ਟਰੰਪ ਦੇ ਟੈਰਿਫ਼ ਵਾਰ 'ਤੇ ਮਾਸਟਰਸਟ੍ਰੋਕ; ਰੂਸ ਨੇ ਦੋਸਤ ਲਈ ਖੋਲ੍ਹੇ ਸਾਰੇ ਦਰਵਾਜ਼ੇ, ਭਾਰਤ ਨੇ ਵੀ ਰੂਸੀ ਕੰਪਨੀਆਂ ਲਈ ਕੀਤਾ ਵੱਡਾ ਐਲਾਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਰੂਸ ਦੀ ਮਜ਼ਬੂਤ ਦੋਸਤੀ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭਾਰਤ ਨੇ ਸਾਬਤ ਕਰ ਦਿੱਤਾ ਕਿ ਦੇਸ਼ਹਿੱਤ ਲਈ ਉਹ ਕਿਸੇ ਅੱਗੇ ਨਹੀਂ ਝੁਕੇਗਾ। ਟਰੰਪ ਨੇ ਭਾਰਤ 'ਤੇ 50% ਤੱਕ ਟੈਰਿਫ਼ ਲਗਾ...

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਰੂਸ ਦੀ ਮਜ਼ਬੂਤ ਦੋਸਤੀ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭਾਰਤ ਨੇ ਸਾਬਤ ਕਰ ਦਿੱਤਾ ਕਿ ਦੇਸ਼ਹਿੱਤ ਲਈ ਉਹ ਕਿਸੇ ਅੱਗੇ ਨਹੀਂ ਝੁਕੇਗਾ। ਟਰੰਪ ਨੇ ਭਾਰਤ 'ਤੇ 50% ਤੱਕ ਟੈਰਿਫ਼ ਲਗਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਰਤ ਝੁਕਿਆ ਨਹੀਂ। ਉਲਟ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਸ ਮੌਕੇ ਨੂੰ ਇੱਕ ਕੂਟਨੀਤਿਕ ਮਾਸਟਰਸਟ੍ਰੋਕ ਵਿੱਚ ਬਦਲਦਿਆਂ ਰੂਸ ਨੂੰ ਭਾਰਤ ਨਾਲ ਵਪਾਰਕ ਰਿਸ਼ਤੇ ਮਜ਼ਬੂਤ ਕਰਨ ਦਾ ਸੱਦਾ ਦੇ ਦਿੱਤਾ।
ਰੂਸੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ
ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ 4 ਟ੍ਰਿਲੀਅਨ ਡਾਲਰ ਤੋਂ ਵੱਧ ਜੀ.ਡੀ.ਪੀ. ਅਤੇ 7% ਦੀ ਤੇਜ਼ ਵਾਧੇ ਦੀ ਦਰ ਰੂਸੀ ਨਿਵੇਸ਼ਕਾਂ ਲਈ ਸ਼ਾਨਦਾਰ ਮੌਕਾ ਹੈ। ਉਨ੍ਹਾਂ ਨੇ ਰੂਸ ਦੀਆਂ ਕੰਪਨੀਆਂ ਨੂੰ ਕਿਹਾ ਕਿ ਭਾਰਤ ਵਿੱਚ ਖਾਦ, ਰਸਾਇਣ, ਮਸ਼ੀਨਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਸਹਿਯੋਗ ਦੀ ਬੇਹੱਦ ਸੰਭਾਵਨਾ ਹੈ। ਭਾਰਤ ਦਾ ਆਧੁਨਿਕੀਕਰਨ ਅਤੇ ਸ਼ਹਿਰੀਕਰਨ ਨਵੀਆਂ ਮੰਗਾਂ ਪੈਦਾ ਕਰ ਰਹੇ ਹਨ। ‘ਮੇਕ ਇਨ ਇੰਡੀਆ’ ਵਰਗੀਆਂ ਪਹਿਲਾਂ ਵਿਦੇਸ਼ੀ ਕਾਰੋਬਾਰੀਆਂ ਲਈ ਨਵੇਂ ਦਰਵਾਜ਼ੇ ਖੋਲ੍ਹ ਰਹੀਆਂ ਹਨ। ਇਹ ਰੂਸੀ ਕੰਪਨੀਆਂ ਲਈ ਭਾਰਤੀ ਸਾਥੀਆਂ ਨਾਲ ਜੁੜਨ ਦਾ ਸੁਨਹਿਰਾ ਸਮਾਂ ਹੈ।
ਭਾਰਤ-ਰੂਸ ਦੀ ‘ਯਾਰੀ’ ਅਤੇ ਵਪਾਰ ਦੀ ਚੁਣੌਤੀ
ਵਿਦੇਸ਼ ਮੰਤਰੀ ਨੇ ਭਾਰਤ-ਰੂਸ ਸੰਬੰਧਾਂ ਨੂੰ ਦੁਨੀਆ ਦੇ ਸਭ ਤੋਂ ਸਥਿਰ ਰਿਸ਼ਤਿਆਂ ਵਿੱਚੋਂ ਇੱਕ ਕਰਾਰ ਦਿੱਤਾ। ਹਾਲਾਂਕਿ ਉਨ੍ਹਾਂ ਇਹ ਵੀ ਮੰਨਿਆ ਕਿ ਦੋਵੇਂ ਦੇਸ਼ਾਂ ਦਾ ਵਪਾਰ ਅਜੇ ਵੀ ਸੀਮਿਤ ਅਤੇ ਅਸੰਤੁਲਿਤ ਹੈ। ਜੈਸ਼ੰਕਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਕਾਰੋਬਾਰ ਤਾਂ ਵਧਿਆ ਹੈ, ਪਰ ਵਪਾਰ ਘਾਟਾ ਵੀ ਵਧਿਆ ਹੈ, ਇਸ ਲਈ ਹੁਣ ਲੋੜ ਹੈ ਕਿ ਦੋਵੇਂ ਦੇਸ਼ ਵਪਾਰ ਨੂੰ ਵਿਭਿੰਨ ਅਤੇ ਸੰਤੁਲਿਤ ਕਰਨ ਤਾਂ ਜੋ ਆਰਥਿਕ ਭਾਗੀਦਾਰੀ ਰਿਸ਼ਤਿਆਂ ਦੀ ਮਜ਼ਬੂਤੀ ਦੇ ਬਰਾਬਰ ਹੋ ਸਕੇ।
ਮੁਸ਼ਕਿਲ ਸਮੇਂ ਵਿੱਚ ਰੂਸ ਦਾ ਸਮਰਥਨ
ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਰੂਸੀ ਦੂਤਘਰ ਦੇ ਇੰਚਾਰਜ ਰੋਮਨ ਬਾਬੁਸ਼ਕਿਨ ਨੇ ਸਪੱਸ਼ਟ ਕਿਹਾ ਕਿ ਜੇਕਰ ਭਾਰਤੀ ਉਤਪਾਦਾਂ ਨੂੰ ਅਮਰੀਕੀ ਬਾਜ਼ਾਰ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਰੂਸ ਭਾਰਤੀ ਨਿਰਯਾਤ ਦਾ ਸੁਆਗਤ ਕਰੇਗਾ। ਉਨ੍ਹਾਂ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਤਾਕਤਾਂ “ਨਵ-ਉਪਨਿਵੇਸ਼ਵਾਦੀ ਸੋਚ” ਨਾਲ ਕੰਮ ਕਰਦੀਆਂ ਹਨ ਅਤੇ ਸਿਰਫ਼ ਆਪਣੇ ਫਾਇਦੇ ਨੂੰ ਵੇਖਦੀਆਂ ਹਨ। “ਭਾਰਤ ਦੇ ਖਿਲਾਫ਼ ਟੈਰਿਫ ਅਤੇ ਦਬਾਅ ਅਨੁਚਿਤ ਅਤੇ ਇਕਪਾਸੜ ਹਨ। ਰੂਸ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਭਾਰਤ ਸਭ ਤੋਂ ਵੱਡਾ ਖਪਤਕਾਰ। ਇਕਪਾਸੜ ਫੈਸਲੇ ਸਪਲਾਈ ਚੇਨ ਅਤੇ ਊਰਜਾ ਸੁਰੱਖਿਆ ਦੋਵਾਂ ਲਈ ਖਤਰਨਾਕ ਹਨ।
ਭਾਰਤ ਦਾ ਸਪਸ਼ਟ ਸੰਦੇਸ਼
ਭਾਰਤ ਸਰਕਾਰ ਪਹਿਲਾਂ ਹੀ ਟਰੰਪ ਦੇ ਟੈਰਿਫ਼ ਨੂੰ “ਅਨੁਚਿਤ ਅਤੇ ਗਲਤ” ਕਰਾਰ ਦੇ ਚੁੱਕੀ ਹੈ। ਇਨਾ ਹੀ ਨਹੀਂ, ਇਸ ਵਿਵਾਦ ਕਾਰਨ 25 ਅਗਸਤ ਨੂੰ ਹੋਣ ਵਾਲੀ ਭਾਰਤ-ਅਮਰੀਕਾ ਟਰੇਡ ਡੀਲ ਵੀ ਰੱਦ ਹੋ ਗਈ। ਹੁਣ ਭਾਰਤ ਨੇ ਇਹ ਸੰਦੇਸ਼ ਦੇ ਦਿੱਤਾ ਹੈ ਕਿ ਉਹ ਨਾ ਸਿਰਫ਼ ਅਮਰੀਕੀ ਦਬਾਅ ਦਾ ਮੁਕਾਬਲਾ ਕਰੇਗਾ, ਸਗੋਂ ਰੂਸ ਵਰਗੇ ਪੁਰਾਣੇ ਰਣਨੀਤਿਕ ਸਾਥੀਆਂ ਨਾਲ ਮਿਲ ਕੇ ਨਵੀਂ ਆਰਥਿਕ ਦਿਸ਼ਾ ਵੀ ਤੈਅ ਕਰੇਗਾ।






















