SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
ਅੱਜ ਐਸਕੇਐਮ ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ ਹੋਈ। ਇਹ ਮੀਟਿੰਗ ਪਟਿਆਲਾ ਦੇ ਪਾਤੜਾਂ ਵਿਚ ਹੋਈ। ਜਿਥੇ ਦੋਵਾਂ ਪਾਸਿਓ ਤੋਂ ਉੱਘੇ ਕਿਸਾਨ ਆਗੂਆਂ ਨੇ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਵਿਚ ਜਿੱਥੇ ਸਾਰੀਆ ਜਥੇਬੰਦੀਆਂ...

ਪਾਤੜਾਂ ਵਿਖੇ ਕਿਸਾਨ ਜਥੇਬੰਦੀਆਂ/ਫੋਰਮਾਂ ਵਿਚਕਾਰ ਏਕਤਾ ਖਾਤਰ ਹੋਈ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮੋਗਾ ਮਹਾ-ਪੰਚਾਇਤ ਵਿੱਚ ਪਾਸ ਕੀਤੇ ਗਏ ਮਤੇ ਤੇ ਭਰਵਾਂ ਵਿਚਾਰ ਵਟਾਂਦਰਾ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਖੇਤੀ ਖੇਤਰ ਉੱਪਰ ਕਾਰਪੋਰੇਟ ਦੇ ਨਵੇਂ ਹਮਲੇ ਤਹਿਤ ਲਿਆਂਦੇ ਗਏ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਵਾਉਣ ਨੂੰ ਸੰਘਰਸ਼ ਦੀ ਮੁੱਖ ਮੰਗ ਬਣਾਉਣ ਸਮੇਤ ਅੱਠ ਨੁਕਾਤੀ ਮਤੇ ਸਬੰਧੀ ਐਸਕੇਐਮ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਭਵਿੱਖ ਵਿੱਚ ਅੱਗੇ ਹੋਰ ਵਿਚਾਰ ਵਟਾਂਦਰਾ ਕਰਨ ਲਈ ਅਤੇ ਆਪਸੀ ਤਾਲਮੇਲ ਬਿਠਾਉਣ ਲਈ ਕੰਮ ਕਰਨ ਦੀ ਗੱਲ ਆਖੀ ਗਈ। ਭਵਿੱਖ 'ਚ ਗੱਲਬਾਤ ਜਾਰੀ ਰੱਖਣ ਦੀ ਸਹਿਮਤੀ ਨਾਲ ਮੀਟਿੰਗ ਸਮਾਪਤ ਹੋ ਗਈ।
ਮੀਟਿੰਗ ਵਿਚ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਛੇਤੀ ਤੋਂ ਛੇਤੀ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਦੀ ਜਾਨ ਬਚਾਉਣ ਲਈ ਛੇਤੀ ਤੋਂ ਛੇਤੀ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦੇਵੇ ਤੇ ਕਿਸਾਨੀ ਮੰਗਾਂ ਨੂੰ ਗੰਭੀਰਤਾ ਨਾਲ ਲਵੇ।
ਸੰਸਦ ਮੈਂਬਰਾਂ ਦੇ ਘਰਾਂ ਅੱਗੇ ਦਿੱਤੇ ਜਾਣਗੇ ਧਰਨੇ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹੋ ਰਹੀ ਹਾਲਤ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਵਲੋਂ ਫੌਰੀ ਤੌਰ ਤੇ ਦੇਸ਼ ਵਿਆਪੀ ਸੰਘਰਸ਼ ਦੇ ਸੱਦੇ ਦਿੱਤੇ ਗਏ ਹਨ। ਮੋਰਚੇ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਰੱਦ ਕਰਵਾਉਣ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣ ਖਾਤਰ ਅਤੇ ਐਮਐਸਪੀ ਦਾ ਗਾਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਅਤੇ ਦਿੱਲੀ ਅੰਦੋਲਨ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ 20 ਜਨਵਰੀ ਨੂੰ ਦੇਸ਼ ਭਰ ਦੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਧਰਨੇ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਮੰਗ ਨੂੰ ਉਠਾਇਆ ਜਾਵੇਗਾ।
ਪੂਰਨ ਏਕਤਾ ਨੂੰ ਲੈ ਕੇ ਅਜੇ ਵੀ ਕੁਝ ਦਿੱਕਤਾਂ-ਪੰਧੇਰ
ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੀਟਿੰਗ ਦੌਰਾਨ ਪ੍ਰੋਗਰਾਮਾਂ ਦੀ ਏਕਤਾ ਬਾਰੇ ਚਰਚਾ ਹੋਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੂਰਨ ਏਕਤਾ ਨੂੰ ਲੈ ਕੇ ਅਜੇ ਵੀ ਕੁਝ ਦਿੱਕਤਾਂ ਹਨ। ਐਸਕੇਐਮ ਦੇ ਆਗੂਆਂ ਨੇ ਅਜੇ ਸਮਾਂ ਮੰਗਿਆ ਹੈ ਪਰ ਛੇਤੀ ਹੀ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਬਣਨ ਦੇ ਆਸਾਰ ਹਨ।
ਇਸ ਮੌਕੇ ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਸਾਡੀ ਸਾਰਿਆਂ ਦੀ ਲੜਾਈ ਸਾਂਝੀ ਹੈ ਤੇ ਉਹ ਲੜਾਈ ਕੇਂਦਰ ਦੀ ਜ਼ਾਲਮ ਮੋਦੀ ਸਰਕਾਰ ਵਿਰੁੱਧ ਹੈ। ਇਸ ਲਈ ਅਸੀਂ ਇਕੱਠੇ ਹੋ ਕੇ ਲੜਾਂਗੇ ਵੀ ਤੇ ਜਿੱਤਾ ਵੀ ਹਾਸਿਲ ਕਰਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਅੰਦੋਲਨ ਤੋਂ ਪਹਿਲਾਂ ਭਾਵੇਂ ਸਾਰੀਆਂ ਜਥੇਬੰਦੀਆਂ ਵੱਖ-ਵੱਖ ਸਨ ਪਰ ਲੋਕਾਂ ਦੇ ਦਬਾਅ ਕਾਰਨ ਸਾਰੀਆਂ ਜਥੇਬੰਦੀਆਂ ਇਕ ਹੋਈਆਂ ਤੇ ਲੜਾਈ ਜਿੱਤੀ। ਇਸੇ ਤਰ੍ਹਾਂ ਅੱਜ ਵੀ ਲੋਕਾਂ ਦਾ ਦਬਾਅ ਬਣ ਰਿਹਾ ਹੈ ਤੇ ਆਸਾਰ ਹੈ ਕਿ ਸਾਰੀਆਂ ਜਥੇਬੰਦੀਆਂ ਇਕੋ ਸਟੇਜ 'ਤੇ ਇਕੱਠੀਆਂ ਹੋਣਗੀਆਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
