ਅੱਜ ਬੰਗਾਲ ਪਹੁੰਚੇਗੀ ਰਾਹੁਲ ਗਾਂਧੀ ਦੀ 'ਨਿਆਂ ਯਾਤਰਾ' ਮਮਤਾ ਬੈਨਰਜੀ ਨੇ ਗਠਜੋੜ ਨੂੰ ਕਿਹਾ 'NO', ਪੰਜਾਬ 'ਚ 'ਆਪ' ਨੇ ਵੀ ਦਿੱਤਾ ਝਟਕਾ, ਬੋਲੇ- ਵਿਗੜੀ ਗੱਲਬਾਤ?
I.N.D.I.A Seat Sharing: ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦੇ ਪੱਛਮੀ ਬੰਗਾਲ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸੀਐੱਮ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।
I.N.D.I.A Seat Sharing: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (West Bengal Chief Minister Mamata Banerjee) ਨੇ ਬੁੱਧਵਾਰ (24 ਜਨਵਰੀ) ਨੂੰ ਕਾਂਗਰਸ ਅਤੇ ਵਿਰੋਧੀ ਗਠਜੋੜ 'ਇੰਡੀਆ' ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਤ੍ਰਿਣਮੂਲ ਕਾਂਗਰਸ (TMC) ਬੰਗਾਲ ਦੀਆਂ ਸਾਰੀਆਂ 42 ਸੀਟਾਂ 'ਤੇ ਇਕੱਲੇ ਹੀ ਲੋਕ ਸਭਾ ਚੋਣਾਂ ਲੜੇਗੀ। ਅਜਿਹਾ ਹੀ ਐਲਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਆਗੂ ਭਗਵੰਤ ਮਾਨ (Bhagwant Mann) ਨੇ ਵੀ ਕੀਤਾ ਹੈ।
ਕਾਂਗਰਸ ਤੇ ਟੀਐਮਸੀ ਵਿਚਾਲੇ ਚੱਲ ਰਹੇ ਟਕਰਾਅ
ਸੀਟ ਵੰਡ ਨੂੰ ਲੈ ਕੇ ਕਾਂਗਰਸ ਅਤੇ ਟੀਐਮਸੀ ਵਿਚਾਲੇ ਚੱਲ ਰਹੇ ਟਕਰਾਅ ਬਾਰੇ, ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਕਿਹਾ, “ਮੈਂ ਉਨ੍ਹਾਂ (ਕਾਂਗਰਸ) ਨੂੰ ਸੀਟ ਵੰਡ ਬਾਰੇ ਪ੍ਰਸਤਾਵ ਦਿੱਤਾ ਸੀ, ਪਰ ਉਨ੍ਹਾਂ ਨੇ ਸ਼ੁਰੂ ਵਿੱਚ ਇਸ ਨੂੰ ਠੁਕਰਾ ਦਿੱਤਾ ਸੀ। ਸਾਡੀ ਪਾਰਟੀ ਨੇ ਹੁਣ ਬੰਗਾਲ ਵਿਚ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਮਮਤਾ ਬੈਨਰਜੀ ਦਾ ਇਹ ਐਲਾਨ ਪੱਛਮੀ ਬੰਗਾਲ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ ਭਾਰਤ ਜੋੜੋ ਨਿਆਏ ਯਾਤਰਾ ਦੇ ਪ੍ਰਵੇਸ਼ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਆਇਆ ਹੈ। ਅਜਿਹੇ 'ਚ ਇਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ - ਬੈਨਰਜੀ
ਭਾਰਤ ਜੋੜੋ ਨਿਆਂ ਯਾਤਰਾ ਬਾਰੇ ਮਮਤਾ ਬੈਨਰਜੀ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਸੂਬੇ ਵਿੱਚ ਯਾਤਰਾ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਨੇ ਕਿਹਾ, ''ਸ਼ਿਸ਼ਟਤਾਚਾਰ ਦੇ ਨਾਤੇ, ਕੀ ਉਨ੍ਹਾਂ (ਕਾਂਗਰਸ) ਨੇ ਮੈਨੂੰ ਦੱਸਿਆ ਕਿ ਉਹ ਬੰਗਾਲ ਦੌਰੇ ਲਈ ਆ ਰਹੇ ਹਨ? ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ।
ਇੱਥੇ ਤੱਕ ਕਿਵੇਂ ਪਹੁੰਚੀ ਗੱਲ?
ਮਮਤਾ ਬੈਨਰਜੀ ਨੇ ਹਾਲ ਹੀ 'ਚ ਮੁਰਸ਼ਿਦਾਬਾਦ 'ਚ ਪਾਰਟੀ ਨੇਤਾਵਾਂ ਨਾਲ ਬੈਠਕ ਦੌਰਾਨ ਕਿਹਾ ਸੀ ਕਿ ਜੇ 'ਇੰਡੀਆ' ਗਠਜੋੜ 'ਚ ਉਚਿਤ ਮਹੱਤਵ ਨਾ ਦਿੱਤਾ ਗਿਆ ਤਾਂ ਅਸੀਂ ਸਾਰੀਆਂ 42 ਸੀਟਾਂ 'ਤੇ ਚੋਣ ਲੜਾਂਗੇ। ਕਾਂਗਰਸ ਅਤੇ ਖੱਬੇ ਪੱਖੀ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਸੀ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਕੁਝ ਪਾਰਟੀਆਂ ਮੇਰੀ ਗੱਲ ਨਹੀਂ ਸੁਣ ਰਹੀਆਂ।
ਮਮਤਾ ਬੈਨਰਜੀ ਦੇ ਇਸ ਬਿਆਨ 'ਤੇ ਰਾਹੁਲ ਗਾਂਧੀ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਗਠਜੋੜ 'ਚ ਅਜਿਹੇ ਛੋਟੇ-ਮੋਟੇ ਬਿਆਨ ਆਉਂਦੇ ਰਹਿੰਦੇ ਹਨ ਪਰ ਇਸ ਦੇ ਨਾਲ ਹੀ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕਿਹਾ ਸੀ ਕਿ ਮਮਤਾ ਬੈਨਰਜੀ ਜੋ ਵੀ ਕਹਿਣ, ਉਹਨਾਂ ਨੂੰ ਕਹਿਣ ਦਿਓ .. ਅਸੀਂ ਆਪਣਾ ਕੰਮ ਕਰ ਰਹੇ ਹਾਂ।
ਅਧੀਰ ਰੰਜਨ ਚੌਧਰੀ ਹਰ ਰੋਜ਼ ਵੱਖ-ਵੱਖ ਮੁੱਦਿਆਂ 'ਤੇ ਬੰਗਾਲ ਸਰਕਾਰ ਨੂੰ ਘੇਰ ਰਹੇ ਹਨ। ਇਸ ਦੇ ਜਵਾਬ ਵਿੱਚ ਟੀਐਮਸੀ ਨੇ ਵੀ ਜਵਾਬੀ ਹਮਲਾ ਕੀਤਾ। ਅਜਿਹੇ 'ਚ ਹਰ ਰੋਜ਼ ਸਵਾਲ ਉੱਠ ਰਹੇ ਸਨ ਕਿ ਕੀ ਬੰਗਾਲ 'ਚ ਕਾਂਗਰਸ ਅਤੇ ਟੀਐੱਮਸੀ ਵਿਚਾਲੇ ਸੀਟਾਂ ਦੀ ਵੰਡ ਹੋਵੇਗੀ।
'ਆਪ' ਦਿੱਲੀ 'ਚ ਗਠਜੋੜ ਲਈ ਸਹਿਮਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਬੁੱਧਵਾਰ ਨੂੰ ਕਿਹਾ, ''ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲਈ ਸੂਬੇ 'ਚ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਅਸੀਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਾਂਗੇ।'' ਹਾਲਾਂਕਿ, 'ਆਪ' ਦਿੱਲੀ 'ਚ ਗਠਜੋੜ ਲਈ ਤਿਆਰ ਹੈ। ਦੋਵਾਂ ਪਾਰਟੀਆਂ ਦੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਪਿਛਲੇ ਦਿਨੀਂ ਮੀਟਿੰਗ ਵੀ ਹੋਈ ਸੀ।
ਦੱਸ ਦੇਈਏ ਕਿ ਕਾਂਗਰਸ, ਟੀਐਮਸੀ ਅਤੇ 'ਆਪ' ਭਾਜਪਾ ਦੇ ਖਿਲਾਫ਼ ਇੱਕਜੁੱਟ ਹੋਏ ਵਿਰੋਧੀ ਗਠਜੋੜ "ਇੰਡੀਆ" ਦਾ ਹਿੱਸਾ ਹੈ।