ਲੋਕਾਂ ਦੀਆਂ ਜੇਬਾਂ ਖਾਲੀ ਕਰਕੇ 'ਮਿੱਤਰਾਂ' ਨੂੰ ਦੇਣ ਦਾ ਕੰਮ ਕਰ ਰਹੀ ਮੋਦੀ ਸਰਕਾਰ: ਰਾਹੁਲ
ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਲੋਕਾਂ ਦੀ ਜੇਬ ਖਾਲੀ ਕਰਕੇ ਮਿੱਤਰਾਂ ਨੂੰ ਦੇਣ ਦਾ ਮਹਾਨ ਕੰਮ ਕਰ ਰਹੀ ਹੈ।
ਨਵੀਂ ਦਿੱਲੀ: ਲਗਾਤਾਰ ਵਧ ਰਹੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਾਲ ਜਿੱਥੇ ਆਮ ਆਦਮੀ ਦੀਆਂ ਜੇਬਾਂ ਢਿੱਲੀਆਂ ਹੋ ਰਹੀਆਂ ਹਨ ਉੱਥੇ ਹੀ ਕਿਸਾਨ ਅੰਦੋਲਨ ਦੇ ਵਿਚ ਵਿਰੋਧੀਆਂ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਨ ਦਾ ਇਕ ਹੋਰ ਮੌਕਾ ਮਿਲ ਗਿਆ। ਸੋਮਵਾਰ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਲੋਕਾਂ ਦੀ ਜੇਬ ਖਾਲੀ ਕਰਕੇ ਮਿੱਤਰਾਂ ਨੂੰ ਦੇਣ ਦਾ ਮਹਾਨ ਕੰਮ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਆਪਣੇ ਟਵੀਟ 'ਚ ਲਿਖਿਆ, 'ਪੈਟਰੋਲ ਪੰਪ 'ਤੇ ਗੱਡੀ 'ਚ ਤੇਲ ਪਾਉਂਦਿਆਂ ਸਮੇਂ ਜਦੋਂ ਤੁਹਾਡੀ ਨਜ਼ਰ ਤੇਜ਼ੀ ਨਾਲ ਵਧਦੇ ਮੀਟਰ 'ਤੇ ਪਵੇ ਤਾਂ ਇਹ ਜ਼ਰੂਰ ਯਾਦ ਰੱਖੋ ਕਿ ਕੱਚੇ ਤੇਲ ਦਾ ਭਾਅ ਵਧਿਆ ਨਹੀਂ, ਸਗੋਂ ਘੱਟ ਹੋਇਆ ਹੈ। ਪੈਟਰੋਲ 100 ਰੁਪਏ ਲੀਟਰ ਹੋ ਗਿਆ ਹੈ। ਮੋਦੀ ਸਰਕਾਰ ਤੁਹਾਡੀ ਜੇਬ ਖਾਲੀ ਕਰਕੇ ਮਿੱਤਰਾਂ ਨੂੰ ਦੇਣ ਦਾ ਮਹਾਨ ਕੰਮ ਮੁਫ਼ਤ 'ਚ ਕਰ ਰਹੀ ਹੈ।'
ਰੌਬਰਟ ਵਾਡਰਾ ਸਾਇਕਲ 'ਤੇ ਦਫ਼ਤਰ ਪਹੁੰਚੇ
ਰਾਹੁਲ ਗਾਂਧੀ ਤੋਂ ਇਲਾਵਾ ਉਨ੍ਹਾਂ ਦੇ ਜੀਜੇ ਰੌਬਰਟ ਵਾਡਰਾ ਨੇ ਵੀ ਪੈਟਰੋਲ-ਡੀਜ਼ਲ ਦੇ ਵਧਦੇ ਭਾਅ ਨੂੰ ਆਪਣੇ ਅੰਦਾਜ਼ 'ਚ ਵਿਰੋਧ ਜਤਾਇਆ। ਸੋਮਵਾਰ ਨੂੰ ਰੌਬਰਟ ਵਾਡਰਾ ਸਾਇਕਲ ਚਲਾ ਕੇ ਆਪਣੇ ਦਫ਼ਤਰ ਪਹੁੰਚੇ। ਰੌਬਰਟ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਜਿਹੀਆਂ ਕਾਰਾਂ ਤੋਂ ਬਾਹਰ ਆਉਣਾ ਚਾਹੀਦਾ ਤੇ ਲੋਕਾਂ ਦੀ ਸਮੱਸਿਆ ਨੂੰ ਜਾਣਨਾ ਚਾਹੀਦਾ। ਵਾਡਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ਪਿਛਲੀਆਂ ਸਰਕਾਰਾਂ 'ਤੇ ਇਲਜ਼ਾਮ ਲਾਉਂਦੀ ਰਹਿੰਦੀ ਹੈ।
ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਦਕਿ ਡੀਜ਼ਲ ਦੀ ਕੀਮਤ ਵੀ ਉਸ ਤੋਂ ਜ਼ਿਆਦਾ ਪਿੱਛੇ ਨਹੀਂ ਹੈ। ਉੱਥੇ ਹੀ ਵਿਰੋਧੀਆਂ ਵੱਲੋਂ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈਕੇ ਸਰਕਾਰ ਨੂੰ ਘੇਰਨ ਤੋਂ ਬਾਅਦ ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦਾ ਕਹਿਣਾ ਹੈ ਕਿ ਅੰਤਰ ਰਾਸ਼ਟਰੀ ਮਾਰਕਿਟ 'ਚ ਈਂਧਨ ਦੇ ਘੱਟ ਉਤਪਾਦਨ ਕਾਰਨ ਕੀਮਤਾਂ ਵਧ ਰਹੀਆਂ ਹਨ।