ਮਿਲੋ ਪੰਜਾਬ ਦੀ 6 ਸਾਲਾ ਐਜੂ. ਮਾੱਡਲ ਜਸ਼ਨੀਤ ਕੌਰ ਨੂੰ
ਪੰਜਾਬ ਦੀ ਵਿਦਿਅਕ ਮਾਡਲ (ਐਜੂ. ਮਾਡਲ) 6 ਸਾਲਾ ਜਸ਼ਨੀਤ ਕੌਰ ਅੱਜਕੱਲ੍ਹ ਪੰਜਾਬ ਸਰਕਾਰ ਦੇ ਅਖ਼ਬਾਰੀ ਇਸ਼ਤਿਹਾਰਾਂ, ਟੈਲੀਵਿਜ਼ਨ ਮੁਹਿੰਮਾਂ, ਸੋਸ਼ਲ ਮੀਡੀਆ ਦੀ ਪ੍ਰਚਾਰ ਤੇ ਪਾਸਾਰ ਸਮੱਗਰੀ, ਵ੍ਹਟਸਐਪ ਦੀਆਂ ਪ੍ਰਦਰਿਸ਼ਿਤ ਤਸਵੀਰਾਂ ਵਿੱਚ ਛਾਈ ਹੋਈ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਪੰਜਾਬ ਦੀ ਵਿਦਿਅਕ ਮਾਡਲ (ਐਜੂ. ਮਾਡਲ) 6 ਸਾਲਾ ਜਸ਼ਨੀਤ ਕੌਰ ਅੱਜਕੱਲ੍ਹ ਪੰਜਾਬ ਸਰਕਾਰ ਦੇ ਅਖ਼ਬਾਰੀ ਇਸ਼ਤਿਹਾਰਾਂ, ਟੈਲੀਵਿਜ਼ਨ ਮੁਹਿੰਮਾਂ, ਸੋਸ਼ਲ ਮੀਡੀਆ ਦੀ ਪ੍ਰਚਾਰ ਤੇ ਪਾਸਾਰ ਸਮੱਗਰੀ, ਵ੍ਹਟਸਐਪ ਦੀਆਂ ਪ੍ਰਦਰਿਸ਼ਿਤ ਤਸਵੀਰਾਂ ਵਿੱਚ ਛਾਈ ਹੋਈ ਹੈ। ਉਹ ਹਰੇਕ ਤਸਵੀਰ ਵਿੱਚ ਹੱਸਦੀ ਦਿੱਸਦੀ ਹੈ। ਉਹ ਸਕੂਲ ਦੀ ਵਰਦੀ ਵਿੱਚ ਦਿੱਸਦੀ ਹੈ। ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਸਾਰੀਆਂ ਗਤੀਵਿਧੀਆਂ, ਸਮਾਜਕ ਮੁਹਿੰਮਾਂ; ਜਿਵੇਂ ‘ਘਰ ਬੈਠੇ ਸ਼ਿਖ਼ਸ਼ਾ’, ‘ਲਾਇਬ੍ਰੇਰੀ ਲੰਗਰ’, ‘ਮਿਸ਼ਨ ਸ਼ਤ ਪ੍ਰਤੀਸ਼ਤ’ ਤੇ ਹੋਰ ਸਰਕਾਰੀ ਗਤੀਵਿਧੀਆਂ ਵਿੱਚ ਇਸੇ ਬੱਚੀ ਦੀ ਤਸਵੀਰ ਨੂੰ ਵਰਤਿਆ ਜਾ ਰਿਹਾ ਹੈ।
ਜਸ਼ਨੀਤ ਕੌਰ ਆਪਣੇ ਮਾਪਿਆਂ ਨਾਲ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਵੜਾ ਭਾਈਕਾ ਪਿੰਡ ’ਚ ਰਹਿ ਰਹੀ ਹੈ। ਉਸ ਦੇ ਪਿਤਾ ਜਗਜੀਤ ਸਿੰਘ ਇੱਕ ਫ਼ੈਕਟਰੀ ਵਰਕਰ ਹਨ ਤੇ ਉਸ ਦੀ 12ਵੀਂ ਪਾਸ ਮਾਂ ਸੁਖਦੀਪ ਕੌਰ ਘਰੇਲੂ ਸੁਆਣੀ ਹਨ। ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਜਸ਼ਨੀਤ ਇਸ ਵੇਲੇ ਦੂਜੀ ਜਮਾਤ ਵਿੱਚ ਪੜ੍ਹ ਰਹੀ ਹੈ।
ਪਿਤਾ ਜਗਜੀਤ ਸਿੰਘ ਧਾਗਾ ਫ਼ੈਕਟਰੀ ’ਚ ਕੰਮ ਕਰਦੇ ਹਨ ਤੇ ਇੱਕ ਮਹੀਨੇ ’ਚ ਉਨ੍ਹਾਂ ਦੀ 7,000 ਰੁਪਏ ਤਨਖਾਹ ਹੈ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਜਸ਼ਨੀਤ ਕੌਰ ਦੇ ਪਰਿਵਾਰ ਕੋਲ 3.5 ਏਕੜ ਵਾਹੀਯੋਗ ਜ਼ਮੀਨ ਵੀ ਹੈ, ਜੋ ਉਨ੍ਹਾਂ ਕੌਂਟਰੈਕਟ ਫ਼ਾਰਮਿੰਗ ਲਈ ਦਿੱਤੀ ਹੋਈ ਹੈ।
ਜਸ਼ਨੀਤ ਦੇ ਮਾਪਿਆਂ ਨੇ ਕਦੇ ਮੁੰਡੇ ਜਾਂ ਕੁੜੀ ਵਿਚਾਲੇ ਕੋਈ ਫ਼ਰਕ ਨਹੀਂ ਸਮਝਿਆ। ਜਸ਼ਨੀਤ ਕੌਰ ਦੇ ਪੈਦਾ ਹੋਣ ’ਤੇ ਬਾਕਾਇਦਾ ਲੋਹੜੀ ਮਨਾਈ ਗਈ ਸੀ। ਹੁਣ ਇਸ ਪਰਿਵਾਰ ਨੂੰ ਆਪਣੀ ਧੀ ਦਾ ਚਿਹਰਾ ਹਰ ਥਾਂ ਭਾਵ ਅਖ਼ਬਾਰਾਂ ਤੇ ਟੀਵੀ ’ਤੇ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ।
ਮਾਪੇ ਦੱਸਦੇ ਹਨ ਕਿ ਉਨ੍ਹਾਂ ਜਦੋਂ ਪਹਿਲੀ ਵਾਰ ਜਸ਼ਨੀਤ ਕੌਰ ਨੂੰ ਸਰਕਾਰੀ ਸਕੂਲ ’ਚ ਦਾਖ਼ਲ ਕਰਵਾਇਆ ਸੀ, ਤਦ ਉਨ੍ਹਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਵਿਚਾਰ ਜ਼ਰੂਰ ਸੀ ਕਿ ਉਨ੍ਹਾਂ ਨੂੰ ਆਪਣੀ ਬੱਚੀ ਕਿਸੇ ਵਧੀਆ ਪ੍ਰਾਈਵੇਟ ਸਕੂਲ ’ਚ ਦਾਖ਼ਲ ਕਰਵਾਉਣੀ ਚਾਹੀਦੀ ਹੈ। ਪਰ ਤਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਵੜਾ ਭਾਈਕਾ ਦੇ ਸਕੂਲ ਨੂੰ ‘ਸਮਾਰਟ ਸਕੂਲ’ ਬਣਾ ਦਿੱਤਾ ਗਿਆ ਹੈ ਤੇ ਉੱਥੇ ਵੀ ਕਿਸੇ ਪ੍ਰਾਈਵੇਟ ਸਕੂਲ ਵਰਗੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ।
ਇੱਕ ਵਾਰ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਜਸ਼ਨੀਤ ਕੌਰ ਨੂੰ ਮਿਲਣ ਲਈ ਆਏ ਸਨ ਤੇ ਉਨ੍ਹਾਂ ਤਦ ਜਸ਼ਨੀਤ ਕੌਰ ਨੂੰ ‘ਪੰਜਾਬ ਦੀ ਬ੍ਰਾਂਡ ਅੰਬੈਸਡਰ’ ਐਲਾਨਿਆ ਸੀ।