ਕੇਂਦਰ ਖ਼ਿਲਾਫ਼ ਲੋਕ ਰੋਸ ਹੋਇਆ ਤੇਜ਼, ਰੇਲ ਰੋਕੋ ਦੇ ਸੱਦੇ ਨੂੰ ਦੇਸ਼ ਭਰ 'ਚ ਭਰਵਾਂ ਹੁੰਗਾਰਾ
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਤਹਿਤ ਰੇਲ-ਰੋਕੋ ਅੰਦੋਲਨ ਪ੍ਰੋਗਰਾਮ ਤਹਿਤ ਦੇਸ਼ ਭਰ 'ਚ ਸੈਂਕੜੇ ਥਾਵਾਂ 'ਤੇ 12 ਤੋਂ 4 ਵਜੇ ਤੱਕ ਸ਼ਾਂਤਮਈ ਰੋਸ-ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕੀਆਂ ਗਈਆਂ।
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਤਹਿਤ ਰੇਲ-ਰੋਕੋ ਅੰਦੋਲਨ ਪ੍ਰੋਗਰਾਮ ਤਹਿਤ ਦੇਸ਼ ਭਰ 'ਚ ਸੈਂਕੜੇ ਥਾਵਾਂ 'ਤੇ 12 ਤੋਂ 4 ਵਜੇ ਤੱਕ ਸ਼ਾਂਤਮਈ ਰੋਸ-ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕੀਆਂ ਗਈਆਂ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਥਾਵਾਂ 'ਤੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਦੇ ਕਿਸਾਨ ਅੰਦੋਲਨ ਪ੍ਰਤੀ ਅਪਣਾਏ ਰੁਖ਼ ਖ਼ਿਲਾਫ਼ ਰੋਸ ਪ੍ਰਗਟਾਇਆ।
ਆਗੂਆਂ ਨੇ ਕਿਹਾ ਕਿ MSP ਦੀ ਕਾਨੂੰਨੀ ਗਾਰੰਟੀ ਲਈ, 3 ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਦਿੱਲੀ ਵਿਖੇ ਕਰੀਬ 3 ਮਹੀਨਿਆਂ ਤੋੰ ਕਿਸਾਨ-ਅੰਦੋਲਨ ਕਰ ਰਹੇ ਹਨ, ਪਰ ਸਰਕਾਰ ਨਾਲ ਗੱਲਬਾਤ ਟੁੱਟਣ ਮਗਰੋਂ ਲੋਕ-ਰੋਹ ਹੋਰ ਤੇਜ਼ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਹਰ ਹਾਲ ਕਾਨੂੰਨ ਰੱਦ ਕਰਨੇ ਪੈਣਗੇ।
ਵੱਖ-ਵੱਖ ਥਾਵਾਂ 'ਤੇ ਸੰਬੋਧਨ ਕਰਦਿਆਂ ਕਿਸਾਨ-ਆਗੂਆਂ ਨੇ ਲੋਕਾਂ ਨੂੰ ਅੰਦੋਲਨ ਮਜ਼ਬੂਤ ਕਰਨ ਲਈ ਦਿੱਲੀ ਵੱਲ ਵਹੀਰਾਂ ਘੱਤਣ ਦੀ ਅਪੀਲ ਕੀਤੀ। ਕਿਸਾਨ ਆਗੂਆਂ ਨੇ ਅੱਜ ਦੇ ਸੱਦੇ ਨੂੰ ਲਾਮਿਸਾਲ ਕਾਮਯਾਬ ਕਰਨ ਅਤੇ ਸਾਂਝੀ ਕਿਸਾਨ ਲੀਡਰਸ਼ਿਪ ਤੇ ਬੇਅੰਤ ਭਰੋਸਾ ਜਤਾਉਣ ਲਈ ਦੇਸ਼ ਦੇ ਮਜ਼ਦੂਰਾਂ, ਕਿਸਾਨ ਤੇ ਹੋਰ ਮਿਹਨਤੀ ਵਰਗਾਂ ਅਤੇ ਇਨਸਾਫ਼ ਪਸੰਦ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਆਵਾਮ ਵੱਲੋਂ ਦਿੱਤੇ ਜਾ ਰਹੇ ਬੇਮਿਸਾਲ ਸਹਿਯੋਗ ਅਤੇ ਚੌਤਰਫਾ ਸੰਗਰਾਮੀ ਸਰਗਰਮੀ ਤੋਂ ਇਹ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ ਕਿ ਕਿਸਾਨ ਅੰਦੋਲਨ ਜ਼ਰੂਰੀ ਫਤਹਿਯਾਬ ਹੋਵੇਗਾ ਅਤੇ ਮੋਦੀ ਸਰਕਾਰ ਦੇ ਇਰਾਦੇ ਅਸਫਲ ਕੀਤੇ ਜਾਣਗੇ।