(Source: ECI/ABP News/ABP Majha)
ਰਾਕੇਸ਼ ਟਿਕੈਤ ਨੂੰ ਲੰਡਨ 'ਚ ਮਿਲਿਆ 21ਵੀਂ ਸਦੀ ਦਾ ਆਈਕਨ ਐਵਾਰਡ
ਰਾਕੇਸ਼ ਟਿਕੈਤ ਨੂੰ ਇਹ ਐਵਾਰਡ ਲੰਡਨ ਸਥਿੱਤ ਬਰਤਾਨੀਆ ਦੇ ਸਕੁਏਅਰ ਵਾਟਰਮੇਲਨ ਆਫ਼ ਬ੍ਰਿਟੇਨ ਵੱਲੋਂ ਭਾਰਤ 'ਚ ਹੋਏ ਕਿਸਾਨ ਅੰਦੋਲਨ ਨੂੰ ਜ਼ਿੰਦਾ ਰੱਖਣ ਲਈ ਦਿੱਤਾ ਜਾਵੇਗਾ।
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਲੀਡਰ ਰਾਕੇਸ਼ ਟਿਕੈਤ ਨੂੰ ਲੰਡਨ 'ਚ 21ਵੀਂ ਸਦੀ ਦੇ ਆਈਕਨ ਐਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ। ਪਿਛਲੇ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ 'ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਟਿਕੈਤ ਨੂੰ ਕਿਸਾਨ ਅੰਦੋਲਨ ਦੀ ਸਮਾਪਤੀ ਵਾਲੇ ਦਿਨ ਲੰਡਨ 'ਚ 21ਵੀਂ ਸਦੀ ਦੇ ਆਈਕਨ ਐਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ।
ਰਾਕੇਸ਼ ਟਿਕੈਤ ਨੂੰ ਇਹ ਐਵਾਰਡ ਲੰਡਨ ਸਥਿੱਤ ਬਰਤਾਨੀਆ ਦੇ ਸਕੁਏਅਰ ਵਾਟਰਮੇਲਨ ਆਫ਼ ਬ੍ਰਿਟੇਨ ਵੱਲੋਂ ਭਾਰਤ 'ਚ ਹੋਏ ਕਿਸਾਨ ਅੰਦੋਲਨ ਨੂੰ ਜ਼ਿੰਦਾ ਰੱਖਣ ਲਈ ਦਿੱਤਾ ਜਾਵੇਗਾ। ਲੰਡਨ ਦੀ ਸਕੁਏਅਰਡ ਵਾਟਰਮੇਲਨ ਕੰਪਨੀ ਹਰ ਸਾਲ ਉਨ੍ਹਾਂ ਲੋਕਾਂ ਨੂੰ ਆਈਕਨ ਐਵਾਰਡ ਪ੍ਰਦਾਨ ਕਰਦੀ ਹੈ, ਜਿਨ੍ਹਾਂ ਨੇ ਦੁਨੀਆ ਲਈ ਮਿਸਾਲ ਕਾਇਮ ਕੀਤੀ ਹੈ। ਇਹ ਐਵਾਰਡ 2017 'ਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 4 ਭਾਰਤੀਆਂ ਨੂੰ 21ਵੀਂ ਸਦੀ ਦੇ ਆਈਕਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਸ 'ਚ ਸੋਨੂੰ ਨਿਗਮ ਤੇ ਸ਼ੰਕਰ ਮਹਾਦੇਵਨ ਦੇ ਨਾਂ ਸ਼ਾਮਲ ਹਨ।
ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਤੇ ਕਈ ਮੰਗਾਂ ਮੰਨੇ ਜਾਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰ ਸਰਕਾਰ ਵਿਚਾਲੇ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਸ਼ਨੀਵਾਰ ਸਵੇਰੇ ਦਿੱਲੀ ਦੀਆਂ ਸਰਹੱਦਾਂ ਤੋਂ ਰਵਾਨਾ ਹੋਣੀਆਂ ਸ਼ੁਰੂ ਹੋ ਗਈਆਂ ਸਨ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਵਾਪਸੀ ਮੁਹਿੰਮ ਨੂੰ 4-5 ਦਿਨ ਲੱਗਣਗੇ।
ਗਾਜ਼ੀਪੁਰ ਸਰਹੱਦ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਕਿਸਾਨਾਂ ਦਾ ਇਕ ਵੱਡਾ ਜੱਥਾ ਐਤਵਾਰ ਸਵੇਰੇ 8 ਵਜੇ ਇਸ ਖੇਤਰ ਨੂੰ ਖਾਲੀ ਕਰੇਗਾ। ਸਾਡੇ ਕਿਸਾਨ ਭਰਾਵਾਂ ਨੇ ਘਰ ਵਾਪਸੀ ਸ਼ੁਰੂ ਕਰ ਦਿੱਤੀ ਹੈ। ਮੈਂ 15 ਦਸੰਬਰ ਨੂੰ ਇੱਥੋਂ ਰਵਾਨਾ ਹੋਵਾਂਗਾ।
ਇਸ ਤੋਂ ਪਹਿਲਾਂ ਗੁਰਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਵਿਵਾਦਤ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ 29 ਨਵੰਬਰ ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਿੱਲ ਪਾਸ ਕੀਤੇ ਗਏ। ਇਸ ਕਦਮ ਤੋਂ ਬਾਅਦ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚਾ ਜ਼ਿਆਦਾਤਰ ਮੁੱਦਿਆਂ 'ਤੇ ਸਹਿਮਤ ਹੋ ਗਏ ਹਨ।