Shraddha Murder Case : ਆਫਤਾਬ ਨੂੰ ਲੈ ਕੇ ਜਾ ਰਹੀ ਪੁਲਿਸ ਵੈਨ 'ਤੇ ਹਮਲਾ, ਹੱਤਿਆਕਾਂਡ 'ਚ ਇਸਤੇਮਾਲ ਕੀਤਾ ਗਿਆ ਹਥਿਆਰ ਬਰਾਮਦ , ਅੱਜ ਵੀ ਹੋਵੇਗਾ ਪੋਲੀਗ੍ਰਾਫ ਟੈਸਟ
Delhi Shraddha Murder Case : ਲਿਵ-ਇਨ ਪਾਰਟਨਰ ਦੀ ਹੱਤਿਆ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਪੋਲੀਗ੍ਰਾਫ ਟੈਸਟ ਸੋਮਵਾਰ (28 ਨਵੰਬਰ) ਨੂੰ ਵੀ ਜਾਰੀ ਰਿਹਾ। ਇਸ ਦੌਰਾਨ ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ 'ਤੇ ਵੀ ਹਮਲਾ ਹੋਇਆ ਹੈ।
Delhi Shraddha Murder Case : ਲਿਵ-ਇਨ ਪਾਰਟਨਰ ਦੀ ਹੱਤਿਆ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਪੋਲੀਗ੍ਰਾਫ ਟੈਸਟ ਸੋਮਵਾਰ (28 ਨਵੰਬਰ) ਨੂੰ ਵੀ ਜਾਰੀ ਰਿਹਾ। ਇਸ ਦੌਰਾਨ ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ 'ਤੇ ਵੀ ਹਮਲਾ ਹੋਇਆ ਹੈ। ਇਹ ਹਮਲਾ ਰੋਹਿਣੀ ਸਥਿਤ ਐਫਐਸਐਲ ਦੇ ਬਾਹਰ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤਾ ਗਿਆ। ਆਫਤਾਬ ਪੂਨਾਵਾਲਾ ਦਾ ਪੋਲੀਗ੍ਰਾਫ ਟੈਸਟ ਮੰਗਲਵਾਰ (29 ਨਵੰਬਰ) ਨੂੰ ਵੀ ਜਾਰੀ ਰਹੇਗਾ। ਜਾਣੋ ਮਾਮਲੇ ਨਾਲ ਜੁੜੀਆਂ ਵੱਡੀਆਂ ਗੱਲਾਂ।
1. ਸੋਮਵਾਰ ਨੂੰ ਆਫਤਾਬ ਪੂਨਾਵਾਲਾ ਦਾ ਪੋਲੀਗ੍ਰਾਫ ਟੈਸਟ ਖਤਮ ਹੋਣ ਤੋਂ ਬਾਅਦ ਪੁਲਿਸ ਉਸ ਨੂੰ ਵਾਪਸ ਲੈ ਕੇ ਜਾ ਰਹੀ ਸੀ। ਫਿਰ ਗੁੱਸੇ ਵਿਚ ਆਈ ਭੀੜ ਨੇ ਰੋਹਿਣੀ ਵਿਚ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਬਾਹਰ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਤਲਵਾਰਾਂ ਸਨ ਅਤੇ ਉਹ ਆਫਤਾਬ ਨੂੰ ਮਾਰਨ ਦੀਆਂ ਗੱਲਾਂ ਕਰ ਰਹੇ ਸਨ।
2. ਸੂਤਰਾਂ ਨੇ ਦੱਸਿਆ ਕਿ ਸ਼ਾਮ ਨੂੰ ਇੱਕ ਕਾਰ ਨੇ ਪੁਲਿਸ ਵੈਨ ਨੂੰ ਓਵਰਟੇਕ ਕੀਤਾ ਅਤੇ ਉਸਨੂੰ ਰੋਕਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਕੁਝ ਲੋਕ ਕਾਰ ਤੋਂ ਹੇਠਾਂ ਉਤਰ ਗਏ ਅਤੇ ਪੂਨਾਵਾਲਾ ਨੂੰ ਲਿਜਾ ਰਹੀ ਵੈਨ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਵੈਨ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ, ਦੋ ਹਮਲਾਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਹਥਿਆਰ ਜ਼ਬਤ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 6.45 ਵਜੇ ਵਾਪਰੀ।
3. ਸੋਮਵਾਰ ਨੂੰ ਸ਼ਰਧਾ ਵਾਕਰ ਦਾ ਪਰਿਵਾਰ ਵੀ ਹੌਜ਼ ਖਾਸ ਸਥਿਤ ਡੀਸੀਪੀ ਦਫਤਰ ਪਹੁੰਚਿਆ। ਹੱਤਿਆ ਦਾ ਖੁਲਾਸਾ ਉਦੋਂ ਹੋਇਆ ਜਦੋਂ ਸ਼ਰਧਾ ਦੇ ਪਿਤਾ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
4. ਦਿੱਲੀ ਪੁਲਿਸ ਨੇ ਸ਼ਰਧਾ ਵਾਕਰ ਦੇ ਸਰੀਰ ਨੂੰ ਕੱਟਣ ਲਈ ਕਥਿਤ ਤੌਰ 'ਤੇ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਹੈ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ 27 ਸਾਲਾ ਵਾਕਰ ਦੀ ਇੱਕ ਅੰਗੂਠੀ ਵੀ ਬਰਾਮਦ ਕੀਤੀ ਹੈ, ਜੋ ਪੂਨਾਵਾਲਾ ਨੇ ਕਥਿਤ ਤੌਰ 'ਤੇ ਕਿਸੇ ਹੋਰ ਔਰਤ ਨੂੰ ਦਿੱਤੀ ਸੀ। ਇੱਕ ਸੂਤਰ ਨੇ ਕਿਹਾ, "ਸ਼ਰਧਾ ਵਾਕਰ ਦੀ ਲਾਸ਼ ਨੂੰ ਕੱਟਣ ਲਈ ਵਰਤਿਆ ਗਿਆ ਹਥਿਆਰ ਪੁਲਿਸ ਨੇ ਬਰਾਮਦ ਕਰ ਲਿਆ ਹੈ।"
5. ਇਸ ਦੌਰਾਨ ਆਫਤਾਬ 'ਤੇ ਹੋਏ ਹਮਲੇ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ। ਇਨ੍ਹਾਂ 'ਚੋਂ ਇਕ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਪੁਲਿਸ ਕਰਮਚਾਰੀ ਤਲਵਾਰਾਂ ਲੈ ਕੇ ਆਏ ਹਮਲਾਵਰਾਂ ਨੂੰ ਖਿੰਡਾਉਣ ਲਈ ਆਪਣਾ ਰਿਵਾਲਵਰ ਕੱਢ ਰਿਹਾ ਹੈ। ਇੱਕ ਕਲਿੱਪ ਵਿੱਚ ਕੁਝ ਹਮਲਾਵਰਾਂ ਨੂੰ ਇਹ ਦਾਅਵਾ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਹਿੰਦੂ ਸੈਨਾ ਨਾਲ ਸਬੰਧਤ ਹਨ ਅਤੇ ਪੂਨਾਵਾਲਾ ਦੇ ਟੁਕੜੇ ਕਰਕੇ ਸ਼ਰਧਾ ਵਾਕਰ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦੇ ਹਨ।
6. ਰੋਹਿਣੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਜੀ. ਐੱਸ. ਸਿੱਧੂ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਅਨੁਸਾਰ ਹਿਰਾਸਤ ਵਿੱਚ ਲਏ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਕੁਲਦੀਪ ਅਤੇ ਨਿਗਮ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
7. ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਕਿਹਾ ਕਿ ਇਨ੍ਹਾਂ ਕਾਰਕੁਨਾਂ ਨੇ ਜੋ ਵੀ ਕੀਤਾ ਹੈ, ਉਹ ਆਪਣੀਆਂ ਨਿੱਜੀ ਭਾਵਨਾਵਾਂ ਤੋਂ ਵੱਧ ਕੇ ਕੀਤਾ ਹੈ। ਪੂਰਾ ਦੇਸ਼ ਜਾਣਦਾ ਹੈ ਕਿ ਪੂਨਾਵਾਲਾ ਨੇ ਹਿੰਦੂ ਕੁੜੀ ਦੇ ਟੁਕੜੇ-ਟੁਕੜੇ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਜਥੇਬੰਦੀ ਅਜਿਹੇ ਕਿਸੇ ਵੀ ਕੰਮ ਦਾ ਸਮਰਥਨ ਨਹੀਂ ਕਰਦੀ, ਜੋ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਹੋਵੇ। ਅਸੀਂ ਕਾਨੂੰਨ ਵਿੱਚ ਵਿਸ਼ਵਾਸ ਰੱਖਦੇ ਹਾਂ।
8. ਇਸ ਤੋਂ ਪਹਿਲਾਂ ਆਫਤਾਬ ਦੇ ਪੋਲੀਗ੍ਰਾਫ ਟੈਸਟ ਬਾਰੇ ਐਫਐਸਐਲ ਦੇ ਅਸਿਸਟੈਂਟ ਡਾਇਰੈਕਟਰ ਸੰਜੀਵ ਗੁਪਤਾ ਨੇ ਕਿਹਾ ਕਿ ਮਾਹਿਰਾਂ ਦੀ ਟੀਮ ਨੇ ਪੋਲੀਗ੍ਰਾਫ ਟੈਸਟ ਕਰਵਾਇਆ। ਅੱਜ ਦਾ ਸੈਸ਼ਨ ਖਤਮ ਹੋ ਗਿਆ ਹੈ। ਸਾਡੇ ਟੈਸਟ ਪੂਰੇ ਹੋਣ ਤੋਂ ਬਾਅਦ ਨਾਰਕੋ ਟੈਸਟ ਕੀਤਾ ਜਾਵੇਗਾ। ਦੂਜੇ ਪਾਸੇ ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਫਤਾਬ ਦਾ ਪੋਲੀਗ੍ਰਾਫ਼ ਟੈਸਟ ਵੀ 29 ਨਵੰਬਰ ਨੂੰ ਕੀਤਾ ਜਾਵੇਗਾ।
9. ਆਫਤਾਬ ਪੂਨਾਵਾਲਾ ਨੇ ਦੱਖਣੀ ਦਿੱਲੀ ਦੇ ਮਹਿਰੌਲੀ 'ਚ ਕਿਰਾਏ ਦੇ ਮਕਾਨ 'ਚ ਸ਼ਰਧਾ ਦਾ ਕਥਿਤ ਤੌਰ 'ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਤੋਂ ਬਾਅਦ 300 ਲੀਟਰ ਦੇ ਫਰਿੱਜ 'ਚ ਕਰੀਬ ਤਿੰਨ ਹਫਤੇ ਰੱਖਿਆ ਅਤੇ ਫਿਰ ਉਨ੍ਹਾਂ ਟੁਕੜਿਆਂ ਨੂੰ ਕੱਟ ਕੇ ਵੱਖ-ਵੱਖ ਹਿੱਸਿਆਂ 'ਚ ਸੁੱਟ ਦਿੱਤਾ। ਸ਼ਰਧਾ ਅਤੇ ਆਫਤਾਬ ਪੂਨਾਵਾਲਾ ਇਸ ਸਾਲ ਮਈ ਮਹੀਨੇ 'ਚ ਮੁੰਬਈ ਤੋਂ ਦਿੱਲੀ ਸ਼ਿਫਟ ਹੋਏ ਸਨ। ਪੁਲਸ ਮੁਤਾਬਕ ਦਿੱਲੀ ਆਉਣ ਤੋਂ ਤਿੰਨ ਦਿਨ ਬਾਅਦ ਦੋਹਾਂ 'ਚ ਵਿਆਹ ਅਤੇ ਖਰਚੇ ਨੂੰ ਲੈ ਕੇ ਲੜਾਈ ਹੋਈ, ਜਿਸ 'ਚ ਆਫਤਾਬ ਨੇ ਸ਼ਰਧਾ ਦਾ ਕਤਲ ਕਰ ਦਿੱਤਾ।
10. ਪੁਲਿਸ ਨੇ ਪੂਨਾਵਾਲਾ ਨੂੰ 12 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਪੰਜ ਦਿਨਾਂ ਲਈ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। 17 ਨਵੰਬਰ ਨੂੰ ਪੁਲਿਸ ਰਿਮਾਂਡ ਵਿੱਚ ਪੰਜ ਦਿਨ ਦਾ ਵਾਧਾ ਕੀਤਾ ਗਿਆ ਸੀ। ਅਦਾਲਤ ਨੇ 22 ਨਵੰਬਰ ਨੂੰ ਮੁੜ ਪੂਨਾਵਾਲਾ ਨੂੰ ਚਾਰ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਫਿਰ 26 ਨਵੰਬਰ ਨੂੰ ਉਸ ਨੂੰ 13 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਪੁਲਿਸ ਨੂੰ ਅਜੇ ਤੱਕ ਸ਼ਰਧਾ ਵਾਕਰ ਦੀ ਖੋਪੜੀ ਅਤੇ ਸਰੀਰ ਦੇ ਹੋਰ ਅੰਗ ਨਹੀਂ ਮਿਲੇ ਹਨ।