ਟੂਲਕਿਟ ਕੇਸ: ਦਿੱਲੀ ਪੁਲਿਸ ਦੇ ਛਾਪੇ ਮਗਰੋਂ ਟਵਿਟਰ ਦੇ ਕਰਮਚਾਰੀਆਂ ਨੂੰ ਖਤਰਾ! ਸੁਰੱਖਿਆ ਨੂੰ ਲੈ ਕੇ ਫਿਕਰਮੰਦ
ਨਾਲ ਹੀ ਕੰਪਨੀ ਦੇ ਬੁਲਾਰੇ ਨੇ ਕਿਹਾ, ਸਾਡੇ ਵਿਸ਼ਵ ਨਿਯਮਾਂ ਤੇ ਸਰਵਿਸ ਦੀਆਂ ਮੱਦਾਂ ਨੂੰ ਲਾਗੂ ਕਰਨ ਉੱਤੇ ਦੁਨੀਆ ਭਰ ’ਚ ਪੁਲਿਸ ਸਾਡੇ ਉੱਤੇ ਧਮਕੀ ਭਰੇ ਹਥਕੰਡੇ ਅਪਣਾਉਂਦੀ ਹੈ। ਇਸ ਤੋਂ ਸਾਡੇ ਨਾਲ ਭਾਰਤ ਤੇ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਮੌਜੂਦ ਹੋਰ ਸਿਵਲ ਸੁਸਾਇਟੀ ਵੀ ਚਿੰਤਤ ਹੈ।
ਨਵੀਂ ਦਿੱਲੀ: ਟਵਿਟਰ ਕੰਪਨੀ (Twitter) ਨੇ ਅੱਜ ਵੀਰਵਾਰ ਨੂੰ ਕਿਹਾ ਹੈ ਕਿ ਉਹ ਭਾਰਤ ’ਚ ਆਪਣੇ ਕਰਮਚਾਰੀਆਂ (Twitter Employee in India) ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਬੀਤੇ ਦਿਨੀਂ ਟਵਿਟਰ ਨੇ ਆਪਣੇ ਪਲੇਟਫ਼ਾਰਮ ਉੱਤੇ ਪਾਈਆਂ ਕੁਝ ਪੋਸਟਸ ਨੂੰ ‘ਮੈਨੂਪੁਲੇਟਡ ਮੀਡੀਆ’ ਭਾਵ ‘ਤੱਥਾਤਮਕ ਤੌਰ ’ਤੇ ਗ਼ਲਤ’ ਦੱਸਿਆ ਸੀ। ਉਨ੍ਹਾਂ ਵਿੱਚੋਂ ਕੁਝ ਪੋਸਟਸ (ਟਵੀਟਸ) ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਤੇ ਹੋਰ ਆਗੂਆਂ ਦੀ ਸਨ। ਦਿੱਲੀ ਪੁਲਿਸ (Delhi Police) ਇਸ ਮਾਮਲੇ ਦੀ ਜਾਂਚ ਲਈ ਨੋਟਿਸ ਦੇਣ ਵਾਸਤੇ ਸੋਮਵਾਰ ਨੂੰ ਟਵਿਟਰ (Twitter Office) ਦੇ ਦਫ਼ਤਰ ਪੁੱਜੀ ਸੀ; ਜਿਸ ਤੋਂ ਬਾਅਦ ਕੰਪਨੀ ਨੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ (Twitter Employee Safety) ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਟਵਿਟਰ ਦੇ ਬੁਲਾਰੇ ਅਨੁਸਾਰ, ਇਸ ਵੇਲੇ ਜਿਹੜੇ ਵੀ ਘਟਨਾਕ੍ਰਮ ਸਾਹਮਣੇ ਆਏ ਹਨ, ਉਨ੍ਹਾਂ ਦੇ ਚੱਲਦਿਆਂ ਅਸੀਂ ਭਾਰਤ ’ਚ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਹਾਂ। ਨਾਲ ਹੀ ਅਸੀਂ ਜਿਹੜੇ ਲੋਕਾਂ ਨੂੰ ਸੇਵਾ ਮੁਹੱਈਆ ਕਰਵਾਉਂਦੇ ਹਾਂ, ਉਸ ਨਾਲ ਉਨ੍ਹਾਂ ਦੇ ਪ੍ਰਗਟਾਵੇ ਦੇ ਅਧਿਕਾਰ ਨੂੰ ਵੀ ਖ਼ਤਰਾ ਹੋ ਸਕਦਾ ਹੈ।
ਨਾਲ ਹੀ ਕੰਪਨੀ ਦੇ ਬੁਲਾਰੇ ਨੇ ਕਿਹਾ, ਸਾਡੇ ਵਿਸ਼ਵ ਨਿਯਮਾਂ ਤੇ ਸਰਵਿਸ ਦੀਆਂ ਮੱਦਾਂ ਨੂੰ ਲਾਗੂ ਕਰਨ ਉੱਤੇ ਦੁਨੀਆ ਭਰ ’ਚ ਪੁਲਿਸ ਸਾਡੇ ਉੱਤੇ ਧਮਕੀ ਭਰੇ ਹਥਕੰਡੇ ਅਪਣਾਉਂਦੀ ਹੈ। ਇਸ ਤੋਂ ਸਾਡੇ ਨਾਲ ਭਾਰਤ ਤੇ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਮੌਜੂਦ ਹੋਰ ਸਿਵਲ ਸੁਸਾਇਟੀ ਵੀ ਚਿੰਤਤ ਹੈ। ਟਵਿਟਰ ਨੇ ਭਾਵੇਂ ਸਿੱਧੇ ਤੌਰ ’ਤੇ ਇਹ ਜ਼ਾਹਿਰ ਨਹੀਂ ਕੀਤਾ ਕਿ ਉਸ ਦਾ ਇਹ ਬਿਆਨ ਦਿੱਲੀ ਪੁਲਿਸ ਦੀ ਕਾਰਵਾਈ ਨਾਲ ਸਬੰਧਤ ਹੈ।
ਦੱਸ ਦੇਈਏ ਕਿ ਦਿੱਲੀ ਪੁਲਿਸ ਟੂਲਕਿਟ ਮਾਮਲੇ ’ਚ ਟਵਿਟਰ ਨੂੰ ਨੋਟਿਸ ਦੇਣ ਲਈ ਸੋਮਵਾਰ ਨੂੰ ਟਵਿਟਰ ਦੇ ਦਫ਼ਤਰ ਪੁੱਜੀ ਸੀ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹ ਇੱਕ ਸ਼ਿਕਾਇਤ ’ਤੇ ਜਾਂਚ ਕਰ ਰਹੀ ਹੈ; ਜਿਸ ਵਿੱਚ ਸੰਬਿਤ ਪਾਤਰਾ ਦੇ ਟਵੀਟ ਨੂੰ ‘ਮੈਨੂਪੁਲੇਟਿਵ’ ਵਜੋਂ ਫ਼ਲੈਗ ਕਰਨ ਬਾਰੇ ਸਫ਼ਾਈ ਮੰਗੀ ਗਈ ਹੈ। ਪੁਲਿਸ ਅਨੁਸਾਰ ਲੱਗਦਾ ਹੈ ਕਿ ਟਵਿਟਰ ਕੋਲ ਅਜਿਹੀ ਕੋਈ ਜਾਣਕਾਰੀ ਹੈ, ਜੋ ਸਾਡੇ ਕੋਲ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੇ ਸੰਬਿਤ ਪਾਤਰਾ ਦੇ ਟਵੀਟ ਨੂੰ ‘ਮੈਨੂਪੁਲੇਟਡ’ ਕਰਾਰ ਦਿੱਤਾ ਸੀ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਟੂਲਕਿਟ ਵਿਵਾਦ ਉੱਤੇ ਸੰਬਿਤ ਪਾਤਰਾ ਤੇ ਹੋਰਨਾਂ ਆਗੂਆਂ ਦੇ ਟਵੀਟਸ ਲਈ ‘Manipulated Media’ ਟੈਗ ਦੀ ਵਰਤੋਂ ਕਰਨ ਉੱਤੇ ਟਵਿਟਰ ਉੱਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਸੂਤਰਾਂ ਅਨੁਸਾਰ ਟਵਿਟਰ ਨੂੰ ਇਹ ਟੈਗ ਹਟਾਉਣ ਲਈ ਆਖਿਆ ਗਿਆ ਹੈ ਕਿਉਂਕਿ ਇਹ ਮਾਮਲਾ ਇਨਫ਼ੋਰਸਮੈਂਟ ਏਜੰਸੀ ਕੋਲ ਮੁਲਤਵੀ ਪਿਆ ਹੈ।
ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦੇ ਇਲੈਕਟ੍ਰੌਨਿਕਸ ਤੇ ਆਈਟਾ ਮੰਤਰਾਲੇ ਨੇ ਟਵਿਟਰ ਨੂੰ ਭੇਜੇ ਆਪਣੇ ਸੰਦੇਸ਼ ’ਚ ਕਿਹਾ ਸੀ ਕਿ ਸਬੰਧਤ ਧਿਰਾਂ ਵਿੱਚੋਂ ਇੱਕ ਨੇ ਸਥਾਨਕ ਕਾਨੂੰਨ ਏਜੰਸੀ ਸਾਹਵੇਂ ਟੂਲਕਿਟ ਦੀ ਸੱਚਾਈ ਉੱਤੇ ਸੁਆਲ ਉਠਾਉਂਦਿਆਂ ਸ਼ਿਕਾਇਤ ਕੀਤੀ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ; ਜਦ ਕਿ ਸਥਾਨਕ ਕਾਨੂੰਨੀ ਏਜੰਸੀ ‘ਟੂਲਕਿਟ’ ਦੀ ਸੱਚਾਈ ਨਿਰਧਾਰਤ ਕਰਨ ਲਈ ਜਾਂਚ ਕਰ ਰਹੀ ਹੈ। ਟਵਿਟਰ ਨੇ ਇਸ ਮਾਮਲੇ ਵਿੱਚ ਇੱਕਤਰਫ਼ਾ ਨਤੀਜਾ ਕੱਢਿਆ ਹੈ ਅਤੇ ਮਨਮਰਜ਼ੀ ਨਾਲ ਇਸ ਨੂੰ ‘Manipulated Media’ ਵਜੋਂ ਟੈਗ ਕੀਤਾ ਹੈ।
ਇਹ ਵੀ ਪੜ੍ਹੋ: Attack on Farmers: ਸਿੰਘੂ ਬਾਰਡਰ ’ਤੇ ਕਿਸਾਨਾਂ ਉੱਪਰ ਹਮਲਾ: ਹਾਈਕੋਰਟ ਵੱਲੋਂ ਕੇਂਦਰ ਤੇ ਦਿੱਲੀ ਸਰਕਾਰ ਤੋਂ ਰਿਪੋਰਟ ਤਲਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin