ਪੰਜਾਬ 'ਚ ਖਰਾਬ ਵੈਂਟੀਲੇਟਰ ਭੇਜਣ ਦੀਆਂ ਰਿਪੋਰਟਾਂ 'ਤੇ ਭੜਕੀ ਕੇਂਦਰ ਸਰਕਾਰ, ਸਪਸ਼ਟੀਕਰਨ ਦਿੰਦਿਆਂ ਵੱਡਾ ਦਾਅਵਾ
ਪੀਆਈਬੀ, ਚੰਡੀਗੜ੍ਹ ਦੇ ਡਾਇਰੈਕਟਰ ਪਵਿੱਤਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਪਿਛਲੇ ਸਾਲ ਤੋਂ ‘ਸਮੁੱਚੀ ਸਰਕਾਰ’ (Whole of Government) ਪਹੁੰਚ ਅਧੀਨ ਹਸਪਤਾਲਾਂ ’ਚ ਦੇਖਭਾਲ ਨਾਲ ਸਬੰਧਤ ਕੋਵਿਡ ਮਰੀਜ਼ਾਂ ਦੇ ਪ੍ਰਭਾਵੀ ਇੰਤਜ਼ਾਮ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰਦੀ ਆ ਰਹੀ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ (GGSMCH) ’ਚ ਖ਼ਰਾਬ ਪਏ ਵੈਂਟੀਲੇਟਰਜ਼ ਦੀਆਂ ਖ਼ਬਰਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੇ ਤਿੱਖਾ ਸਪੱਸ਼ਟੀਕਰਨ ਜਾਰੀ ਕੀਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵੈਂਟੀਲੇਟਰਜ਼ ਵਿੱਚ ਕੋਈ ਤਕਨੀਕੀ ਨੁਕਸ ਨਹੀਂ ਹੈ ਜੇ ਨੁਕਸ ਹੈ, ਤਾਂ ਇਸ ਹਸਪਤਾਲ ਦੇ ਆਪਣੇ ਬੁਨਿਆਦੀ ਢਾਂਚੇ ਵਿੱਚ ਹੈ। ਕੇਂਦਰ ਸਰਕਾਰ ਵੱਲੋਂ ਪੱਤਰ ਸੂਚਨਾ ਦਫ਼ਤਰ (ਪ੍ਰੈੱਸ ਇਨਫ਼ਾਰਮੇਸ਼ਨ ਬਿਊਰੋ) ਨੇ ਇਸ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਹੈ।
ਪੀਆਈਬੀ, ਚੰਡੀਗੜ੍ਹ ਦੇ ਡਾਇਰੈਕਟਰ ਪਵਿੱਤਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਪਿਛਲੇ ਸਾਲ ਤੋਂ ‘ਸਮੁੱਚੀ ਸਰਕਾਰ’ (Whole of Government) ਪਹੁੰਚ ਅਧੀਨ ਹਸਪਤਾਲਾਂ ’ਚ ਦੇਖਭਾਲ ਨਾਲ ਸਬੰਧਤ ਕੋਵਿਡ ਮਰੀਜ਼ਾਂ ਦੇ ਪ੍ਰਭਾਵੀ ਇੰਤਜ਼ਾਮ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰਦੀ ਆ ਰਹੀ ਹੈ। ਹਸਪਤਾਲਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਲਈ ਕੇਂਦਰ ਸਰਕਾਰ ਆਪਣੇ ਪੱਧਰ ਉੱਤੇ ਅਪ੍ਰੈਲ 2020 ਤੋਂ ਵੈਂਟੀਲੇਟਰਜ਼ ਸਮੇਤ ਜ਼ਰੂਰੀ ਮੈਡੀਕਲ ਉਪਕਰਣ ਖ਼ਰੀਦ ਕੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਹਸਪਤਾਲਾਂ/ਸੰਸਥਾਨਾਂ ਨੂੰ ਮੁਹੱਈਆ ਕਰਵਾ ਰਹੀ ਹੈ।
ਅਜਿਹੀਆਂ ਕੁਝ ਮੀਡੀਆ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ (‘ਪੀਐੱਮ ਕੇਅਰਜ਼’ ਦੀ ਮਦਦ ਨਾਲ) ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਨੂੰ ਜਿਹੜੇ ਵੈਂਟੀਲੇਟਰਜ਼ ਸਪਲਾਈ ਕੀਤੇ ਸਨ, ਉਹ ਤਕਨੀਕੀ ਕਾਰਣਾਂ ਕਰ ਕੇ ਅਣਵਰਤੇ ਹੀ ਪਏ ਹਨ। ਉਨ੍ਹਾਂ ਨੂੰ ਨਿਰਮਾਤਾਵਾਂ ਵੱਲੋਂ ਵਿਕਰੀ ਤੋਂ ਬਾਅਦ ਕੋਈ ਬਣਦੀ ਸਹਾਇਤਾ ਮੁਹੱਈਆ ਨਾ ਕਰਵਾਉਣ ਕਾਰਨ ਠੀਕ ਹੀ ਨਹੀਂ ਕਰਵਾਇਆ ਜਾ ਸਕੇ। ਇਹ ਰਿਪੋਰਟਾਂ ਪੂਰੀ ਤਰ੍ਹਾਂ ਗ਼ੈਰ ਵਾਜਬ ਹਨ ਤੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਉੱਤੇ ਆਧਾਰਤ ਨਹੀਂ ਹਨ।
ਪ੍ਰੈੱਸ ਬਿਆਨ ’ਚ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਵਰ੍ਹੇ ਮਹਾਮਾਰੀ ਦੀ ਸ਼ੁਰੂਆਤ ਸਮੇਂ ਪੂਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ’ਚ ਵੈਂਟੀਲੇਟਰਜ਼ ਬਹੁਤ ਸੀਮਤ ਗਿਣਤੀ ’ਚ ਹੀ ਉਪਲਬਧ ਸਨ। ਇਸ ਤੋਂ ਇਲਾਵਾ ਦੇਸ਼ ਵਿੱਚ ਵੈਂਟੀਲੇਟਰਜ਼ ਦੇ ਬਹੁਤ ਹੀ ਸੀਮਤ ਨਿਰਮਾਤਾ ਮੌਜੂਦ ਸਨ ਤੇ ਵਿਦੇਸ਼ਾਂ ’ਚ ਮੌਜੂਦ ਜ਼ਿਆਦਾਤਰ ਸਪਲਾਇਰਜ਼ ਭਾਰਤ ’ਚ ਵੱਡੀ ਗਿਣਤੀ ਵਿੱਚ ਵੈਂਟੀਲੇਟਰਜ਼ ਸਪਲਾਈ ਕਰਨ ਦੀ ਹਾਲਤ ਵਿੱਚ ਨਹੀਂ ਸਨ। ਤਦ ਹੀ ਸਥਾਨਕ ਨਿਰਮਾਤਾਵਾਂ ਨੂੰ ‘ਮੇਕ ਇਨ ਇੰਡੀਆ’ ਵੈਂਟੀਲੇਟਰਜ਼ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ, ਤਾਂ ਜੋ ਦੇਸ਼ ਵਿੱਚ ਵੱਡੇ ਪੱਧਰ ਉੱਤੇ ਪੈਦਾ ਹੁੰਦੀ ਜਾ ਰਹੀ ਮੰਗ ਦੀ ਪੂਰਤੀ ਕੀਤੀ ਜਾ ਸਕੇ ਤੇ ਉਸੇ ਆਧਾਰ ਉੱਤੇ ਉਨ੍ਹਾਂ ਨੂੰ ਆਰਡਰ ਦਿੱਤੇ ਗਏ ਸਨ।
ਉਨ੍ਹਾਂ ਵਿੱਚੋਂ ਬਹੁਤੇ ਤਦ ਪਹਿਲੀ ਵਾਰ ਵੈਂਟੀਲੇਟਰਜ਼ ਦਾ ਨਿਰਮਾਣ ਕਰ ਰਹੇ ਸਨ। ਵੈਂਟੀਲੇਟਰਜ਼ ਦੇ ਮਾੱਡਲਜ਼ ਦੀ ਸਬੰਧਤ ਮਾਹਿਰਾਂ ਵੱਲੋਂ ਬਹੁਤ ਸਖ਼ਤੀ ਨਾਲ ਪੁਣਛਾਣ ਕੀਤੀ ਗਈ, ਤਕਨੀਕੀ ਪ੍ਰਦਰਸ਼ਨ ਕੀਤੇ ਗਏ ਤੇ ਬਹੁਤ ਹੀ ਘੱਟ ਉਪਲਬਧ ਸਮੇਂ ਅੰਦਰ ਹੀ ਉਨ੍ਹਾਂ ਦੀ ਕਲੀਨੀਕਲ ਵੈਧਤਾ ਪ੍ਰਕਿਰਿਆ ਮੁਕੰਮਲ ਕੀਤੀ ਗਈ ਸੀ ਤੇ ਫਿਰ ਉਨ੍ਹਾਂ ਮਾਹਿਰਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਉਨ੍ਹਾਂ ਦੀ ਸਪਲਾਈ ਸ਼ੁਰੂ ਹੋਈ ਸੀ।
ਕੁਝ ਅਜਿਹੇ ਰਾਜ ਹਨ, ਜਿਨ੍ਹਾਂ ਨੂੰ ਵੈਂਟੀਲੇਟਰਜ਼ ਤਾਂ ਮਲ ਗਏ ਸਨ ਪਰ ਉਹ ਹਾਲੇ ਹਸਪਤਾਲਾਂ ਵਿੱਚ ਸਥਾਪਤ ਨਹੀਂ ਕੀਤੇ ਗਏ ਸਨ। ਕੇਂਦਰੀ ਸਿਹਤ ਸਕੱਤਰ ਨੇ 11 ਅਪ੍ਰੈਲ, 2021 ਨੂੰ ਸੱਤ ਅਜਿਹੇ ਰਾਜਾਂ ਨੂੰ ਲਿਖਿਆ ਸੀ, ਜਿੱਥੇ 50 ਤੋਂ ਵੱਧ ਵੈਂਟੀਲੇਟਰਜ਼ ਪਿਛਲੇ 4-5 ਮਹੀਨਿਆਂ ਤੋਂ ਬਾਅਦ ਅਣਸਥਾਪਤ ਹੀ ਪਏ ਸਨ। ਉਨ੍ਹਾਂ ਰਾਜਾਂ ਨੂੰ ਤੇਜ਼ੀ ਨਾਲ ਉਨ੍ਹਾਂ ਨੂੰ ਸਥਾਪਤ ਕਰਨ ਦੀ ਬੇਨਤੀ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਵੈਂਟੀਲੇਟਰਜ਼ ਦਾ ਵਧੀਆ ਉਪਯੋਗ ਹੋ ਸਕੇ।
ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ’ਚ 81 AGVA ਮੇਕ ਦੇ ਵੈਂਟੀਲੇਟਰਜ਼ ਵਿੱਚੋਂ 71 ਦੇ ਅਣਵਰਤੇ ਜਾਂ ਨੁਕਸਦਾਰ ਹਾਲਤ ਵਿੱਚ ਪਏ ਹੋਣ ਨਾਲ ਸਬੰਧਤ ਹਾਲੀਆ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ 88 ਵੈਂਟੀਲੇਟਰਜ਼ ‘ਭਾਰਤ ਇਲੈਕਟ੍ਰੌਨਿਕਸ ਲਿਮਟਿਡ’ (BEL) ਤੇ ਪੰਜ AGVA ਵੱਲੋਂ ਸਪਲਾਈ ਕੀਤੇ ਗਏ ਹਨ ਤੇ ਉਹ ਹਸਪਤਾਲ ਦੇ ਅਧਿਕਾਰੀਆਂ ਦੀ ਅੰਤਿਮ ਮਨਜ਼ੂਰੀ ਦੇ ਸਰਟੀਫ਼ਿਕੇਟ ਤੋਂ ਬਾਅਦ ਹੀ ਮੁਹੱਈਆ ਕਰਵਾਏ ਗਏ ਸਨ।
BEL ਨੇ ਸੂਚਿਤ ਕੀਤਾ ਹੈ ਕਿਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ (GGSMCH) ਵਿਖੇ ਮੌਜੂਦ ਵੱਡੀ ਮਾਤਰਾ ’ਚ ਵੈਂਟੀਲੇਟਰਜ਼ ਨੁਕਸਦਾਰ ਨਹੀਂ ਹਨ, ਜਿਵੇਂ ਕਿ ਮੀਡੀਆ ਦੇ ਇੱਕ ਵਰਗ ਨੇ ਰਿਪੋਰਟ ਕੀਤਾ ਹੈ। ਵੱਖੋ-ਵੱਖਰੇ ਮੌਕਿਆਂ ਦੌਰਾਨ ਪ੍ਰਾਪਤ ਸ਼ਿਕਾਇਤਾਂ ਦਾ ਨਿਵਾਰਣ ਕਰਨ ਲਈ ਮੈਡੀਕਲ ਕਾਲਜ ਦਾ ਦੌਰਾ ਕਰ ਕੇ ਆਏ ਉਨ੍ਹਾਂ ਦੇ ਇੰਜੀਨੀਅਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਮਾਮੂਲੀ ਨੁਕਸ ਤੁਰੰਤ ਦੂਰ ਕਰ ਦਿੱਤੇ ਸਨ। ਉਨ੍ਹਾਂ ਨੇ ਉੱਥੇ ਸਟਾਫ਼ ਸਾਹਮਣੇ ਵੈਂਟੀਲੇਟਰਜ਼ ਦੇ ਕੰਮ ਕਰਨ ਦਾ ਪ੍ਰਦਰਸ਼ਨ ਵੀ ਕਈ ਵਾਰ ਕਰ ਕੇ ਵਿਖਾਇਆ ਸੀ।
ਇਹ ਵੇਖਿਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਬੁਨਿਆਦੀ ਢਾਂਚੇ ਨਾਲ ਕੁਝ ਮਸਲੇ/ਸਮੱਸਿਆਵਾਂ ਸਨ; ਜਿਵੇਂ ਕਿ ਕੇਂਦਰੀ ਆਕਸੀਜਨ ਗੈਸ ਪਾਈਪਲਾਈਨਾਂ ਵਿੱਚ ਲੋੜੀਂਦਾ ਹੀ ਉਪਲਬਧ ਨਹੀਂ ਸੀ। ਇਸ ਦੇ ਨਾਲ ਹੀ ਫ਼ਲੋਅ ਸੈਂਸਰਜ਼, ਬੈਕਟੀਰੀਆ ਫ਼ਿਲਟਰਜ਼ ਅਤੇ HME ਫ਼ਿਲਟਰਜ਼ ਜਿਹੀਆਂ ਖਪਤਯੋਗ ਵਸਤਾਂ ਨੂੰ ਹੀ ਹਸਪਤਾਲ ਅਧਿਕਾਰੀਆਂ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਬਦਲਿਆ ਨਹੀਂ ਜਾ ਰਿਹਾ ਜਾਂ ਵੈਂਟੀਲੇਟਰਜ਼ ਦੀ ਵਰਤੋਂ ਇਨ੍ਹਾਂ ਅਹਿਮ ਖਪਤਯੋਗ ਵਸਤਾਂ ਤੋਂ ਬਗ਼ੈਰ ਹੀ ਕੀਤੀ ਜਾ ਰਹੀ ਹੈ। ਸਹੀ ਗੈਸ ਪ੍ਰੈਸ਼ਰਜ਼ (ਆਮ ਹਵਾ ਦੇ ਦਬਾਅ ਤੇ ਆਕਸੀਜਨ ਦਾ ਪ੍ਰੈਸ਼ਰ 10 PSI ਤੋਂ ਵੱਧ ਨਹੀਂ ਹੋ ਸਕਦਾ) ਦਾ ਰੱਖ-ਰਖਾਅ ਤੇ ਵਾਜਬ ਖਪਤਯੋਗ ਵਸਤਾਂ ਦੀ ਵਰਤੋਂ ਇਨ੍ਹਾਂ ਨੂੰ ਚਲਾਉਣ ਲਈ ਜ਼ਰੂਰੀ ਹੁੰਦੀ ਹੈ; ਇਨ੍ਹਾਂ ਤੋਂ ਬਿਨਾ CV200 ਵੈਂਟੀਲੇਟਰਜ਼ ਦੀ ਕਾਰਗੁਜ਼ਾਰੀ ਦੀ ਕੋਈ ਗਰੰਟੀ ਨਹੀਂ ਹੁੰਦੀ।
ਇਸ ਦੇ ਨਾਲ ਹੀ BEL ਇੰਜਨੀਅਰਜ਼ ਅੱਜ (12 ਮਈ, 2021) ਦੋਬਾਰਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਪੁੱਜੇ ਅਤੇ ਸਿਰਫ਼ ਕੁਝ ਖਪਤਯੋਗ ਵਸਤਾਂ ਬਦਲ ਕੇ ਹੀ ਪੰਜ ਵੈਂਟੀਲੇਟਰਜ਼ ਚਲਾ ਦਿੱਤੇ ਗਏ ਅਤੇ GGSMCH ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਦੇ ਕੇ ਵਿਖਾਇਆ ਤੇ ਇੰਝ ਇਹ ਸਪੱਸ਼ਟ ਕੀਤਾ ਗਿਆ ਕਿ ਜਦੋਂ ਉਨ੍ਹਾਂ ਨੂੰ ਵਾਜਬ ਤਰੀਕੇ ਚਲਾਇਆ ਜਾਵੇਗਾ, ਇਹ ਵੈਂਟੀਲੇਟਰਜ਼ ਕੇਵਲ ਤਦ ਹੀ ਭਰੋਸੇਯੋਗ ਕਾਰਗੁਜ਼ਾਰੀ ਦਰਸਾ ਸਕਣਗੇ।
ਯੂਜ਼ਰ ਮੇਨੂਅਲ ’ਚ ਦਿੱਤੀਆਂ ਗਈਆਂ ਹਦਾਇਤਾਂ ਤੋਂ ਇਲਾਵਾ, ਨਿਆਦੀ ਢਾਂਚੇ ਦੀਆਂ ਆਵਸ਼ਕਤਾਵਾਂ, ਵਰਤੋਂ ਵਰਤੋਂ ਤੇ CV200 ਵੈਂਟੀਲੇਟਰਜ਼ ਦੇ ਰੱਖ–ਰਖਾਅ ਬਾਰੇ ਵਿਸਤ੍ਰਿਤ ਦਿਸ਼ਾ–ਨਿਰਦੇਸ਼ ਤੇ ਹੋਰ ਹਦਾਇਤਾਂ ਵੀ ਵੈਂਟੀਲੇਟਰਜ਼ ਦੇ ਸਾਰੇ ਵਰਤੋਂਕਾਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ। ਪਰ ਪੰਜਾਬ ਦੇ ਬਹੁਤੇ ਹਸਪਤਾਲਾਂ/ਮੈਡੀਕਲ ਕਾਲਜਾਂ ਵੱਲੋਂ ਇਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਦੀ ਥਾਂ ਉਹ ਸਗੋਂ ਬਿਨਾ ਕਿਸੇ ਆਧਾਰ ਦੇ ਵੈਂਟੀਲੇਟਰਜ਼ ਦੇ ਕੰਮ ਨਾ ਕਰਨ ਦਾ ਮੁੱਦਾ ਚੁੱਕ ਰਹੇ ਹਨ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ BEL ਵੱਲੋਂ ਰਾਜ ਨੂੰ ਮਹਾਮਾਰੀ ਦੀ ਇਸ ਹਾਲਤ ਦੌਰਾਨ ਲੋੜੀਂਦੀ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਨਿਰੰਤਰ ਮੁਹੱਈਆ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲੇ ਨੇ 9 ਮਈ, 2021 ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਇੱਕ ਵਾਰ ਫਿਰ ਵੈਂਟੀਲੇਟਰ ਨਿਰਮਾਤਾਵਾਂ ਦੇ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਹੈ, ਜੋ ਸਟਿੱਕਰਾਂ ਦੀ ਸ਼ਕਲ ਵਿੱਚ ਵੈਂਟੀਲੇਟਰਜ਼ ਉੱਤੇ ਵੀ ਉਪਲਬਧ ਹੈ। ਇਸ ਦੇ ਨਾਲ ਹੀ, ਸਬੰਧਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਬੰਧਤ ਨੋਡਲ ਅਧਿਕਾਰੀਆਂ ਵੱਲੋਂ ਵਰਤੋਂਕਾਰ ਹਸਪਤਾਲਾਂ ਦੇ ਨੁਮਾਇੰਦਿਆਂ ਅਤੇ ਨਿਰਮਾਤਾਵਾਂ ਦੀਆਂ ਟੈਕਨੀਕਲ ਟੀਮਾਂ ਵੱਲੋਂ ਰਾਜ ਕ੍ਰਮ ਅਨੁਸਾਰ ਬਣਾਏ ਗਏ ਵ੍ਹਟਸਐਪ ਗਰੁੱਪਾਂ ਵਿੱਚ ਇਹ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ; ਤਾਂ ਜੋ ਐਨ ਸਹੀ ਸਮੇਂ ’ਤੇ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਇਨ੍ਹਾਂ ਨਿਰਮਾਤਾਵਾਂ ਦੀਆਂ ਸਮਰਪਿਤ ਈਮੇਲ ਆਈਡੀਜ਼ ਵੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸ਼ੇਅਰ ਕੀਤੀਆਂ ਗਈਆਂ ਹਨ।