ਸੰਯੁਕਤ ਕਿਸਾਨ ਮੋਰਚੇ ਨੇ ਜਨਤਾ ਸਾਹਮਣੇ ਰੱਖਿਆ ਅੰਦੋਲਨ ਦਾ ਲੇਖਾ-ਜੋਖਾ, ਮੋਰਚੇ ਨੂੰ ਮਿਲੇ ਛੇ ਕਰੋੜ ਰੁਪਏ, ਜਾਣੋ ਕਿੱਥੇ-ਕਿੱਥੇ ਲੱਗੇ
ਕਿਸਾਨ ਲੀਡਰਾਂ ਨੇ ਦੱਸਿਆ ਹੈ ਕਿ ਹਾਦਸਿਆਂ, ਮੌਤਾਂ ਤੇ ਸਿਹਤ ’ਤੇ ਲਗਪਗ 68.5 ਲੱਖ ਰੁਪਏ ਖਰਚ ਕੀਤੇ ਗਏ। ਇਸੇ ਤਰ੍ਹਾਂ 17.9 ਲੱਖ ਰੁਪਏ ਪਾਣੀ ’ਤੇ, 38.3 ਲੱਖ ਰੁਪਏ ਤਰਪਾਲਾਂ, ਕੈਮਰੇ, ਵਾਕੀ-ਟਾਕੀ...
ਨਵੀਂ ਦਿੱਲੀ: ਕਿਸਾਨ ਅੰਦੋਲਨ ਦੌਰਾਨ ਲੋਕਾਂ ਨੇ ਦਿਲ ਖੋਲ੍ਹ ਕੇ ਫੰਡ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਦੱਸਿਆ ਹੈ ਕਿ ਅੰਦੋਲਨ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਸਰੋਤਾਂ ਰਾਹੀਂ ਛੇ ਕਰੋੜ ਦੇ ਫੰਡ ਪ੍ਰਾਪਤ ਹੋਏ ਹਨ। ਸਾਰਾ ਖਰਚ ਕਰਨ ਮਗਰੋਂ ਇਸ ’ਚੋਂ 96 ਲੱਖ ਰੁਪਏ ਮੋਰਚੇ ਕੋਲ ਜਮ੍ਹਾਂ ਹਨ। ਇਸ ਦੇ ਨਾਲ ਹੀ ਬਾਕੀ ਆਮ ਲੋਕਾਂ, ਸੰਸਥਾਵਾਂ, ਅਦਾਰਿਆਂ ਵੱਲੋਂ ਨਿੱਜੀ ਤੌਰ ’ਤੇ ਕੀਤੇ ਗਏ ਖਰਚੇ ਵੱਖਰੇ ਹਨ।
ਦਰਅਸਲ ਕਿਸਾਨ ਅੰਦੋਲਨ ਦੌਰਾਨ ਫੰਡਾਂ ਦਾ ਮਸਲਾ ਅਕਸਰ ਹੀ ਚਰਚਾ ਦੀ ਵਿਸ਼ਾ ਬਣਿਆ ਰਿਹਾ ਹੈ। ਸੱਤਾਪੱਖੀ ਇਲਜ਼ਾਮ ਲਾਉਂਦੇ ਸੀ ਕਿ ਅੰਦੋਲਨ ਚਲਾਉਣ ਲਈ ਫੰਡ ਕਿੱਥੋਂ ਆ ਰਹੇ ਹਨ। ਇਸ ਲਈ ਕਿਸਾਨ ਲੀਡਰਾਂ ਨੇ ਸਟੇਜ ਤੋਂ ਸਾਰੇ ਖਰਚਿਆਂ ਦਾ ਹਿਸਾਬ ਦੇ ਕੇ ਮੋਰਚੇ ’ਤੇ ਉਂਗਲ ਚੁੱਕਣ ਵਾਲੇ ਲੋਕਾਂ ਦਾ ‘ਮੂੰਹ ਬੰਦ’ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਿਸਾਨ ਲੀਡਰਾਂ ਨੇ ਦੱਸਿਆ ਹੈ ਕਿ ਹਾਦਸਿਆਂ, ਮੌਤਾਂ ਤੇ ਸਿਹਤ ’ਤੇ ਲਗਪਗ 68.5 ਲੱਖ ਰੁਪਏ ਖਰਚ ਕੀਤੇ ਗਏ। ਇਸੇ ਤਰ੍ਹਾਂ 17.9 ਲੱਖ ਰੁਪਏ ਪਾਣੀ ’ਤੇ, 38.3 ਲੱਖ ਰੁਪਏ ਤਰਪਾਲਾਂ, ਕੈਮਰੇ, ਵਾਕੀ-ਟਾਕੀ, ਕੁਰਸੀਆਂ, ਫਲੈਕਸ, ਪੱਖੇ, ਕੂਲਰ ਤੇ ਪੰਡਾਲ ’ਤੇ, 36.8 ਲੱਖ ਰੁਪਏ ਸੋਸ਼ਲ ਮੀਡੀਆ ’ਤੇ, 32.8 ਲੱਖ ਰੁਪਏ ਸਫਾਈ ਪ੍ਰਬੰਧਾਂ, 81.4 ਲੱਖ ਰੁਪਏ ਸਟੇਜ, ਸਾਊਂਡ ਤੇ ਲਾਈਟਿੰਗ, 50.9 ਲੱਖ ਟੈਂਟਾਂ ਤੇ 19.2 ਲੱਖ ਰੁਪਏ ਵਾਟਰ ਪਰੂਫ ਪੰਡਾਲ ’ਤੇ ਖਰਚੇ ਗਏ। 5.39 ਕਰੋੜ ਰੁਪਏ ਖ਼ਰਚਾ ਕੱਢ ਕੇ ਮੋਰਚੇ ਕੋਲ ਹੁਣ 96 ਲੱਖ ਤੋਂ ਵੱਧ ਰਕਮ ਜਮ੍ਹਾਂ ਹੈ।
ਕਿਸਾਨ ਲੀਡਰਾਂ ਨੇ ਦੱਸਿਆ ਕਿ ਮੋਰਚੇ ਨੇ ਹਿਸਾਬ ਰੱਖਣ ਲਈ ਇੱਕ ਖਰਚਾ ਕਮੇਟੀ ਬਣਾਈ ਹੈ, ਜਿਸ ’ਚ ਰਵਿੰਦਰ ਸਿੰਘ ਪਟਿਆਲਾ, ਹਰਜੀਤ ਸਿੰਘ ਰਵੀ, ਮਨਜੀਤ ਸਿੰਘ ਰਾਏ, ਗੁਰਮੀਤ ਸਿੰਘ ਮਹਿਮਾ ਸਮੇਤ ਬਲਜੀਤ ਸਿੰਘ ਗਰੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ ਦਾਨੀਆਂ ਤੋਂ ਪੈਸੇ ਇਕੱਠੇ ਕਰਨ ਲਈ ਇੱਕ ਹੋਰ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਮੁੱਖ ਤੌਰ ’ਤੇ ਸੰਤੋਖ ਸਿੰਘ ਸੰਧੂ, ਅਮਰੀਕ ਸਿੰਘ ਨਿੱਝਰ ਤੇ ਰਵੇਲ ਸਿੰਘ ਸ਼ਾਮਲ ਹਨ। ਅਮਰਜੀਤ ਸਿੰਘ ਸਹੋਤਾ, ਭੁਪਿੰਦਰ ਸਿੰਘ ਲੌਂਗੋਵਾਲ ਤੇ ਹੋਰ ਕਾਰਕੁਨ ਵੀ ਸਮੇਂ-ਸਮੇਂ ’ਤੇ ਸੇਵਾਵਾਂ ਦਿੰਦੇ ਰਹੇ।