ਕੰਗਨਾ ਰਣੌਤ ਨੂੰ ਸ਼ਿਵ ਸੈਨਾ ਦਾ ਜਵਾਬ, 'ਚੀਨ ਸਰਹੱਦ ਅੰਦਰ ਵੜ ਰਿਹਾ, ਹੁਣ ਕਿੱਥੇ ਮੋਦੀ ਸਰਕਾਰ'?
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕੰਗਨਾ ਰਣੌਤ ਵੱਲੋਂ ਮਹਾਤਮਾ ਗਾਂਧੀ ਬਾਰੇ ਕੀਤੀ ਗਈ ਆਲੋਚਨਾ ਦਾ ਜਵਾਬ ਦੇਣ ਦੇ ਬਹਾਨੇ ਕੇਂਦਰ ਦੀ ਮੋਦੀ ਸਰਕਾਰ (PM Narendra Modi) 'ਤੇ ਫਿਰ ਹਮਲਾ ਕੀਤਾ ਹੈ।
ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕੰਗਨਾ ਰਣੌਤ ਵੱਲੋਂ ਮਹਾਤਮਾ ਗਾਂਧੀ ਬਾਰੇ ਕੀਤੀ ਗਈ ਆਲੋਚਨਾ ਦਾ ਜਵਾਬ ਦੇਣ ਦੇ ਬਹਾਨੇ ਕੇਂਦਰ ਦੀ ਮੋਦੀ ਸਰਕਾਰ (PM Narendra Modi) 'ਤੇ ਫਿਰ ਹਮਲਾ ਕੀਤਾ ਹੈ। ਕੰਗਨਾ ਰਣੌਤ ਨੇ ਕਿਹਾ ਹੈ ਕਿ ਜੇਕਰ ਕੋਈ ਇੱਕ ਗੱਲ 'ਤੇ ਥੱਪੜ ਮਾਰਦਾ ਹੈ ਤਾਂ ਦੂਜੀ ਗੱਲ ਨੂੰ ਅੱਗੇ ਕਰਨ ਨਾਲ ਆਜ਼ਾਦੀ ਨਹੀਂ ਮਿਲਦੀ। 1947 'ਚ ਤਾਂ ਆਜ਼ਾਦੀ ਭੀਖ ਮੰਗਣ ਨਾਲ ਮਿਲੀ ਸੀ। ਅਸਲ ਆਜ਼ਾਦੀ 2014 'ਚ (ਮੋਦੀ ਸਰਕਾਰ ਆਉਣ ਤੋਂ ਬਾਅਦ) ਮਿਲੀ।
ਇਸ ਸਵਾਲ ਦੇ ਜਵਾਬ 'ਚ ਸੰਜੇ ਰਾਉਤ ਨੇ ਕਿਹਾ, "ਚੀਨ ਸਾਡੀ ਸਰਹੱਦ 'ਚ ਦਾਖਲ ਹੋ ਗਿਆ ਹੈ, ਅਸੀਂ ਕੀ ਕਰ ਰਹੇ ਹਾਂ? ਇਹ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੂੰਹ ਫੇਰਨ ਦੇ ਬਰਾਬਰ ਹੈ। ਕਸ਼ਮੀਰ 'ਚ ਪੰਡਿਤਾਂ ਨੂੰ ਮਾਰਿਆ ਜਾ ਰਿਹਾ ਹੈ, ਬਹੁਤ ਕੁਝ ਹੋ ਰਿਹਾ ਹੈ। ਕੁਝ ਵਿਚਾਰ ਹੋ ਸਕਦੇ ਹਨ ਜਿਨ੍ਹਾਂ ਬਾਰੇ ਸਾਡੇ ਮਤਭੇਦ ਹੋ ਸਕਦੇ ਹਨ। ਬਾਲਾ ਸਾਹਿਬ ਨੇ ਵੀ ਕਈ ਵਾਰ ਉਨ੍ਹਾਂ ਦੀ ਆਲੋਚਨਾ ਕੀਤੀ ਪਰ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੀ ਮੋਹਰੀ ਭੂਮਿਕਾ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਮਹਾਤਮਾ ਗਾਂਧੀ ਸੰਸਾਰ ਦੇ ਹੀਰੋ ਸਨ ਪਰ ਮੋਦੀ ਜੀ ਵੀ ਰਾਜਘਾਟ ਜਾ ਕੇ ਫੁੱਲ ਚੜ੍ਹਾਉਂਦੇ ਹਨ, ਦੁਨੀਆਂ ਤੇ ਦੇਸ਼ ਅੱਜ ਵੀ ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਅਤੇ ਰਹੇਗਾ।"
ਦੇਸ਼ ਨੂੰ ਅਸਲ ਖ਼ਤਰਾ ਨਕਲੀ ਹਿੰਦੂਤਵਵਾਦੀਆਂ ਤੋਂ
ਮਹਾਰਾਸ਼ਟਰ ਬੀਜੇਪੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਬੈਠਕ 'ਚ ਦੇਵੇਂਦਰ ਫੜਨਵੀਸ ਨੇ ਸ਼ਿਵ ਸੈਨਾ ਉੱਤੇ ਹਮਲਾ ਬੋਲਦੇ ਹੋਏ ਕਿਹਾ ਸੀ ਕਿ ਅਮਰਾਵਤੀ, ਨਾਂਦੇੜ ਤੇ ਮਾਲੇਗਾਓਂ ਵਿੱਚ ਹੋਈ ਹਿੰਸਾ ਇੱਕ ਜਾਣਬੁੱਝ ਕੇ ਕੀਤਾ ਗਿਆ ਕਾਰਾ ਹੈ। ਠਾਕਰੇ ਸਰਕਾਰ ਇਸ 'ਚ ਭਾਗੀਦਾਰ ਹੈ। ਹਿੰਦੂਆਂ ਦੀਆਂ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਪਰ ਸ਼ਿਵ ਸੈਨਾ ਅਜ਼ਾਨ ਕਰਨ ਦੀ ਦੌੜ 'ਚ ਹੈ। ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਵੀ ਕਿਹਾ ਸੀ ਕਿ ਬਾਲਾ ਸਾਹਿਬ ਠਾਕਰੇ ਵਾਲੀ ਸ਼ਿਵ ਸੈਨਾ ਨਹੀਂ ਰਹੀ। ਭਾਜਪਾ ਨੇਤਾ ਸੁਧੀਰ ਮੁਨਗੰਟੀਵਾਰ ਨੇ ਕਿਹਾ ਸੀ ਕਿ 24 ਕੈਰੇਟ ਵਾਲੀ ਸ਼ਿਵ ਸੈਨਾ ਨਹੀਂ ਰਹੀ।
ਇਸ ਸਭ ਦਾ ਜਵਾਬ ਦਿੰਦੇ ਹੋਏ ਸੰਜੇ ਰਾਉਤ ਨੇ ਕਿਹਾ, "ਦੇਸ਼ ਨੂੰ ਅਸਲੀ ਖ਼ਤਰਾ ਨਕਲੀ ਹਿੰਦੂਤਵਵਾਦੀਆਂ ਤੋਂ ਹੈ। ਜਦੋਂ ਇਹ ਲੋਕ ਚੋਣਾਂ 'ਚ ਆਉਂਦੇ ਹਨ ਤਾਂ ਇਕ ਵੀ ਮੌਕਾ ਨਹੀਂ ਛੱਡਦੇ ਕਿ ਕਿਤੇ ਦੰਗਾ ਹੋ ਜਾਵੇ, ਮਾਹੌਲ ਬਣ ਜਾਵੇ। ਦੁਸ਼ਹਿਰਾ ਰੈਲੀ 'ਚ ਮੁੱਖ ਮੰਤਰੀ ਊਧਵ ਠਾਕਰੇ ਨੇ ਇਨ੍ਹਾਂ ਨਕਲੀ ਹਿੰਦੂਤਵਵਾਦੀਆਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।"
'ਸੂਬੇ ਦਾ ਹਰ ਨਾਗਰਿਕ ਮੁੱਖ ਮੰਤਰੀ, ਜੇਕਰ ਅਜਿਹਾ ਸਮਝਿਆ ਜਾ ਰਿਹਾ ਤਾਂ ਚੰਗੀ ਗੱਲ'
ਦੇਵੇਂਦਰ ਫੜਨਵੀਸ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਇਸ ਸੂਬੇ 'ਚ ਕੋਈ ਮੁੱਖ ਮੰਤਰੀ ਹੈ ਜਾਂ ਨਹੀਂ, ਪਤਾ ਨਹੀਂ। ਮੰਤਰੀ ਮੰਡਲ ਦਾ ਹਰ ਮੈਂਬਰ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਦਾ ਹੈ। ਮੁੱਖ ਮੰਤਰੀ ਦੀ ਕੋਈ ਨਹੀਂ ਸੁਣਦਾ।
ਇਸ ਦਾ ਜਵਾਬ ਦਿੰਦੇ ਹੋਏ ਸੰਜੇ ਰਾਉਤ ਨੇ ਕਿਹਾ, "ਹਾਂ, ਇਸ ਸੂਬੇ ਦਾ ਹਰ ਨਾਗਰਿਕ ਮੁੱਖ ਮੰਤਰੀ ਹੈ। ਇਹ ਲੋਕਤੰਤਰ ਦੀ ਜਿੱਤ ਹੈ। ਜਿਸ ਤਰ੍ਹਾਂ ਸੂਬੇ ਦਾ ਹਰ ਵਿਅਕਤੀ ਮਹਿਸੂਸ ਕਰਦਾ ਹੈ ਕਿ ਮੈਂ ਮੁੱਖ ਮੰਤਰੀ ਹਾਂ, ਉਸੇ ਤਰ੍ਹਾਂ ਹਰ ਮੰਤਰੀ ਤੇ ਵਿਧਾਇਕ ਨੂੰ ਵੀ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਮੁੱਖ ਮੰਤਰੀ ਹੈ। ਇਹ ਚੰਗੀ ਗੱਲ ਹੈ। ਇਹ ਲੋਕਤੰਤਰ ਦੀ ਜਿੱਤ ਹੈ। ਮੋਦੀ ਜੀ ਦੀ ਕੈਬਨਿਟ 'ਚ ਕੋਈ ਮੰਤਰੀ ਇਹ ਨਹੀਂ ਸੋਚਦਾ ਕਿ ਮੈਂ ਮੰਤਰੀ ਹਾਂ, ਕੋਈ ਸੰਸਦ ਮੈਂਬਰ ਇਹ ਨਹੀਂ ਸੋਚਦਾ ਕਿ ਮੈਂ ਸਾਂਸਦ ਹਾਂ।"