Assembly Elections 2022: ਦੇਸ਼ ਦੇ ਤਿੰਨ ਸੂਬਿਆਂ ਯੂਪੀ, ਗੋਆ ਅਤੇ ਉਤਰਾਖੰਡ 'ਚ ਚੋਣਾਂ ਦਾ ਦਿਨ, ਯੂਪੀ ਚੋਣਾਂ 'ਚ ਦੂਜੇ ਗੇੜ ਲਈ ਹੋਵੇਗੀ ਵੋਟਿੰਗ
Election 2022: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀਆਂ 55 ਸੀਟਾਂ ਤੋਂ ਇਲਾਵਾ, ਗੋਆ-ਉਤਰਾਖੰਡ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਅੱਜ ਯਾਨੀ ਸੋਮਵਾਰ ਨੂੰ ਵੋਟਿੰਗ ਹੋਵੇਗੀ।
Assembly Election 2022: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀਆਂ 55 ਸੀਟਾਂ ਤੋਂ ਇਲਾਵਾ, ਗੋਆ-ਉਤਰਾਖੰਡ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਸੋਮਵਾਰ ਨੂੰ ਵੋਟਿੰਗ ਹੈ। ਇਸ ਪੜਾਅ 'ਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅਤੇ ਸਮਾਜਵਾਦੀ ਪਾਰਟੀ (ਸਪਾ) ਨੇਤਾ ਆਜ਼ਮ ਖ਼ਾਨ ਦੀ ਕਿਸਮਤ ਦਾ ਫੈਸਲਾ ਹੋਵੇਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਯੂਪੀ ਦੀ ਹਾਲਤ ਦੱਸਦਾ ਹਾਂ।
ਯੂਪੀ ਦੀਆਂ ਕਿਹੜੀਆਂ ਸੀਟਾਂ 'ਤੇ ਵੋਟਿੰਗ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਨੌਂ ਜ਼ਿਲ੍ਹਿਆਂ ਵਿੱਚ ਵੋਟਾਂ ਪੈਣਗੀਆਂ। ਯੂਪੀ ਵਿੱਚ 7 ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ। ਦੂਜੇ ਪੜਾਅ ਵਿੱਚ ਸੂਬੇ ਦੇ ਨੌਂ ਜ਼ਿਲ੍ਹਿਆਂ ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬੁਡਾਉਨ, ਬਰੇਲੀ ਅਤੇ ਸ਼ਾਹਜਹਾਂਪੁਰ ਦੀਆਂ 55 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ।
ਵੋਟਿੰਗ ਦਾ ਸਮਾਂ
ਉੱਤਰ ਪ੍ਰਦੇਸ਼ ਵਿੱਚ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।
2017 ਦੀਆਂ ਯੂਪੀ ਚੋਣਾਂ ਵਿੱਚ ਕੀ ਸਥਿਤੀ ਸੀ
ਦੂਜੇ ਪੜਾਅ 'ਚ ਹੋਣ ਵਾਲੀਆਂ 55 ਸੀਟਾਂ 'ਚੋਂ 2017 'ਚ ਭਾਜਪਾ ਨੇ 38 ਸੀਟਾਂ ਜਿੱਤੀਆਂ ਸੀ, ਜਦਕਿ ਸਪਾ ਨੂੰ 15 ਅਤੇ ਕਾਂਗਰਸ ਨੂੰ ਦੋ ਸੀਟਾਂ ਮਿਲੀਆਂ ਸੀ। ਸਪਾ ਅਤੇ ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਗਠਜੋੜ ਨਾਲ ਲੜੀਆਂ ਸੀ। ਸਪਾ ਨੇ ਜਿੱਤੀਆਂ 15 ਸੀਟਾਂ 'ਚੋਂ 10 ਸੀਟਾਂ 'ਤੇ ਮੁਸਲਿਮ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।
ਹੁਣ ਜਾਣੋ ਕਿਹੜੇ ਦਿੱਗਜਾਂ ਦੀ ਸਾਖ ਦਾਅ 'ਤੇ
ਦੂਜੇ ਪੜਾਅ ਵਿੱਚ ਉਤਰੇ ਪ੍ਰਮੁੱਖ ਚਿਹਰਿਆਂ ਵਿੱਚ ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਧਰਮ ਸਿੰਘ ਸੈਣੀ ਸ਼ਾਮਲ ਹਨ, ਜੋ ਭਾਜਪਾ ਛੱਡ ਕੇ ਸਪਾ ਵਿੱਚ ਚਲੇ ਗਏ ਸੀ। ਆਜ਼ਮ ਖ਼ਾਨ ਨੂੰ ਉਨ੍ਹਾਂ ਦੇ ਗੜ੍ਹ ਰਾਮਪੁਰ ਸੀਟ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ ਜਦਕਿ ਸੈਣੀ ਨਕੁੜ ਵਿਧਾਨ ਸਭਾ ਹਲਕੇ ਤੋਂ ਕਿਸਮਤ ਅਜ਼ਮਾ ਰਹੇ ਹਨ। ਖਾਨ ਦੇ ਬੇਟੇ ਅਬਦੁੱਲਾ ਆਜ਼ਮ ਨੂੰ ਸਵਾਰ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਉੱਤਰਾਖੰਡ ਦਾ ਹਾਲਤ
ਉੱਤਰਾਖੰਡ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਕੋ ਪੜਾਅ 'ਚ ਵੋਟਾਂ ਪੈਣਗੀਆਂ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਚੋਣਾਂ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।
ਵੋਟਿੰਗ ਦਾ ਸਮਾਂ
ਉੱਤਰਾਖੰਡ ਵਿੱਚ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਿੰਗ ਲਈ 11,697 ਕੇਂਦਰ ਬਣਾਏ ਗਏ ਹਨ।
ਕਿਹੜੇ ਦਿੱਗਜ ਮੈਦਾਨ ਵਿੱਚ
ਇਨ੍ਹਾਂ ਚੋਣਾਂ ਵਿੱਚ ਜਿਨ੍ਹਾਂ ਅਹਿਮ ਉਮੀਦਵਾਰਾਂ ਦਾ ਸਿਆਸੀ ਭਵਿੱਖ ਤੈਅ ਹੋਣਾ ਹੈ, ਉਨ੍ਹਾਂ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਸਤਪਾਲ ਮਹਾਰਾਜ, ਸੁਬੋਧ ਉਨਿਆਲ, ਅਰਵਿੰਦ ਪਾਂਡੇ, ਧਨ ਸਿੰਘ ਰਾਵਤ ਅਤੇ ਰੇਖਾ ਆਰੀਆ ਤੋਂ ਇਲਾਵਾ ਭਾਜਪਾ ਦੀ ਉੱਤਰਾਖੰਡ ਇਕਾਈ ਦੇ ਪ੍ਰਧਾਨ ਮਦਨ ਕੌਸ਼ਿਕ ਸ਼ਾਮਲ ਹਨ। ਕਾਂਗਰਸ ਦੇ ਪ੍ਰਮੁੱਖ ਉਮੀਦਵਾਰਾਂ ਵਿੱਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸਾਬਕਾ ਮੰਤਰੀ ਯਸ਼ਪਾਲ ਆਰੀਆ, ਕਾਂਗਰਸ ਦੀ ਉੱਤਰਾਖੰਡ ਇਕਾਈ ਦੇ ਪ੍ਰਧਾਨ ਗਣੇਸ਼ ਗੋਦਿਆਲ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਸ਼ਾਮਲ ਹਨ।
2017 ਦੀਆਂ ਚੋਣਾਂ ਵਿੱਚ ਕੀ ਸੀ ਸਥਿਤੀ
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 57, ਕਾਂਗਰਸ ਨੇ 11, ਜਦਕਿ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ ਸੀ।
ਗੋਆ ਦਾ ਹਾਲ
ਗੋਆ ਵਿਧਾਨ ਸਭਾ ਦੀਆਂ ਸਾਰੀਆਂ 40 ਸੀਟਾਂ ਲਈ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ, ਜਿਸ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਨ੍ਹਾਂ ਸੀਟਾਂ ਲਈ 301 ਉਮੀਦਵਾਰ ਮੈਦਾਨ ਵਿੱਚ ਹਨ।
ਕਿਹੜੀਆਂ ਪਾਰਟੀਆਂ ਮੈਦਾਨ ਵਿੱਚ
ਇਸ ਵਾਰ ਗੋਆ 'ਚ ਬਹੁ-ਪੱਖੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਆਮ ਆਦਮੀ ਪਾਰਟੀ (ਆਪ), ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਅਤੇ ਹੋਰ ਛੋਟੀਆਂ ਪਾਰਟੀਆਂ ਰਾਜ ਚੋਣਾਂ 'ਚ ਆਪਣੀ ਪਛਾਣ ਬਣਾਉਣ ਦੀ ਦੌੜ 'ਚ ਹਨ।
ਕਿਹੜੇ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਗੋਆ ਦੇ ਪ੍ਰਮੁੱਖ ਉਮੀਦਵਾਰਾਂ ਵਿੱਚ ਮੁੱਖ ਮੰਤਰੀ ਪ੍ਰਮੋਦ ਸਾਵੰਤ (ਭਾਜਪਾ), ਵਿਰੋਧੀ ਧਿਰ ਦੇ ਨੇਤਾ ਦਿਗੰਬਰ ਕਾਮਤ (ਕਾਂਗਰਸ), ਸਾਬਕਾ ਮੁੱਖ ਮੰਤਰੀ ਚਰਚਿਲ ਅਲੇਮਾਓ (ਟੀਐਮਸੀ), ਰਵੀ ਨਾਇਕ (ਭਾਜਪਾ), ਲਕਸ਼ਮੀਕਾਂਤ ਪਾਰਸੇਕਰ (ਆਜ਼ਾਦ), ਸਾਬਕਾ ਉਪ ਮੁੱਖ ਮੰਤਰੀ ਵਿਜੇ ਸਰਦੇਸਾਈ (ਆਜ਼ਾਦ) ਸ਼ਾਮਲ ਹਨ। ਸੁਦੀਨ ਧਾਵਲੀਕਰ (MGP), ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਲ ਪਾਰੀਕਰ ਅਤੇ 'ਆਪ' ਦੇ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਅਮਿਤ ਪਾਲੇਕਰ। ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਐਲਾਨ ਕੀਤਾ ਸੀ, ਜਦੋਂ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਆਪਣੇ ਦਮ 'ਤੇ ਚੋਣਾਂ ਲੜ ਰਹੀ ਹੈ।
ਇਹ ਵੀ ਪੜ੍ਹੋ: ਭਾਰਤੀ ਵਿਗਿਆਨੀਆਂ ਦੀ ਵੱਡੀ ਖੋਜ! ਪੁਲਾੜ 'ਚ ਲੱਭੇ 5 ਲੱਖ ਖਾਸ ਤਾਰੇ...ਹੁਣ ਦੁਨੀਆ ਨੂੰ ਸੈਂਕੜੇ ਸਾਲ ਮਿਲ ਸਕਦਾ ਊਰਜਾ ਦਾ ਵੱਡਾ ਸ੍ਰੋਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin