ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਅੱਜ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜਾ ਹੈ। ਹਰ ਸਾਲ ਤਿੰਨ ਮਈ ਨੂੰ ਦੁਨੀਆਂ ਭਰ 'ਚ ਮਨਾਏ ਜਾਣ ਵਾਲੇ ਇਸ ਦਿਨ ਦਾ ਮਕਸਦ ਪ੍ਰੈੱਸ ਦੀ ਆਜ਼ਾਦੀ ਤੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੁੰਦਾ ਹੈ। ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ 'ਚ ਭਾਰਤ ਕਾਫੀ ਪਿੱਛੇ ਹੈ। ਵਰਲਡ ਪ੍ਰੈੱਸ ਫ੍ਰੀਡਮ ਇੰਡੈਕਸ 'ਚ 180 ਦੇਸ਼ਾਂ ਦੀ ਸੂਚੀ 'ਚ ਭਾਰਤ 142ਵੇਂ ਨੰਬਰ 'ਤੇ ਹੈ। ਪਿਛਲੇ ਚਾਰ ਸਾਲਾਂ ਤੋਂ ਭਾਰਤ ਲਗਾਤਾਰ ਪਿਛੜ ਰਿਹਾ ਹੈ।


ਭਾਰਤੀ ਦੀ ਸਥਿਤੀ ਨੇਪਾਲ (112), ਸ਼੍ਰੀਲੰਕਾ (127), ਮਿਆਂਮਾਰ (139) ਤੋਂ ਵੀ ਪਿੱਛੇ ਹੈ। ਹਾਲਾਂਕਿ ਪਾਕਿਸਤਾਨ (145), ਬੰਗਲਾਦੇਸ਼ (151) ਤੇ ਚੀਨ (177) ਤੋਂ ਭਾਰਤ ਦੀ ਸਥਿਤੀ ਬਿਹਤਰ ਹੈ। ਭਾਰਤ ਦਾ ਸਥਾਨ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਹੇਠਾਂ ਖਿਸਕ ਰਿਹਾ ਹੈ।


ਇਹ ਵੀ ਪੜ੍ਹੋ- ਮਾਪਿਆਂ ਦਾ ਕਤਲ ਕਰ ਟਰਾਲੀ 'ਚ ਪਾ ਦੂਜੇ ਪਿੰਡ ਸੁੱਟ ਆਇਆ ਨੌਜਵਾਨ



ਇੱਕ ਰਿਪੋਰਟ ਮੁਤਾਬਕ ਭਾਰਤ 'ਚ 2014 ਤੋਂ 2019 ਤਕ ਪੱਤਰਕਾਰਾਂ 'ਤੇ ਲਗਾਤਾਰ 198 ਹਮਲੇ ਹੋਏ। ਇਨ੍ਹਾਂ 'ਚੋਂ 36 ਹਮਲੇ 2019 'ਚ ਹੋਏ। 40 ਹਮਲਿਆਂ 'ਚ ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਗਈ, ਇਨ੍ਹਾਂ 'ਚ 21 ਕਤਲ ਸਿੱਧੇ ਤੌਰ 'ਤੇ ਖ਼ਬਰ ਛਾਪਣ ਤੋਂ ਨਾਰਾਜ਼ ਹੋਣ 'ਤੇ ਕੀਤੇ ਗਏ। ਕੁੱਲ ਹਮਲਿਆਂ ਦੇ ਇਕ ਤਿਹਾਈ 'ਚ ਐਫਆਈਆਰ ਤਕ ਦਰਜ ਨਹੀਂ ਹੋਈ।


ਦੁਨੀਆਂ ਭਰ ਦੇ ਕਈ ਦੇਸ਼ਾਂ 'ਚ ਪੱਤਰਕਾਰਾਂ ਤੇ ਪ੍ਰੈੱਸ 'ਤੇ ਅੱਤਿਆਚਾਰ ਹੁੰਦਾ ਹੈ। ਮੀਡੀਆ ਸੰਗਠਨਾਂ ਨੂੰ ਸਰਕਾਰਾਂ ਪ੍ਰੇਸ਼ਾਨ ਕਰਦੀਆਂ ਹਨ। ਇਸ਼ਤਿਹਾਰ ਬੰਦ ਕਰਕੇ ਆਰਥਿਕ ਰੂਪ ਤੋਂ ਨੁਕਸਾਨ ਪਹੁੰਚਾਇਆ ਜਾਂਦਾ ਹੈ। ਪੱਤਰਕਾਰਾਂ 'ਤੇ ਹਮਲੇ ਕੀਤੇ ਜਾਂਦੇ ਹਨ। ਇਸ ਦੇ ਮੱਦੇਨਜ਼ਰ ਯੂਨੈਸਕੋ ਨੇ 1993 'ਚ ਵਰਲਡ ਪ੍ਰੈੱਸ ਫ੍ਰੀਡਮ ਡੇਅ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਯੂਨੈਸਕੋ ਹਰ ਸਾਲ ਇਸ ਦਾ ਥੀਮ ਤੇ ਮੇਜ਼ਬਾਨ ਦੇਸ਼ ਤੈਅ ਕਰਦਾ ਹੈ। ਇਸ ਸਾਲ ਦਾ ਥੀਮ 'ਸੇਫਟੀ ਆਫ਼ ਜਰਨਲਿਸਟ ਪ੍ਰੈਸ ਫ੍ਰੀਡਮ ਐਂਡ ਮੀਡੀਆ ਕੈਪਚਰ' ਰੱਖਿਆ ਗਿਆ ਤੇ ਮੇਜ਼ਬਾਨੀ ਨੀਦਰਲੈਂਡ ਨੂੰ ਮਿਲੀ ਹੈ।


ਜ਼ਰੂਰ ਪੜ੍ਹੋ- ਗਰੀਨ ਤੋਂ ਰੈੱਡ ਜ਼ੋਨ 'ਚ ਤਬਦੀਲ ਹੋਇਆ ਬਠਿੰਡਾ, 33 ਲੋਕਾਂ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ



 ਅਫਰੀਕਾ 'ਚ ਪੱਤਰਕਾਰਾਂ ਨੇ 1991 'ਚ ਪ੍ਰੈੱਸ ਦੀ ਆਜ਼ਾਦੀ ਨੂੰ ਲੈ ਕੇ ਇੱਕ ਪਹਿਲ ਕੀਤੀ ਸੀ। ਯੂਨੈਸਕੋ ਨੇ ਇਸ ਸਬੰਧੀ ਨਾਮੀਬੀਆ 'ਚ ਇਕ ਸੰਮੇਲਨ ਕੀਤਾ ਸੀ। ਇਹ ਸੰਮੇਲਨ 29 ਅਪ੍ਰੈਲ ਤੋਂ ਤਿੰਨ ਮਈ ਤਕ ਚੱਲਿਆ ਸੀ। ਇਸ ਮਗਰੋਂ ਪ੍ਰੈਸ ਦੀ ਆਜ਼ਾਦੀ ਨਾਲ ਜੁੜਿਆ ਇਕ ਬਿਆਨ ਜਾਰੀ ਕੀਤਾ ਗਿਆ ਸੀ। ਇਸ ਨੂੰ 'ਡੈਕਲੇਰੇਸ਼ਨ ਆਫ਼ ਵਿੰਡੋਕ' ਕਿਹਾ ਜਾਂਦਾ ਹੈ। ਇਸ ਸੰਮੇਲਨ ਦੀ ਦੂਜੀ ਐਨੀਵਰਸਰੀ ਤੇ 1993 'ਚ ਯੂਨੈਸਕੋ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਹਰ ਸਾਲ ਤਿੰਨ ਮਈ ਨੂੰ ਵਰਲਡ ਪ੍ਰੈੱਸ ਫ੍ਰੀਡਮ ਡੇਅ ਮਨਾਉਣ ਦਾ ਫੈਸਲਾ ਲਿਆ ਸੀ।

2020 ਦੇ ਵਰਲਡ ਪ੍ਰੈਸ ਫ੍ਰੀਡਮ ਇੰਡੈਕਸ 'ਚ ਨੌਰਵੇ ਪਹਿਲੇ ਸਥਾਨ 'ਤੇ ਅਤੇ ਨੌਰਥ ਕੋਰੀਆ ਆਖਰੀ ਨੰਬਰ 'ਤੇ ਹੈ। ਨੌਰਵੇ ਚਾਰ ਸਾਲ ਤੋਂ ਲਗਾਤਾਰ ਪਹਿਲੇ ਸਥਾਨ 'ਤੇ ਕਾਬਜ਼ ਹੈ।


ਦੁਨੀਆਂ ਭਰ 'ਚ ਪੱਤਰਕਾਰਾਂ ਦੀ ਸੁਰੱਖਿਆ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਦੇ ਮਹਾਸਕੱਤਰ ਕ੍ਰਿਸਟੋਫ ਡੇਲੋਏਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਦੁਨੀਆਂ ਭਰ ਦੇ ਮੀਡੀਆ 'ਤੇ ਗਲਤ ਅਸਰ ਪਾਇਆ ਹੈ। ਚੀਨ, ਇਰਾਨ ਤੇ ਇਰਾਕ ਸਮੇਤ ਕਈ ਅਜਿਹੇ ਦੇਸ਼ ਹਨ ਜਿੱਥੇ ਦੇ ਮੀਡੀਆ ਨੇ ਸਰਕਾਰ ਦੇ ਦਬਾਅ 'ਚ ਸਹੀ ਜਾਣਕਾਰੀ ਨਹੀਂ ਦਿੱਤੀ। ਇਰਾਨ 'ਚ ਕੋਰੋਨਾ ਦੇ ਅਧਿਕਾਰਤ ਅੰਕੜਿਆਂ 'ਤੇ ਸਵਾਲ ਚੁੱਕਣ ਵਾਲੀ ਸਟੋਰੀ ਪ੍ਰਕਾਸ਼ਤ ਕਰਨ 'ਤੇ ਨਿਊਜ਼ ਏਜੰਸੀ ਰਾਇਟਰਸ ਦਾ ਲਾਇਸੈਂਸ ਤਿੰਨ ਮਹੀਨੇ ਲਈ ਰੱਦ ਕਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ- 29 ਅਪ੍ਰੈਲ ਤੱਕ ਖ਼ਤਮ ਹੋ ਜਾਵੇਗੀ ਦੁਨੀਆ! ਜਾਣੋਂ ਕੀ ਹੈ ਸਚਾਈ