(Source: ECI/ABP News/ABP Majha)
UP Election 2022: ਯੂਪੀ ਚੋਣਾਂ ਦੇ ਚੌਥੇ ਪੜਾਅ ਲਈ 9 ਜ਼ਿਲ੍ਹਿਆਂ ਦੀਆਂ 59 ਸੀਟਾਂ 'ਤੇ ਵੋਟਿੰਗ, 624 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ, ਰਾਏਬਰੇਲੀ, ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਫਤਿਹਪੁਰ, ਬਾਂਦਾ ਅਤੇ ਉਨਾਵ ਦੀਆਂ 59 ਸੀਟਾਂ 'ਤੇ ਵੋਟਿੰਗ ਹੋਵੇਗੀ। ਵੋਟਿੰਗ ਨਾਲ ਜੁੜੀਆਂ ਸਾਰੀਆਂ ਖ਼ਬਰਾਂ ਇੱਥੇ ਪੜ੍ਹੋ।
Uttar Pradesh election 2022 phase 4 updates: 59 seats vote today as UP elections enter round four
Uttar Pradesh Election 2022: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਤਹਿਤ ਬੁੱਧਵਾਰ ਨੂੰ ਨੌਂ ਜ਼ਿਲ੍ਹਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋਣੀ ਹੈ। ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ 'ਚ ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਉਨਾਓ, ਲਖਨਊ, ਰਾਏਬਰੇਲੀ, ਬਾਂਦਾ ਅਤੇ ਫਤਿਹਪੁਰ ਜ਼ਿਲਿਆਂ 'ਚ ਕੁੱਲ 59 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ। ਇਸ ਪੜਾਅ 'ਚ ਕੁੱਲ 2.12 ਕਰੋੜ ਵੋਟਰ 624 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸਾਲ 2017 ਵਿੱਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਇਨ੍ਹਾਂ 59 ਚੋਂ 51 ਸੀਟਾਂ ਜਿੱਤੀਆਂ ਸੀ। ਇਸ ਤੋਂ ਇਲਾਵਾ ਸਪਾ ਨੂੰ ਚਾਰ, ਬਸਪਾ ਨੂੰ ਤਿੰਨ ਅਤੇ ਭਾਜਪਾ ਦੀ ਭਾਈਵਾਲ ਅਪਨਾ ਦਲ-ਸੋਨੇਲਾਲ ਨੂੰ ਇੱਕ ਸੀਟ ਮਿਲੀ ਸੀ।
ਚੌਥੇ ਪੜਾਅ ਲਈ ਚੋਣ ਪ੍ਰਚਾਰ ਬਹੁਤ ‘ਹਾਈ ਵੋਲਟੇਜ’ ਰਿਹਾ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਦੇ ਕੰਮ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਦੇ ਨਿਸ਼ਾਨੇ 'ਤੇ ਜ਼ਿਆਦਾਤਰ ਸਪਾ ਰਹੀ। ਭਾਜਪਾ ਨੇ ਪਿਛਲੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਬੰਬ ਧਮਾਕਿਆਂ ਦੇ ਮਾਮਲੇ 'ਚ ਦੋਸ਼ੀਆਂ ਨੂੰ ਸੁਣਾਈ ਗਈ ਸਜ਼ਾ ਨੂੰ ਲੈ ਕੇ ਸਪਾ 'ਤੇ ਤਿੱਖੇ ਹਮਲੇ ਕੀਤੇ ਗਏ ਅਤੇ ਇਸ ਨੂੰ ਅੱਤਵਾਦੀਆਂ ਨਾਲ ਹਮਦਰਦੀ ਰੱਖਣ ਵਾਲੀ ਪਾਰਟੀ ਕਰਾਰ ਦਿੱਤਾ।
ਦੂਜੇ ਪਾਸੇ ਅਖਿਲੇਸ਼ ਯਾਦਵ ਦੀ ਅਗਵਾਈ ਵਾਲੇ ਸਪਾ ਗਠਜੋੜ ਨੇ ਭਾਜਪਾ ਦੀਆਂ ਕਥਿਤ ਨਾਕਾਮੀਆਂ ਗਿਣਦਿਆਂ ਵੋਟਰਾਂ ਤੋਂ ਵੋਟਾਂ ਮੰਗੀਆਂ। ਆਪਣੀਆਂ ਜ਼ਿਆਦਾਤਰ ਰੈਲੀਆਂ 'ਚ ਅਖਿਲੇਸ਼ ਨੇ ਚੋਣਾਂ ਦੇ ਪਹਿਲੇ ਤਿੰਨ ਪੜਾਵਾਂ 'ਚ ਸਪਾ ਗਠਜੋੜ ਨੂੰ ਜ਼ਬਰਦਸਤ ਸਮਰਥਨ ਮਿਲਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਵਾਰ ਚੋਣਾਂ 'ਚ ਭਾਜਪਾ ਦੀ ਇਤਿਹਾਸਕ ਹਾਰ ਹੋਵੇਗੀ। ਬਸਪਾ ਪ੍ਰਧਾਨ ਮਾਇਆਵਤੀ ਨੇ ਵੀ ਕਈ ਰੈਲੀਆਂ ਕੀਤੀਆਂ ਅਤੇ ਲੋਕਾਂ ਨੂੰ ਸਪਾ, ਭਾਜਪਾ ਅਤੇ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਿਰਫ਼ ਬਸਪਾ ਹੀ ਅਸਲੀ ਚੰਗਾ ਸ਼ਾਸਨ ਦੇ ਸਕਦੀ ਹੈ।
ਕਾਂਗਰਸ ਦੀ ਜਨਰਲ ਸਕੱਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੱਖ-ਵੱਖ ਥਾਵਾਂ 'ਤੇ ਰੋਡ ਸ਼ੋਅ ਅਤੇ ਮੀਟਿੰਗਾਂ ਕਰਕੇ ਪਾਰਟੀ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਅਤੇ ਵੋਟਰਾਂ ਨੂੰ ਧਰਮ ਅਤੇ ਜਾਤ ਦੇ ਆਧਾਰ 'ਤੇ ਨਾ ਸਗੋਂ ਬੁਨਿਆਦੀ ਮੁੱਦਿਆਂ 'ਤੇ ਵੋਟ ਪਾਉਣ ਦੀ ਅਪੀਲ ਕੀਤੀ। ਤਿਕੋਨੀਆ ਪਿੰਡ ਵਿੱਚ ਪਿਛਲੇ ਸਾਲ 3 ਅਕਤੂਬਰ ਨੂੰ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਕਾਰਨ ਸੁਰਖੀਆਂ ਵਿੱਚ ਆਇਆ ਲਖੀਮਪੁਰ ਖੀਰੀ 'ਚ ਵੀ ਚੌਥੇ ਪੜਾਅ ਵਿੱਚ ਹੀ ਵੋਟਾਂ ਪੈਣਗੀਆਂ।
ਅੱਜ ਇਨ੍ਹਾਂ ਦਿੱਗਜਾਂ ਦੀ ਸਾਖ ਵੀ ਦਾਅ 'ਤੇ
ਸਰੋਜਨੀ ਨਗਰ ਸੀਟ ਤੋਂ ਭਾਜਪਾ ਨੇ ਰਾਜ ਸਰਕਾਰ ਦੀ ਮੰਤਰੀ ਸਵਾਤੀ ਸਿੰਘ ਦੀ ਟਿਕਟ ਕੱਟ ਕੇ ਸਾਬਕਾ ਈਡੀ ਅਧਿਕਾਰੀ ਰਾਜੇਸ਼ਵਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਦੀ ਸਦਰ ਵਿਧਾਨ ਸਭਾ ਸੀਟ ਤੋਂ ਭਾਜਪਾ ਨੇ ਕਾਂਗਰਸ ਵਿਧਾਇਕ ਅਦਿਤੀ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਹਰਦੋਈ ਸਦਰ ਵਿਧਾਨ ਸਭਾ ਸੀਟ ਤੋਂ ਭਾਜਪਾ ਨੇ ਸਪਾ ਵਿਧਾਇਕ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਨਿਤਿਨ ਅਗਰਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਨਰੇਸ਼ ਅਗਰਵਾਲ ਦੇ ਬੇਟੇ ਨਿਤਿਨ ਅਗਰਵਾਲ ਤਿੰਨ ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ ਅਤੇ ਚੌਥੀ ਵਾਰ ਚੋਣ ਮੈਦਾਨ ਵਿੱਚ ਖੜ੍ਹੇ ਹਨ। ਇਨ੍ਹਾਂ ਦਿੱਗਜਾਂ ਤੋਂ ਇਲਾਵਾ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਮਰਪਾਲ ਮੌਰਿਆ ਦੀ ਸਾਖ ਵੀ ਉਂਚਾਹਾਰ ਵਿਧਾਨ ਸਭਾ ਸੀਟ 'ਤੇ ਦਾਅ 'ਤੇ ਲੱਗੀ ਹੋਈ ਹੈ।
ਇਹ ਵੀ ਪੜ੍ਹੋ: Russia Ukraine Conflict: ਯੂਕਰੇਨ ਤੋਂ 242 ਭਾਰਤੀਆਂ ਨੂੰ ਲੈ ਕੇ ਪਹੁੰਚਿਆ ਜਹਾਜ਼, ਯਾਤਰੀਆਂ ਨੇ ਜਾਹਰ ਕੀਤੀ ਖੁਸ਼ੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904