ਸਿੱਖ ਕਕਾਰਾਂ ਨਾਲ ਗੁਰਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਿਆ, ਸਿਵਲ ਜੱਜ ਦੀ ਭਰਤੀ ਦਾ ਇਮਤਿਹਾਨ ਦੇਣ ਗਈ ਸੀ, SGPC ਵੱਲੋਂ ਜਤਾਇਆ ਇਤਰਾਜ਼
ਸਿਵਿਲ ਜੱਜ ਦਾ ਇਮਤਿਹਾਨ ਦੇਣ ਪਹੁੰਚੀ ਅੰਮ੍ਰਿਤਧਾਰੀ ਲੜਕੀ ਨੂੰ ਸਿੱਖ ਕਕਾਰਾਂ ਕਰਕੇ ਐਗਜ਼ਾਮ ਦੇਣ ਤੋਂ ਰੋਕ ਦਿੱਤਾ ਗਿਆ, ਉਸ ਨੂੰ ਐਗਜ਼ਾਮ ਹਾਲ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਜਿਸ ਕਰਕੇ SGPC ਵੱਲੋਂ ਇਸ ਮਾਮਲੇ ਦੇ ਵਿੱਚ ਸਖਤ ਸ਼ਬਦਾਂ..

ਰਾਜਸਥਾਨ ਦੇ ਜੈਪੂਰ ਵਿਚ ਇਕ ਅੰਮ੍ਰਿਤਧਾਰੀ ਸਿਖ ਲੜਕੀ ਨੂੰ ਐਗਜਾਮੀਨੇਸ਼ਨ ਹਾਲ ਵਿਚ ਐਂਟਰ ਹੋਣ ਤੋ ਰੋਕਿਆ ਗਿਆ ਹੈ। ਸਿੱਖ ਲੜਕੀ ਦਾ ਨਾਮ ਗੁਰਪ੍ਰੀਤ ਕੌਰ ਹੈ ਜੋ ਕਿ ਸਿਵਲ ਜਜ ਦਾ ਇਮਤਿਹਾਨ ਦੇਣ ਲਈ ਜੈਪੁਰ ਪਹੁੰਚੀ ਸੀ ਅਤੇ ਉਸਨੂੰ ਸਿੱਖ ਕਕਾਰ ਪਹਿਣੇ ਹੋਣ ਕਾਰਨ ਐਗਜਾਮੀਨੇਸ਼ਨ ਹਾਲ ਵਿਚ ਨਹੀਂ ਜਾਣ ਦਿਤਾ ਗਿਆ। ਇਸ ਮਾਮਲੇ ਨੂੰ ਲੈ ਕੇ SGPC ਵਲੋਂ ਆਵਾਜ ਬੁਲੰਦ ਕੀਤੀ ਗਈ ਹੈ । ਇਸ ਤੋਂ ਪਹਿਲਾਂ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਦੋਂ ਰਾਜਸਥਾਨ ਵਿਚ ਸਿੱਖ ਲੜਕੀ ਨੂੰ ਸਿੱਖ ਕਕਾਰ ਪਹਿਨੇ ਹੋਣ ਕਾਰਨ ਪੇਪਰ ਨਹੀਂ ਦੇਣ ਦਿਤਾ ਗਿਆ ਸੀ।
ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਸਖਤ ਸ਼ਬਦਾਂ ਨਾਲ ਕੀਤੀ ਨਿੰਦਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ ਦੀ ਸਿਵਲ ਜੱਜ ਦੀ ਭਰਤੀ ਦਾ ਇਮਤਿਹਾਨ ਦੇਣ ਗਈ ਅੰਮ੍ਰਿਤਧਾਰੀ ਉਮੀਦਵਾਰ ਗੁਰਪ੍ਰੀਤ ਕੌਰ ਵਾਸੀ ਫੇਲੋਕੇ ਜ਼ਿਲ੍ਹਾ ਤਰਨ ਤਾਰਨ ਨੂੰ ਕਿਰਪਾਨ ਪਹਿਨੇ ਹੋਣ ਕਰਕੇ ਦਾਖਲਾ ਨਾ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ, ਇਸ ਨੂੰ ਭਾਰਤੀ ਸੰਵਿਧਾਨ ਦੀ ਵੱਡੀ ਉਲੰਘਣਾ ਅਤੇ ਸਿੱਖਾਂ ਵਿਰੁੱਧ ਨਫ਼ਰਤੀ ਵਿਤਕਰਾ ਕਰਾਰ ਦਿੱਤਾ ਹੈ।
ਉਨ੍ਹਾਂ ਸਖਤ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਦਿਆਂ ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਸਵਾਲ ਕੀਤਾ ਕਿ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਦੱਸਣ ਵਾਲੀ ਭਾਜਪਾ ਦੱਸੇ ਕਿ ਉਹ ਕਿਵੇਂ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੁਨੀਆ ਅੰਦਰ ਕਿਸ ਨੂੰ ਨਹੀਂ ਪਤਾ ਕਿ ਅੰਮ੍ਰਿਤਧਾਰੀ ਸਿੱਖ ਕਕਾਰ ਵਜੋਂ ਕਿਰਪਾਨ ਪਾਉਂਦੇ ਹਨ, ਲੇਕਿਨ ਦੇਸ਼ ਅੰਦਰ ਵਾਰ-ਵਾਰ ਸਿੱਖਾਂ ਨੂੰ ਉਨ੍ਹਾਂ ਦੀ ਵੱਖਰੀ ਪਛਾਣ ਅਤੇ ਧਾਰਮਿਕ ਅਕੀਦਿਆਂ ਕਾਰਨ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਦੀ ਭਰਤੀ ਵੇਲੇ ਸਿੱਖਾਂ ਨਾਲ ਵਿਤਕਰੇ ਦੇ ਮਾਮਲੇ ਜੈਪੁਰ ਤੇ ਜੋਧਪੁਰ ਤੋਂ ਸਾਹਮਣੇ ਆਏ ਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਨੇ ਇਸ ਸਬੰਧੀ ਸਰਕਾਰ ਨਾਲ ਲਿਖਤੀ-ਪੜ੍ਹੀ ਵੀ ਕੀਤੀ ਸੀ, ਇਸ ਦੇ ਬਾਵਜੂਦ ਇਸ ਸਾਲ ਫਿਰ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ ਇਮਤਿਹਾਨ ਵਿੱਚ ਦਾਖਲੇ ਤੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਦੀ ਵਿਆਖਿਆ 1 ਵਿੱਚ ਸਪੱਸ਼ਟ ਦਰਜ ਹੈ ਕਿ ਸਿੱਖ ਧਰਮ ਵਿੱਚ ਕਿਰਪਾਨ ਪਹਿਨਣਾ ਸ਼ਾਮਲ ਹੈ, ਇਸ ਦੇ ਬਾਵਜੂਦ ਸੰਵਿਧਾਨ ਦੀ ਰਾਖੀ ਕਰਨ ਵਾਲੀ ਅਦਾਲਤ ਦੀ ਪ੍ਰੀਖਿਆ ਵਿੱਚ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















