿਲਾਂ ਹੀ ਨੀਰਵ ਮੋਦੀ ਤੇ ਮੋਹੁਲ ਚੌਕਸੀ ਦੀ 2 ਅਰਬ ਡਾਲਰ ਦੀ ਧੋਖਾਧੜੀ ਦਾ ਸ਼ਿਕਾਰ ਹੋ ਚੁੱਕਾ ਹੈ।
ਅਧਿਕਾਰੀਆਂ ਮੁਤਾਬਕ ਸੀਬੀਆਈ ਨੇ ਅਪਰਾਧਕ ਸਾਜਿਸ਼, ਧੋਖਾਧੜੀ ਤੇ ਫਰਜ਼ੀਵਾੜਾ ਮਾਮਲੇ 'ਚ ਕੰਪਨੀ ਤੇ ਉਸ ਦੇ ਪ੍ਰਮੋਟਰਾਂ ਵੁਪਾਲਾਪਤੀ ਹਿਮਾ ਬਿੰਦੂ, ਵੁਪਾਲਾਪਤੀ ਵੈਂਕਟ ਰਾਮਾ ਰਾਵ ਤੇ ਭਾਗਾਵਾਤੁਲਾ ਵੈਂਕਟ ਰਮੰਨਾ ਖਿਲਾਫ ਵੀਰਵਾਰ ਮਾਮਲਾ ਦਰਜ ਕੀਤਾ ਹੈ।
ਜਾਂਚ ਏਜੰਸੀ ਦੇ ਨਿਰਦੇਸ਼ਕਾਂ ਦੇ ਨਿਵਾਸ ਤੇ ਦਫਤਰ ਸਮੇਤ ਹੈਦਰਾਬਾਦ 'ਚ ਤਿੰਨ ਟਿਕਾਣਿਆਂ ਦੀ ਤਲਾਸ਼ੀ ਲਈ। ਪੀਐਨਬੀ ਨੇ ਸ਼ਿਕਾਇਤ 'ਚ ਕਿਹਾ ਕਿ ਕੰਪਨੀ ਨੇ ਬੈਂਕਾਂ ਦੇ ਸਮੂਹ ਤੋਂ ਲਏ ਗਏ 1700 ਕਰੋੜ ਰੁਪਏ ਕਰਜ਼ ਨਹੀਂ ਚੁਕਾਇਆ। ਕੰਪਨੀ ਦੂਰਸੰਚਾਰ ਤੇ ਬਿਜਲੀ ਖੇਤਰ ਦੇ ਉਪਕਰਣ ਬਣਾਉਂਦੀ ਹੈ। ਬੈਂਕ ਮੁਤਾਬਕ ਕੰਪਨੀ ਨੇ ਕਰਜ਼ ਦੀ ਵਰਤੋਂ ਦੂਜੀ ਜਗ੍ਹਾ ਕੀਤੀ।
ਕੀ ਹੈ ਪਿਛਲੇ ਪੀਐਨਬੀ ਘੁਟਾਲੇ ਦਾ ਪੂਰਾ ਮਾਮਲਾ:
ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਬ੍ਰਾਂਚ 'ਚ ਵੀ ਪਹਿਲਾਂ 11,500 ਕਰੋੜ ਦਾ ਘੁਟਾਲਾ ਸਾਹਮਣੇ ਆਇਆ। ਇਸ ਦਾ ਖੁਲਾਸਾ ਖੁਦ ਬੈਂਕ ਨੇ ਕੀਤਾ। ਇਸ ਮਾਮਲੇ 'ਚ ਸੀਬੀਆਈ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ 'ਤੇ ਉਦਯੋਗਪਤੀ ਨੀਰਵ ਮੋਦੀ ਤੇ ਉਨ੍ਹਾਂ ਦੇ ਸਹਿਯੋਗੀਆਂ ਸਮੇਤ ਕੁੱਲ ਛੇ ਲੋਕਾਂ ਖਿਲਾਫ ਧੋਖਾਧੜੀ, ਅਪਰਾਧਕ ਯੋਜਨਾ ਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਦਾ ਮੁਕੱਦਮਾ ਦਰਜ ਕੀਤਾ।