ਪੰਜਾਬ ਕਾਂਗਰਸ ਲਈ ਨਵੀਂ ਮੁਸੀਬਤ! ਕੈਪਟਨ ਅਮਰਿੰਦਰ ਨੇ ਕੀਤਾ ਵੱਡਾ ਐਲਾਨ
ਪੰਜਾਬ ਕਾਂਗਰਸ ਦਾ ਪ੍ਰਧਾਨ ਤੇ ਮੁੱਖ ਮੰਤਰੀ ਬਦਲਣ ਦੇ ਬਾਵਜੂਦ ਕਲੇਸ਼ ਖਤਮ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਰਾਹ ਰੋਕਣ ਲਈ ਉਹ ਕੁਝ ਵੀ ਕਰ ਸਕਦੇ ਹਨ।
ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਪ੍ਰਧਾਨ ਤੇ ਮੁੱਖ ਮੰਤਰੀ ਬਦਲਣ ਦੇ ਬਾਵਜੂਦ ਕਲੇਸ਼ ਖਤਮ ਨਹੀਂ ਹੋਇਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਰਾਹ ਰੋਕਣ ਲਈ ਉਹ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਸਿੱਧੂ ਦੀਆਂ ਕੋਝੀਆਂ ਹਰਕਤਾਂ ਇਸੇ ਤਰ੍ਹਾਂ ਜਾਰੀ ਰਹੀਆਂ ਤਾਂ ਅਗਾਮੀ ਚੋਣਾਂ ਵਿੱਚ ਕਾਂਗਰਸ 9 ਤੋਂ ਵੱਧ ਸੀਟਾਂ ਨਹੀਂ ਜਿੱਤ ਸਕੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਭਵਿੱਖੀ ਰਣਨੀਤੀ ਘੜਨ ਲਈ ਆਪਣੇ ਨੇੜਲਿਆਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਉਮਰ ਨੂੰ ਕਦੇ ਵੀ ਰੁਕਾਵਟ ਵਜੋਂ ਨਹੀਂ ਦੇਖਿਆ। ਇਸ ਲਈ ਉਹ ਸਿਆਸੀ ਮੈਦਾਨ ਵਿੱਚ ਡਟੇ ਰਹਿਣਗੇ। ਕੈਪਟਨ ਨੇ ਹਮਾਇਤੀ ਦਾਅਵਾ ਕਰ ਰਹੇ ਹਨ ਕਿ ਉਹ ਵੱਡੇ ਧਮਾਕੇ ਨਾਲ ਵਾਪਸ ਆਉਣਗੇ। ਇਸ ਤੋਂ ਸਪਸ਼ਟ ਹੈ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਧੜਾ ਕਾਂਗਰਸ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ।
ਅਹਿਮ ਗੱਲ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਕੈਪਟਨ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਉੱਪਰ ਖੁੱਲ੍ਹ ਕੇ ਸਵਾਲ ਉਠਾਏ ਹਨ। ਉਨ੍ਹਾਂ ਨੇ ਰਾਹੁਲ ਤੇ ਪ੍ਰਿਅੰਕਾ ਨੂੰ ਗੈਰ-ਤਜਰਬੇਕਾਰ ਲੀਡਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਉਨ੍ਹਾਂ ਦੇ ਬੱਚਿਆਂ ਵਾਂਗ ਹਨ, ਪਰ ਨਾਲ ਇਹ ਵੀ ਆਖ ਦਿੱਤਾ ਕਿ ਗਾਂਧੀ ਪਰਿਵਾਰ ਦੇ ਫਰਜ਼ੰਦ ਗੈਰ-ਤਜਰਬੇਕਾਰ ਹਨ ਤੇ ਉਨ੍ਹਾਂ ਦੇ ਸਲਾਹਕਾਰ ਸਪੱਸ਼ਟ ਤੌਰ ’ਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।
ਕੈਪਟਨ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਤੇ ਦੇਸ਼ ਨੂੰ ਸਿੱਧੂ ਤੋਂ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਉਨ੍ਹਾਂ ਸਿੱਧੂ ਨੂੰ ਦੇਸ਼ ਲਈ ਖ਼ਤਰਾ ਦੱਸਿਆ। ਕੈਪਟਨ ਨੇ ਦਾਅਵਾ ਕੀਤਾ ਕਿ ਉਹ ਅਗਾਮੀ ਚੋਣਾਂ ਵਿੱਚ ਨਵਜੋਤ ਸਿੱਧੂ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ। ਬੇਅਦਬੀ ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਬਾਦਲਾਂ ਤੇ ਮਜੀਠੀਆ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੇ ਹੋਣ ਦੀਆਂ ਸ਼ਿਕਾਇਤਾਂ ਦੇ ਹਵਾਲੇ ਨਾਲ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਾਨੂੰਨ ਨੂੰ ਆਪਣਾ ਰਾਹ ਅਖ਼ਤਿਆਰ ਕਰਨ ਦੇਣ ਵਿੱਚ ਯਕੀਨ ਰੱਖਦੇ ਹਨ, ਪਰ ਜਿਹੜੇ ਲੋਕ ਇਹ ਸ਼ਿਕਾਇਤਾਂ ਕਰ ਰਹੇ ਸਨ, ਹੁਣ ਉਹ ਸੱਤਾ ਵਿੱਚ ਹਨ।
ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਗ੍ਰਹਿ ਵਿਭਾਗ ਚਲਾਉਣ ਦਾ ਉੱਕਾ ਹੀ ਤਜਰਬਾ ਨਹੀਂ ਤੇ ਉਪਰੋਂ ਸਰਹੱਦੀ ਸੂਬੇ ਵਿੱਚ ਹਾਲਤ ਗੰਭੀਰ ਹੁੰਦੇ ਜਾ ਰਹੇ ਹਨ। ਉਨ੍ਹਾਂ ਚੰਨੀ ਦੇ ਬਿੱਲ ਮੁਆਫੀ ਦੇ ਐਲਾਨ ’ਤੇ ਕਿਹਾ ਕਿ ਮੁੱਖ ਮੰਤਰੀ ਨੂੰ ਪਹਿਲਾਂ ਸਾਬਕਾ ਵਿੱਤ ਮੰਤਰੀ ਨਾਲ ਇਸ ਸਬੰਧੀ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਕੈਪਟਨ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਪੰਜਾਬ ਅੱਗੇ ਜਾ ਕੇ ਦੀਵਾਲੀਆ ਨਾ ਬਣੇ।
ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਸਿਰਫ਼ ਪਾਰਟੀ ਦੇ ਮਾਮਲਿਆਂ ’ਤੇ ਹੀ ਬੋਲਣਾ ਚਾਹੀਦਾ ਹੈ, ਪਰ ਪਾਰਟੀ ਪ੍ਰਧਾਨ ਨਵਜੋਤ ਸਿੱਧੂ, ਚੰਨੀ ਦੇ ਆਲੇ ਦੁਆਲੇ ਇੰਜ ਦਿਖਾਈ ਦਿੰਦੇ ਹਨ ਜਿਵੇਂ ਚੰਨੀ ਉਨ੍ਹਾਂ ਦੀ ਕਠਪੁਤਲੀ ਹੋਣ। ਉਨ੍ਹਾਂ ਕਿਹਾ ਕਿ ਸਿੱਧੂ ਆਪਣਾ ਮੰਤਰਾਲਾ ਤਾਂ ਸਾਂਭ ਨਹੀਂ ਸਕਿਆ ਤੇ ਹੁਣ ਕੈਬਨਿਟ ਚਲਾ ਰਿਹਾ ਹੈ।