Punjab News: ਕਾਂਗਰਸ 'ਚ ਘਮਸਾਣ! ਰੰਧਾਵਾ–ਸਿੱਧੂ ਹੁਣ ਅਦਾਲਤ 'ਚ ਹੋਣਗੇ ਆਹਮਣੇ–ਸਾਹਮਣੇ, ਜਾਣੋ ਪੂਰਾ ਮਾਮਲਾ ਹੈ ਕੀ?
ਨਵਜੋਤ ਕੌਰ ਸਿੱਧੂ ਵੱਲੋਂ 500 ਕਰੋੜ ਰੁਪਏ ’ਚ ਸੀ.ਐਮ. ਦੀ ਕੁਰਸੀ ਵਾਲਾ ਬਿਆਨ ਦੇਣ ਤੋਂ ਬਾਅਦ ਕਾਂਗਰਸ 'ਚ ਘਮਸਾਣ ਮਚਿਆ ਹੋਇਆ ਹੈ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਅੰਦਰ ਦਾ ਕਾਟੋ-ਕਲੇਸ਼ ਜੱਗ ਜ਼ਾਹਿਰ ਹੋ ਗਿਆ ਹੈ। ਹੁਣ ਇਹ ਦੋ ਨਾਮੀ ਨੇਤਾ ਕੋਰਟ

ਨਵਜੋਤ ਕੌਰ ਸਿੱਧੂ ਵੱਲੋਂ 500 ਕਰੋੜ ਰੁਪਏ ’ਚ CM ਦੀ ਕੁਰਸੀ ਵਾਲਾ ਬਿਆਨ ਦੇਣ ਤੋਂ ਬਾਅਦ ਕਾਂਗਰਸ 'ਚ ਘਮਸਾਣ ਮਚਿਆ ਹੋਇਆ ਹੈ। ਬਿਆਨ ਤੋਂ ਬਾਅਦ ਵੀ ਨਵਜੋਤ ਕੌਰ ਸਿੱਧੂ ਲਗਾਤਾਰ ਕਾਂਗਰਸੀ ਨੇਤਾਵਾਂ ’ਤੇ ਗੰਭੀਰ ਇਲਜ਼ਾਮ ਲਗਾਉਂਦੀ ਰਹੀ। ਇਨ੍ਹਾਂ ਵਿਚ ਉਹਨਾਂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਵੀ ਕਈ ਦੋਸ਼ ਲਗਾਏ, ਜਿਨ੍ਹਾਂ ਤੋਂ ਨਾਰਾਜ਼ ਹੋ ਕੇ ਰੰਧਾਵਾ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ।
ਸੁਖਜਿੰਦਰ ਸਿੰਘ ਰੰਧਾਵਾ ਨਾਰਾਜ਼, ਭੇਜਿਆ ਕਾਨੂੰਨੀ ਨੋਟਿਸ
ਜਾਣਕਾਰੀ ਮੁਤਾਬਕ ਨਵਜੋਤ ਕੌਰ ਸਿੱਧੂ ਨੇ ਰੰਧਾਵਾ ਦੇ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ, ਪਰ ਰੰਧਾਵਾ ਉਸ ਨਾਲ ਸੰਤੁਸ਼ਟ ਨਹੀਂ ਹਨ। ਰੰਧਾਵਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਨਵਜੋਤ ਕੌਰ ਸਿੱਧੂ ਨਾਲ ਗੱਲ ਅਦਾਲਤ ਵਿਚ ਹੀ ਹੋਵੇਗੀ। ਮੁਆਫੀ ਦਾ ਕੋਈ ਸਵਾਲ ਹੀ ਨਹੀਂ। ਇਹ ਹੁਣ ਸੁਖਜਿੰਦਰ ਰੰਧਾਵਾ ਦੀ ਪੱਗ ਅਤੇ ਅਣਖ ਦਾ ਮਾਮਲਾ ਬਣ ਗਿਆ ਹੈ। ਰੰਧਾਵਾ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਕਾਂਗਰਸ ਵਿੱਚ ਚੱਲ ਰਿਹਾ ਇਹ ਘਮਸਾਨ ਹੁਣੇ ਰੁਕਣ ਵਾਲਾ ਨਹੀਂ।
ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸੂਬੇ 'ਚ ਇਸ ਵੇਲੇ ਜ਼ਿਲ੍ਹਾ ਪਾਰਿਸ਼ਦ ਦੇ ਚੋਣ ਹੋ ਰਹੇ ਹਨ ਅਤੇ ਆਪ ਸਰਕਾਰ ਦੀ ਗੁੰਡਾਗਰਦੀ ਪੂਰੇ ਪੰਜਾਬ ’ਚ ਵੱਡਾ ਮੁੱਦਾ ਬਣਿਆ ਹੋਇਆ ਸੀ। ਇਸੇ ਦਰਮਿਆਨ ਨਵਜੋਤ ਕੌਰ ਸਿੱਧੂ ਗਵਰਨਰ ਨੂੰ ਮਿਲ ਕੇ ਆਉਂਦੇ ਨੇ ਅਤੇ ਇੱਕ ਬਿਆਨ ਦੇ ਕੇ ਸਾਰੇ ਸੂਬੇ ਦਾ ਨੈਰੇਟਿਵ ਬਦਲ ਦਿਤਾ। ਰੰਧਾਵਾ ਦੇ ਮੁਤਾਬਕ, ਉਨ੍ਹਾਂ ਨੂੰ ਚਾਹੀਦਾ ਸੀ ਕਿ ਗਵਰਨਰ ਕੋਲ ਜਾ ਕੇ ਪੰਜਾਬ ’ਚ ਚੱਲ ਰਹੇ ਹਾਲਾਤਾਂ ’ਤੇ ਗੱਲ ਕਰਦੀਆਂ, ਪਰ ਉਨ੍ਹਾਂ ਨੇ ਤਾਂ ਕੁਝ ਹੋਰ ਹੀ ਕਰ ਦਿੱਤਾ।
2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੀ ਇਹੀ ਕੀਤਾ ਸੀ
ਕਾਂਗਰਸ ਨੇ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਾਇਆ, ਪਰ 2021 ਵਿੱਚ ਪ੍ਰਧਾਨ ਰਹਿੰਦੇ ਹੋਏ ਸਿੱਧੂ ਨੇ ਵੀ ਅਜਿਹੇ ਹੀ ਬਿਆਨ ਦਿੱਤੇ ਅਤੇ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾਉਂਦੇ ਰਹੇ। ਨਤੀਜਾ ਇਹ ਨਿਕਲਿਆ ਕਿ 2022 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਹਾਰ ਮਿਲੀ।
ਸੇਵਾ ਸੀਐਮ ਬਣਨ ਨਾਲ ਨਹੀਂ, ਕੰਮ ਕਰਨ ਨਾਲ ਹੁੰਦੀ ਹੈ
ਰੰਧਾਵਾ ਨੇ ਨਵਜੋਤ ਕੌਰ ਸਿੱਧੂ ਦੇ ਉਸ ਬਿਆਨ ’ਤੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਜੇ ਉਹਨਾਂ ਨੂੰ ਸੀਐਮ ਐਲਾਨਿਆ ਗਿਆ ਤਾਂ ਹੀ ਉਹ ਪਾਰਟੀ ਲਈ ਕੰਮ ਕਰਣਗੇ। ਰੰਧਾਵਾ ਨੇ ਕਿਹਾ ਕਿ ਸੀਐਮ ਬਣ ਕੇ ਸੇਵਾ ਨਹੀਂ ਹੁੰਦੀ, ਸੇਵਾ ਤਾਂ ਕੰਮ ਕਰਨ ਨਾਲ ਹੁੰਦੀ ਹੈ। ਸੀਐਮ ਬਣਨ ਨਾਲ ਤਾਂ ਮੇਵਾ ਮਿਲਦਾ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਨਵਜੋਤ ਕੌਰ ਸਿੱਧੂ ਨੇ ਨੋਟਿਸ ਦੇ ਜਵਾਬ ਵਿੱਚ ਪੁਰਾਣੇ ਅਖਬਾਰਾਂ ਦੀਆਂ ਕਟਿੰਗਾਂ ਲਗਾਈਆਂ ਹਨ। ਉਹ ਕਟਿੰਗਾਂ 2008 ਅਤੇ 2014 ਦੀਆਂ ਹਨ, ਅਤੇ ਉਹ ਵੀ ਕਰਨਾਟਕ ਅਤੇ ਬਿਹਾਰ ਦੇ ਅਖਬਾਰਾਂ ਦੀਆਂ। ਰੰਧਾਵਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਕਟਿੰਗਾਂ ਵਿੱਚ ਕਿਤੇ ਵੀ ਰੰਧਾਵਾ ਦਾ ਨਾਮ ਨਹੀਂ। ਰੰਧਾਵਾ ਨੇ ਸਪਸ਼ਟ ਕਿਹਾ ਕਿ ਹੁਣ ਉਹ ਕੋਰਟ ਵਿੱਚ ਹੀ ਜਵਾਬ ਦੇਣਗੇ।
ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਪੁੱਛੇ ਸਵਾਲ:
ਰਾਹੁਲ ਗਾਂਧੀ ਨੇ ਤੁਹਾਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ, ਕੀ ਉਸ ਵੇਲੇ ਪੈਸੇ ਲਏ ਸੀ?
ਤੁਸੀਂ ਕਹਿੰਦੀ ਹੋ ਕਿ ਅਨਿਲ ਜੋਸ਼ੀ ਨੂੰ ਜਵਾਈਨ ਕਰਵਾਉਂਦੇ ਸਮੇਂ ਪੈਸੇ ਲਏ ਗਏ, ਤਾਂ ਕੀ ਤੁਸੀਂ ਖੁਦ ਜਵਾਈਨ ਕਰਦਿਆਂ ਪੈਸੇ ਦਿੱਤੇ ਸਨ?
ਤੁਹਾਨੂੰ ਸਰਕਾਰ ਵਿੱਚ ਨੰਬਰ–2 ਮੰਤਰੀ ਬਣਾਇਆ ਗਿਆ, ਬੈਸਟ ਡਿਪਾਰਟਮੈਂਟ — ਲੋਕਲ ਬਾਡੀਜ਼ ਅਤੇ ਟੂਰਿਜ਼ਮ ਡਿਪਾਰਟਮੈਂਟ — ਦਿੱਤਾ ਗਿਆ, ਕੀ ਉਸ ਵੇਲੇ ਪੈਸੇ ਲਏ ਗਏ ਸਨ?
ਤੁਸੀਂ ਪੂਰੀ ਕਾਂਗਰਸ ਨੂੰ ਘੇਰੇ ਵਿੱਚ ਖੜ੍ਹਾ ਕਰ ਦਿੱਤਾ… ਆਖ਼ਿਰ ਤੁਸੀਂ ਕਰਨਾ ਕੀ ਚਾਹੁੰਦੇ ਹੋ?
ਬਿਆਨਾਂ ਨਾਲ ਕੋਈ ਦੁੱਖ ਨਹੀਂ ਹੁੰਦਾ — ਰੰਧਾਵਾ
ਰੰਧਾਵਾ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਜਿਹੇ ਬਿਆਨ ਦਿੱਤੇ, ਉਹਨਾਂ ਨਾਲ ਉਹਨਾਂ ਨੂੰ ਕੋਈ ਦੁੱਖ ਨਹੀਂ। ਰਾਜਨੀਤੀ ਵਿੱਚ ਬਿਆਨਾਂ ਨਾਲ ਕਦੇ ਦੁੱਖ ਨਹੀਂ ਹੁੰਦਾ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਮਾਤਾ–ਪਿਤਾ ਅਤੇ ਉਹਨਾਂ ਦੇ ਮਾਤਾ–ਪਿਤਾ ਦੇ ਚੰਗੇ ਸੰਬੰਧ ਸਨ।
ਦੁੱਖ ਇਸ ਗੱਲ ਦਾ ਹੈ…
ਰੰਧਾਵਾ ਨੇ ਕਿਹਾ ਕਿ ਉਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਜੋ ਗੱਲਾਂ ਉਹ ਅਤੇ ਸਿੱਧੂ ਇਕੱਠੇ ਖੜ੍ਹ ਕੇ ਕਰਦੇ ਰਹੇ, ਜੋ ਨਾਲ–ਨਾਲ ਚੱਲਦੇ ਰਹੇ, ਅੱਜ ਉਹਨਾਂ 'ਤੇ ਹੀ ਇਲਜ਼ਾਮ ਲਗਾਏ ਜਾ ਰਹੇ ਹਨ। ਦੋਸਤੀ ਵਿੱਚ ਕਈ ਵਾਰੀ ਰਿਸ਼ਤੇ ਟੁੱਟ ਵੀ ਜਾਂਦੇ ਹਨ, ਪਰ ਅਜਿਹੇ ਗੰਭੀਰ ਇਲਜ਼ਾਮ ਲਗਾਉਣਾ ਸ਼ਰਮ ਦੀ ਗੱਲ ਹੈ।
"ਇਹ ਸਭ ਨਵਜੋਤ ਕੌਰ ਆਪਣੇ ਆਪ ਬੋਲ ਰਹੀ ਹੈ ਜਾਂ ਸਿੱਧੂ ਬੁਲਵਾ ਰਿਹਾ ਹੈ?" ਰੰਧਾਵਾ ਨੇ ਕਿਹਾ ਕਿ ਇਹ ਸਿੱਧੂ ਹੀ ਸਹੀ ਦੱਸ ਸਕਦਾ ਹੈ ਕਿ ਨਵਜੋਤ ਕੌਰ ਸਿੱਧੂ ਖ਼ੁਦ ਇਹ ਬੋਲ ਰਹੀ ਹੈ ਜਾਂ ਉਸ ਨੂੰ ਕੋਈ ਬੁਲਵਾ ਰਿਹਾ ਹੈ।






















