Punjab News: ਪੰਜਾਬ 'ਚ 105 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ, ਖੁਰਾਕ ਮੰਤਰੀ ਨੇ ਕਹੀ ਵੱਡੀ ਗੱਲ
ਪੰਜਾਬ 'ਚ ਸ਼ੁੱਕਰਵਾਰ ਨੂੰ ਸੂਬੇ ਭਰ ਦੀਆਂ ਮੰਡੀਆਂ 'ਚ ਕਣਕ ਦੀ ਆਮਦ 105 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ। ਇਸ ਤੋਂ ਇਲਾਵਾ ਸਰਕਾਰੀ ਏਜੰਸੀਆਂ ਵੱਲੋਂ 100 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
Punjab News ਪੰਜਾਬ 'ਚ ਕਣਕ ਦੀ ਆਮਦ 105 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ। ਇਹ ਪਿਛਲੇ ਸਾਲ ਦੀ ਕੁੱਲ ਆਮਦ 102.7 ਲੱਖ ਮੀਟ੍ਰਿਕ ਟਨ ਨਾਲੋਂ ਵੱਧ ਹੈ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚਕ ਨੇ ਕਿਹਾ, ਸਰਕਾਰੀ ਏਜੰਸੀਆਂ ਦੁਆਰਾ 100 ਲੱਖ ਮੀਟ੍ਰਿਕ ਟਨ ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਤਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮੰਡੀਆਂ ਵਿੱਚ 4.5 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਅਤੇ ਇਸ ਰੁਝਾਨ ਨਾਲ ਕੁੱਲ ਕਣਕ ਦੀ ਖਰੀਦ ਪਿਛਲੇ ਸੀਜ਼ਨ ਨਾਲੋਂ ਘੱਟੋ-ਘੱਟ 20 ਲੱਖ ਮੀਟ੍ਰਿਕ ਟਨ ਵੱਧ ਹੋਵੇਗੀ।
'ਖਰੀਦ ਦੇ 48 ਘੰਟਿਆਂ ਦੇ ਅੰਦਰ ਭੁਗਤਾਨ ਕੀਤਾ ਜਾਵੇਗਾ'
ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਸਾਰੇ ਰਿਕਾਰਡ ਤੋੜਦੇ ਹੋਏ ਸ਼ੁੱਕਰਵਾਰ ਤੱਕ 5,72,822 ਕਿਸਾਨਾਂ ਨੂੰ ਅਦਾਇਗੀ ਲਈ 18,366 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਖਰੀਦ ਦੇ 48 ਘੰਟਿਆਂ ਦੇ ਅੰਦਰ ਕਿਸਾਨਾਂ ਨੂੰ ਅਦਾਇਗੀ ਜਾਰੀ ਕੀਤੀ ਜਾਵੇ। ਮੰਤਰੀ ਨੇ ਅੱਗੇ ਦੱਸਿਆ ਕਿ ਕਣਕ ਦੀ ਖਰੀਦ ਵਿੱਚ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਸੂਬੇ ਵਿੱਚ ਵਾਹਨ ਟਰੈਕਿੰਗ ਸਿਸਟਮ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜੀਪੀਐਸ ਫਿੱਟ ਵਾਹਨਾਂ ਦੀ ਗਿਣਤੀ 30,000 ਤੋਂ ਵੱਧ ਹੋ ਗਈ ਹੈ। ਵਾਹਨ ਟਰੈਕਿੰਗ ਸਿਸਟਮ ਰਾਹੀਂ 20,2250 ਤੋਂ ਵੱਧ ਔਨਲਾਈਨ ਗੇਟ ਪਾਸ ਜਾਰੀ ਕੀਤੇ ਗਏ ਹਨ।
ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ
ਦੱਸ ਦਈਏ ਕਿ ਇਸ ਵਾਰ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛੀ ਨਜ਼ਰ ਆਈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ 'ਚ ਬਾਰਿਸ਼ ਕਾਰਨ ਕਰੀਬ 14 ਲੱਖ ਹੈਕਟੇਅਰ ਫਸਲ ਬਰਬਾਦ ਹੋ ਗਈ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੀੜਤ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: Wheat Procurement: ਬੇਮੌਸਮੀ ਬਾਰਸ਼ ਵੀ ਬੇਅਸਰ, ਦੇਸ਼ ਵਿੱਚ ਕਣਕ ਦੀ ਖਰੀਦ 42 ਲੱਖ ਟਨ ਵਧੀ