ਹੁਣ 'ਉੱਡਤਾ ਕੇਰਲਾ'! ‘ਨਸ਼ਿਆਂ ਦੀ ਰਾਜਧਾਨੀ’ ਵਜੋਂ ਪੰਜਾਬ ਦੀ ਥਾਂ ਲੈ ਰਿਹਾ ਕੇਰਲਾ: ਗਵਰਨਰ ਆਰਿਫ਼ ਮੁਹੰਮਦ
ਦੇਸ਼ ਵਿੱਚ ਹੁਣ 'ਉੱਡਤਾ ਪੰਜਾਬ' ਨਹੀਂ ਸਗੋਂ 'ਉੱਡਤਾ ਕੇਰਲਾ' ਮਸ਼ਹੂਰ ਹੋ ਰਿਹਾ ਹੈ। ਇਹ ਦਾਅਵਾ ਕੇਰਲਾ ਦੇ ਗਵਰਨਰ ਆਰਿਫ਼ ਮੁਹੰਮਦ ਖਾਨ ਨੇ ਕੀਤਾ ਹੈ।
ਕੋਚੀ: ਦੇਸ਼ ਵਿੱਚ ਹੁਣ 'ਉੱਡਤਾ ਪੰਜਾਬ' ਨਹੀਂ ਸਗੋਂ 'ਉੱਡਤਾ ਕੇਰਲਾ' ਮਸ਼ਹੂਰ ਹੋ ਰਿਹਾ ਹੈ। ਇਹ ਦਾਅਵਾ ਕੇਰਲਾ ਦੇ ਗਵਰਨਰ ਆਰਿਫ਼ ਮੁਹੰਮਦ ਖਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ‘ਨਸ਼ਿਆਂ ਦੀ ਰਾਜਧਾਨੀ’ ਵਜੋਂ ਕੇਰਲਾ ਹੁਣ ਪੰਜਾਬ ਦੀ ਥਾਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਉਤੇ ਸ਼ਰਮ ਆਉਂਦੀ ਹੈ ਕਿ ਰਾਜ ਵਿੱਚ ਮਾਲੀਏ ਦੇ ਹੁਣ ਮੁੱਖ ਸਰੋਤ ਲਾਟਰੀ ਤੇ ਸ਼ਰਾਬ ਹਨ।
ਦੱਸ ਦਈਏ ਕਿ ਗਵਰਨਰ ਆਰਿਫ਼ ਮੁਹੰਮਦ ਖਾਨ ਦਾ ਸੂਬੇ ਦੀ ਖੱਬੇ ਪੱਖੀ ਸਰਕਾਰ ਨਾਲ ਕਈ ਮੁੱਦਿਆਂ ’ਤੇ ਟਕਰਾਅ ਚੱਲਦਾ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਜਿੱਥੇ ਸਾਰੇ ਸ਼ਰਾਬ ਪੀਣ ਖ਼ਿਲਾਫ਼ ਪ੍ਰਚਾਰ ਕਰਦੇ ਹਨ, ਉੱਥੇ ਕੇਰਲਾ ਸਰਕਾਰ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਗਵਰਨਰ ਆਰਿਫ਼ ਮੁਹੰਮਦ ਨੇ ਕਿਹਾ ਕਿ 100 ਪ੍ਰਤੀਸ਼ਤ ਸਾਖ਼ਰਤਾ ਦਰ ਵਾਲੇ ਸੂਬੇ ਵਿਚ ਇਹ ਸ਼ੋਭਾ ਨਹੀਂ ਦਿੰਦਾ। ਇੱਕ ਪੁਸਤਕ ਦੇ ਲਾਂਚ ਮੌਕੇ ਰਾਜਪਾਲ ਨੇ ਕਿਹਾ ਕਿ ‘ਨਸ਼ਿਆਂ ਦੀ ਰਾਜਧਾਨੀ ਵਜੋਂ ਕੇਰਲਾ ਹੁਣ ਪੰਜਾਬ ਦੀ ਥਾਂ ਲੈਂਦਾ ਜਾ ਰਿਹਾ ਹੈ’ ਕਿਉਂਕਿ ਸੂਬਾ ਸ਼ਰਾਬ ਦੀ ਵਿਕਰੀ ਦਾ ਪ੍ਰਚਾਰ ਕਰ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਹਿਰ ਬਾਰੇ 'ਉੱਡਤਾ ਪੰਜਾਬ' ਫਿਲਮ ਬਣੀ ਸੀ। ਇਸ ਮਗਰੋਂ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਛ ਵੀ ਉਬਾਲ ਆਇਆ ਸੀ। ਹੁਣ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਨਸ਼ਿਆਂ ਨੂੰ ਬੰਨ੍ਹ ਲੱਗਾ ਹੈ। ਦੂਜੇ ਪਾਸੇ ਕੇਰਲਾ ਹੁਣ ਨਸ਼ਿਆਂ ਕਰਕੇ ਚਰਚਾ ਵਿੱਚ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :