ਦੇਸ਼ ‘ਚ ਵੈਕਸੀਨੇਸ਼ਨ ਦਾ ਨਵਾਂ ਰਿਕਾਰਡਃ ਇੱਕ ਦਿਨ ‘ਚ ਲੱਗੇ 1,32,00,000 ਤੋਂ ਵੱਧ ਕੋਰੋਨਾ ਰੋਕੂ ਟੀਕੇ
ਵੈਕਸੀਨ ਲਗਾਉਣ ਦੇ ਮਾਮਲੇ ਵਿੱਚ ਭਾਰਤ ਨੇ ਸਭ ਤੋਂ ਘੱਟ ਯਾਨੀ ਕਿ 114 ਦਿਨਾਂ ਵਿੱਚ 17 ਕਰੋੜ ਡੋਜ਼ ਲਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਅਮਰੀਕਾ ਨੂੰ ਇੰਨੀਆਂ ਖੁਰਾਕਾਂ ਲਾਉਣ ਵਿੱਚ 115 ਦਿਨ ਤੇ ਚੀਨ ਨੂੰ 119 ਦਿਨ ਲੱਗੇ ਸਨ।
ਨਵੀਂ ਦਿੱਲੀਃ ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਦਰਮਿਆਨ ਟੀਕਾਕਰਨ ਦੇ ਮੋਰਚੇ ‘ਤੇ ਇੱਕ ਵਧੀਆ ਖ਼ਬਰ ਹੈ। ਭਾਰਤ ਨੇ ਕੋਰੋਨਾ ਵੈਕਸੀਨੇਸ਼ਨ ਬਾਰੇ ਨਵਾਂ ਰਿਕਾਰਡ ਬਣਾਇਆ ਹੈ। ਭਾਰਤ ਵਿੱਚ ਲੋਕਾਂ ਨੂੰ ਇੱਕੋ ਦਿਨ ਅੰਦਰ ਇੱਕ ਕਰੋੜ 32 ਲੱਖ ਤੋਂ ਵੱਧ ਵੈਕਸੀਨ ਖੁਰਾਕਾਂ ਲਾ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।
31 ਅਗਸਤ ਨੂੰ ਇੱਕ ਹੀ ਦਿਨ ਵਿੱਚ 1,32,45,266 ਕੋਰੋਨਾ ਰੋਕੂ ਟੀਕੇ ਲਾਏ ਗਈਆਂ। ਇਨ੍ਹਾਂ ਵਿੱਚ 1,00,35,652 ਪਹਿਲੀ ਡੋਜ਼ ਅਤੇ 32,09,614 ਦੂਜੀ ਡੋਜ਼ ਸ਼ਾਮਲ ਸਨ। ਇਨ੍ਹਾਂ ਅੰਕੜਿਆਂ ਦੇ ਨਾਲ ਭਾਰਤ ਵਿੱਚ ਕੁੱਲ 65 ਕਰੋੜ 32 ਲੱਖ ਕੋਰੋਨਾ ਰੋਕੂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਪਿਛਲੇ ਇੱਕ ਹਫ਼ਤੇ ਤੋਂ ਭਾਰਤ ਵਿੱਚ ਰੋਜ਼ਾਨਾ ਔਸਤਨ 74 ਲੱਖ ਤੋਂ ਵੱਧ ਵੈਕਸੀਨ ਡੋਜ਼ਿਜ਼ ਲੱਗੀਆਂ ਹਨ। ਰੋਜ਼ਾਨਾ ਟੀਕਾਕਰਨ ਦੀ ਰਫ਼ਤਾਰ ਦੇ ਮਾਮਲੇ ਵਿੱਚ ਵੀ ਭਾਰਤ ਹੁਣ ਪਹਿਲੇ ਨੰਬਰ ‘ਤੇ ਹੈ ਅਤੇ ਦੂਜਾ ਥਾਂ ਬ੍ਰਾਜ਼ੀਲ ਦਾ ਆਉਂਦਾ ਹੈ।
ਵੈਕਸੀਨ ਲਗਾਉਣ ਦੇ ਮਾਮਲੇ ਵਿੱਚ ਭਾਰਤ ਨੇ ਸਭ ਤੋਂ ਘੱਟ ਯਾਨੀ ਕਿ 114 ਦਿਨਾਂ ਵਿੱਚ 17 ਕਰੋੜ ਡੋਜ਼ ਲਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਅਮਰੀਕਾ ਨੂੰ ਇੰਨੀਆਂ ਖੁਰਾਕਾਂ ਲਾਉਣ ਵਿੱਚ 115 ਦਿਨ ਤੇ ਚੀਨ ਨੂੰ 119 ਦਿਨ ਲੱਗੇ ਸਨ।
ਭਾਰਤ ਦੇ ਸੂਬਿਆਂ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਵਿੱਚ 100 ਫ਼ੀਸਦ ਲੋਕਾਂ ਨੇ ਪਹਿਲੀ ਖ਼ੁਰਾਕ ਹਾਸਲ ਕਰ ਲਈ ਹੈ। ਭਾਰਤ ਵਿੱਚ ਅੱਠ ਸੂਬੇ ਤੇ ਕੇਂਦਰ ਸਾਸ਼ਿਤ ਪ੍ਰਦੇਸ਼ ਅਜਿਹੇ ਹਨ, ਜਿੱਥੋਂ ਦੀ 75% ਵਸੋਂ ਨੇ ਪਹਿਲੀ ਖ਼ੁਰਾਕ ਲੈ ਲਈ ਹੈ।