ਪੰਜਾਬ ਵਿਚ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਕੀਤਾ ਜਾਵੇਗਾ ਮਜ਼ਬੂਤ: ਸਿਹਤ ਮੰਤਰੀ ਬਲਬੀਰ ਸਿੰਘ
Punjab News: ਸਿਹਤ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਗੁਰੂ ਨਗਰੀ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਪੱਸ਼ਟ ਕੀਤਾ
Punjab News: ਸਿਹਤ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਗੁਰੂ ਨਗਰੀ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਪੰਜਾਬ ਨੂੰ ਤੰਦਰੁਸਤ ਬਨਾਉਣਾ ਹੈ ਅਤੇ ਇਸ ਵਿਚ ਸਭ ਤੋਂ ਵੱਧ ਯੋਗਦਾਨ ਸਿਹਤ ਵਿਭਾਗ ਦਾ ਰਹਿਣਾ ਹੈ, ਸੋ ਤੁਸੀਂ ਇਸ ਟੀਚੇ ਦੀ ਪ੍ਰਾਪਤੀ ਲਈ ਸਰਕਾਰ ਦਾ ਡਟਵਾਂ ਸਾਥ ਦਿਉ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕੇਵਲ ਦਵਾਈਆਂ ਨਾਲ ਮਰੀਜ਼ ਦਾ ਇਲਾਜ ਹੀ ਨਹੀਂ, ਬਲਿਕ ਇਸ ਤਰਾਂ ਦੀ ਪ੍ਰਣਾਲੀ ਵਿਕਸਤ ਕੀਤੀ ਜਾਵੇਗੀ, ਜਿਸ ਵਿਚ ਮਰੀਜ਼ ਨੂੰ ਯੋਗ, ਮਨੋ ਚਕਿਤਸਕ ਸੇਵਾਵਾਂ, ਕਸਰਤ ਆਦਿ ਵੱਲ ਲਗਾ ਕੇ ਸੰਪੂਰਨ ਇਲਾਜ ਵੱਲ ਮੋੜਿਆ ਜਾਵੇਗਾ। ਉਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਕਿ ਕਿਸੇ ਵੀ ਵਿਅਕਤੀ ਦੀ ਮੌਤ ਇਲਾਜ ਖੁਣੋਂ ਨਾ ਹੋਵੇ। ਉਨਾਂ ਕਿਹਾ ਕਿ ਇਸ ਲਈ ਜਿੱਥੇ ਅਸੀਂ ਸਰਕਾਰੀ ਢਾਂਚਾ ਮਜ਼ਬੂਤ ਕਰਾਂਗੇ, ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀਆਂ ਸੇਵਾਵਾਂ ਵੀ ਲਾਵਾਂਗੇ। ਉਨਾਂ ਡਾਕਟਰਾਂ, ਸਿਹਤ ਕਰਮੀਆਂ ਤੇ ਹੋਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਆਪ ਆਪਣੀਆਂ ਗੱਡੀਆਂ ਵਿਚ ਫਸਟ ਏਡ ਕਿੱਟ ਰੱਖਣ, ਉਥੇ ਆਪਣੇ ਮਿਤਰਾਂ, ਦੋਸਤਾਂ ਤੇ ਹੋਰ ਲੋਕਾਂ ਨੂੰ ਵੀ ਮੁੱਢਲੀ ਸਹਾਇਤਾ ਦੀ ਸਿੱਖਿਆ ਦੇ ਕੇ ਇਸ ਲਈ ਪ੍ਰੇਰਿਤ ਕਰਨ। ਉਨਾਂ ਕਿਹਾ ਕਿ ਸੜਕ ਹਾਦਸਿਆਂ, ਦਿਲ ਦੇ ਦੌਰੇ ਜਾਂ ਹੋਰ ਕੇਸਾਂ ਵਿਚ ਜੇਕਰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਜਾਨਾਂ ਬਚ ਸਕਦੀਆਂ ਹਨ।
ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਉਨਾਂ ਕਿਹਾ ਕਿ ਇਸ ਦੇ ਚੰਗੇ ਨਤੀਜੇ ਮਿਲੇ ਹਨ ਅਤੇ ਥੋੜ੍ਹੇ ਜਿਹੇ ਅਰਸੇ ਵਿਚ 10 ਲੱਖ ਤੋਂ ਵੱਧ ਲੋਕਾਂ ਨੂੰ ਇਹ ਕਲੀਨਿਕ ਸੇਵਾਵਾਂ ਦੇ ਚੁੱਕੇ ਹਨ। ਉਨਾਂ ਦੱਸਿਆ ਕਿ 27 ਜਨਵਰੀ ਨੂੰ 400 ਤੋਂ ਵੱਧ ਆਮ ਆਦਮੀ ਕਲੀਨਿਕ ਹੋਰ ਸ਼ੁਰੂ ਕੀਤੇ ਜਾ ਰਹੇ ਹਨ, ਜਿਸਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ।
ਨਸ਼ਿਆਂ ਦੇ ਖਾਤਮੇ ਲਈ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਾਰੇ ਗੱਲ ਕਰਦੇ ਸਿਹਤ ਮੰਤਰੀ ਨੇ ਕਿਹਾ ਕਿ ਨਸ਼ੇ ਨੂੰ ਰੋਕਣਾ ਭਾਵੇਂ ਸਾਡਾ ਕੰਮ ਨਹੀਂ, ਪਰ ਨਸ਼ਾ ਕਰਨ ਲੱਗੇ ਰੋਗੀ ਨੂੰ ਮੁੜ ਜਿੰਦਗੀ ਦੇਣੀ ਡਾਕਟਰਾਂ ਦਾ ਕੰਮ ਹੈ। ਉਨਾਂ ਕਿਹਾ ਕਿ ਰੋਗੀ ਨੂੰ ਇਕ ਨਾਜਾਇਜ਼ ਨਸ਼ੇ ਤੋਂ ਦਵਾਈ ਦੇ ਨਸ਼ੇ ਵੱਲ ਮੋੜ ਦੇਣਾ ਇਲਾਜ ਨਹੀਂ, ਬਲਕਿ ਉਸਨੂੰ ਨਸ਼ੇ ਵਿਚੋਂ ਕੱਢ ਕੇ ਨਵੀਂ ਜਿੰਦਗੀ ਦਿਉ। ਉਨਾਂ ਕਿਹਾ ਕਿ ਉਹ ਸਿਹਤ ਵਿਭਾਗ ਦਾ ਡੈਟਾ ਇਕੱਠਾ ਕਰ ਰਹੇ ਹਨ ਅਤੇ ਛੇਤੀ ਹੀ ਰੈਸਲੇਨਾਈਜੇਸ਼ਨ ਕਰਕੇ ਲੋੜ ਅਨੁਸਾਰ ਡਾਕਟਰਾਂ ਤੇ ਸਿਹਤ ਕਰਮੀਆਂ ਦੀ ਤਾਇਨਾਤੀ ਕਰਨਗੇ। ਇਸ ਮੌਕੇ ਵਿਧਾਇਕ ਜਸਬੀਰ ਸਿੰਘ ਸੰਧੂ, ਵਿਧਾਇਕਾ ਜੀਵਨਜੋਤ ਕੌਰ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਬਲਬੀਰ ਸਿੰਘ ਨੂੰ ਅੰਮ੍ਰਿਤਸਰ ਆਉਣ ਉਤੇ ਜੀ ਆਇਆਂ ਕਿਹਾ।
ਇਸ ਮਗਰੋਂ ਸਿਹਤ ਮੰਤਰੀ ਨੇ ਪੁਤਲੀਘਰ ਸਥਿਤ ਉਸ ਸਥਾਨ ਦਾ ਦੌਰਾ ਕੀਤਾ, ਜਿਥੋਂ 27 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ 400 ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ ਜਾਣੇ ਹਨ।