Lok Sabha Elections 2024: 'ਬਸ ਧੜੇਬਾਜ਼ੀ ਨਾ ਕਰਨਾ', ਕਾਂਗਰਸ ਦਾ ਨਾਂਅ ਲਏ ਬਿਨਾਂ ਕੇਜਰੀਵਾਲ ਦੀ ਆਪ ਵਰਕਰਾਂ ਨੂੰ ਸਲਾਹ
Lok Sabha Elections: ਸੀਐਮ ਕੇਜਰੀਵਾਲ ਨੇ ਆਪਣੇ ਵਰਕਰਾਂ ਨੂੰ ਕਿਹਾ, ਸੰਗਠਨ ਵਿੱਚ ਧੜੇਬਾਜ਼ੀ ਨਹੀਂ ਕਰਨੀ, ਧੜੇਬਾਜ਼ੀ ਨਾਲ ਵੱਡੀ ਤੋਂ ਵੱਡੀ ਪਾਰਟੀ ਖ਼ਤਮ ਹੋ ਗਈ। ਦੇਸ਼ ਵਿੱਚ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਹਰਿਆਣਾ ਵਿੱਚ ਹੈ।
Lok Sabha Elections 2024: ਲੋਕਾ ਸਭਾ ਚੋਣਾ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣ ਵਾਲੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਇਸ ਦੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਪੰਜਾਬ ਵਿੱਚ ਸੱਤਾ ਹਾਸਲ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਵੀ ਆਪਣੇ ਪੈਰ ਪਸਰਨਾ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਲੜੀ ਤਹਿਤ ਅੱਜ ਭਾਵ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਿਵਾਨੀ ਵਿੱਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਅਤੇ ਕਾਂਗਰਸ ਨੂੰ ਵੀ ਆੜੇ ਹੱਥੀਂ ਲਿਆ।
'ਆਪ' ਵਰਕਰਾਂ ਦਿੱਤੀ ਖ਼ਾਸ ਸਲਾਹ
ਸੀਐਮ ਕੇਜਰੀਵਾਲ ਨੇ 'ਆਪ' ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਤੁਸੀਂ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਹੀ ਜਗ੍ਹਾ 'ਤੇ ਆਏ ਹੋ, ਪਰ ਤੁਸੀਂ ਸਾਰੇ ਸੋਚ ਰਹੇ ਹੋ ਕਿ ਤੁਹਾਨੂੰ ਟਿਕਟ ਜਾਂ ਕੋਈ ਅਹੁਦਾ ਮਿਲੇਗਾ, ਤਾਂ ਇਹ ਤੁਹਾਡੇ ਲਈ ਗਲਤ ਜਗ੍ਹਾ ਹੈ। ਕਿਉਂਕਿ ਇੱਥੇ ਕੋਈ ਵੀ ਅਹੁਦੇ ਲਈ ਕੰਮ ਨਹੀਂ ਕਰਦਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜੇ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਅੱਜ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਜੇਲ੍ਹ ਮਾਫ਼ ਹੋ ਜਾਵੇਗੀ, ਪਰ ਉਹ ਸ਼ੇਰ ਹਨ, ਅਜਿਹਾ ਨਹੀਂ ਕਰਨਗੇ।
ਸੰਗਠਨ ਵਿੱਚ ਧੜੇਬਾਜ਼ੀ ਕਰਨਾ ਗਲਤ - ਕੇਜਰੀਵਾਲ
ਸੀਐਮ ਨੇ ਵਰਕਰਾਂ ਨੂੰ ਕਿਹਾ, ਜਥੇਬੰਦੀ ਵਿੱਚ ਧੜੇਬਾਜ਼ੀ ਨਾ ਪੈਦਾ ਕੀਤੀ ਜਾਵੇ, ਧੜੇਬਾਜ਼ੀ ਕਾਰਨ ਵੱਡੀਆਂ-ਵੱਡੀਆਂ ਪਾਰਟੀਆਂ ਤਬਾਹ ਹੋ ਗਈਆਂ ਹਨ। ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਹਰਿਆਣਾ ਵਿੱਚ ਹੈ। ਮੁੱਖ ਮੰਤਰੀ ਅਤੇ ਮੰਤਰੀਆਂ ਦੀ ਬਿਜਲੀ ਮੁਫਤ ਹੈ ਅਤੇ ਜਨਤਾ ਬਿੱਲ ਅਦਾ ਕਰ ਰਹੀ ਹੈ। ਇੱਥੇ ਸਿਰਫ਼ ਬਿੱਲ ਆਉਂਦੇ ਹਨ, ਬਿਜਲੀ ਨਹੀਂ ਆਉਂਦੀ। ਮੈਂ ਹੈਰਾਨ ਹਾਂ, ਹਰਿਆਣਾ ਦੇ ਕਿਸਾਨਾਂ ਨੂੰ ਵੀ ਬਿੱਲ ਅਦਾ ਕਰਨੇ ਪੈ ਰਹੇ ਹਨ। ਬਿਜਲੀ 24 ਘੰਟੇ ਮੁਫ਼ਤ ਹੋ ਸਕਦੀ ਹੈ, ਪਰ ਉਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ। ਅਸੀਂ ਹਰਿਆਣੇ ਦੇ ਹਰ ਘਰ ਵਿੱਚ ਜਾ ਕੇ ਚਾਹ ਜਾਂ ਦੁੱਧ ਪੀ ਕੇ ਦੱਸਣਾ ਹੈ ਕਿ ਕੇਜਰੀਵਾਲ ਹਰਿਆਣੇ ਦਾ ਪੁੱਤ ਹੈ। ਉਨ੍ਹਾਂ ਨੇ ਦਿੱਲੀ ਬਦਲੀ, ਹਰਿਆਣਾ ਵੀ ਬਦਲੇਗਾ। ਅਸੀਂ ਦਿੱਲੀ ਤੇ ਪੰਜਾਬ ਵਿੱਚ ਕੰਮ ਨਾ ਕੀਤਾ ਹੋਵੇ ਤਾਂ ਵੋਟ ਨਾ ਦਿਓ, ਅਜਿਹਾ ਮਨੋਹਰ ਲਾਲ ਖੱਟਰ ਨਹੀਂ ਕਹਿ ਸਕਦਾ।