Punjab News: ਪੰਜਾਬੀ ਹੋ ਜਾਣ ਸਾਵਧਾਨ! ਵਿਗੀਆਨੀਆਂ ਨੂੰ ਜੀਨਾਂ 'ਚ ਮਿਲੀ ਅਜਿਹੀ ਸ਼ੈਅ ਜੋ ਹੋਸ਼ ਉਡਾ ਦੇਵੇਗੀ
Punjab News: ਕਿਸੇ ਵੇਲੇ ਆਪਣੀ ਤੰਦਰੁਸਤੀ ਲਈ ਜਾਣੇ ਜਾਂਦੇ ਪੰਜਾਬੀ ਵੱਡੀ ਮੁਸੀਬਤ ਵਿੱਚ ਘਿਰਦੇ ਜਾ ਰਹੇ ਹਨ। ਪਿਛਲੇ ਸਮੇਂ ਦੌਰਾਨ ਪੰਜਾਬੀਆਂ ਵਿੱਚ ਹਾਰਟ ਅਟੈਕ ਤੇ ਸਟ੍ਰੋਕ ਨਾਲ ਮੌਤਾਂ ਦੀ ਗਿਣਤੀ ਵਧੀ ਹੈ। ਇਸ ਬਾਰੇ ਕਈ ਕਾਰਨ ਦੱਸੇ ਜਾਂਦੇ

Punjab News: ਕਿਸੇ ਵੇਲੇ ਆਪਣੀ ਤੰਦਰੁਸਤੀ ਲਈ ਜਾਣੇ ਜਾਂਦੇ ਪੰਜਾਬੀ ਵੱਡੀ ਮੁਸੀਬਤ ਵਿੱਚ ਘਿਰਦੇ ਜਾ ਰਹੇ ਹਨ। ਪਿਛਲੇ ਸਮੇਂ ਦੌਰਾਨ ਪੰਜਾਬੀਆਂ ਵਿੱਚ ਹਾਰਟ ਅਟੈਕ ਤੇ ਸਟ੍ਰੋਕ ਨਾਲ ਮੌਤਾਂ ਦੀ ਗਿਣਤੀ ਵਧੀ ਹੈ। ਇਸ ਬਾਰੇ ਕਈ ਕਾਰਨ ਦੱਸੇ ਜਾਂਦੇ ਹਨ ਪਰ ਹੁਣ ਤਾਜ਼ਾ ਖੋਜ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਪੰਜਾਬੀਆਂ ਅੰਦਰ ਖਾਸ ਜੀਨਾਂ ਦੇ ਗਰੁੱਪ ਮਿਲੇ ਹਨ ਜਿਨ੍ਹਾਂ ਨਾਲ ਸਟ੍ਰੋਕ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ। ਇਹ ਖੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜੀ ਨੇ ਕੀਤੀ ਹੈ।
ਦਰਅਸਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਕੀਤੀ ਗਈ ਇੱਕ ਖੋਜ ਨੇ ਪੰਜਾਬੀਆਂ ਵਿੱਚ ਜੀਨਾਂ ਦੇ ਇੱਕ ਸਮੂਹ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਮੌਜੂਦਗੀ ਸਟ੍ਰੋਕ ਦੇ ਜੋਖਮ ਨੂੰ ਦੁੱਗਣਾ ਕਰ ਸਕਦੀ ਹੈ। ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਤੋਂ ਡਾ. ਪੁਨੀਤ ਪਾਲ ਸਿੰਘ ਦੀ ਅਗਵਾਈ ਹੇਠ ਖੋਜਕਰਤਾ ਡਾ. ਨਿਤਿਨ ਕੁਮਾਰ ਦੀ ਖੋਜ ਨੇ ਇੱਕ ਨਵੀਂ ਹੈਪਲੋਟਾਈਪ (ਜੀਨਾਂ ਦੇ ਐਲੀਲਸ ਰੂਪ ਦੇ ਸੁਮੇਲ) ਦਾ ਖੁਲਾਸਾ ਕੀਤਾ ਹੈ ਜੋ ਪੰਜਾਬ ਦੀ ਆਬਾਦੀ ਵਿੱਚ ਸਟ੍ਰੋਕ ਦੀ ਇੱਕ ਵਿਸ਼ੇਸ਼ ਕਿਸਮ ਇਸਕੈਮਿਕ ਸਟ੍ਰੋਕ ਲਈ ਇੱਕ ਮਹੱਤਵਪੂਰਨ ਜੋਖਮ ਪੈਦਾ ਕਰਦਾ ਹੈ।
ਇਹ ਖੋਜ ਵੱਕਾਰੀ ਜਰਨਲ ਇੰਟਰਨੈਸ਼ਨਲ ਜਰਨਲ ਆਫ਼ ਇਮਿਊਨੋਜੈਨੇਟਿਕਸ ਵਿੱਚ ਪ੍ਰਕਾਸ਼ਿਤ ਹੋਈ ਹੈ। ਡਾ. ਪੁਨੀਤ ਪਾਲ ਸਿੰਘ ਨੇ ਇਸ ਸਬੰਧ ਵਿੱਚ ਕਿਹਾ ਕਿ ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ, ਜਿਸ ਦੇ ਨਤੀਜੇ ਵਜੋਂ ਮੌਤ ਜਾਂ ਅਪੰਗਤਾ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਸਟ੍ਰੋਕ ਨੂੰ ਦੁਨੀਆ ਭਰ ਵਿੱਚ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਮੰਨਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਮੌਤ ਦੇ ਕਾਰਨਾਂ ਵਿੱਚੋਂ ਚੌਥੇ ਸਥਾਨ 'ਤੇ ਹੈ।
ਉਨ੍ਹਾਂ ਕਿਹਾ ਕਿ ਸਟ੍ਰੋਕ ਲਈ ਮੁੱਖ ਤੌਰ ਉਪਰ ਮੰਨੇ ਜਾਂਦੇ ਜ਼ੋਖਮ ਕਾਰਕਾਂ ਵਿੱਚ ਹਾਈਪਰਟੈਨਸ਼ਨ, ਹਾਈਪਰਲਿਪੀਡੀਮੀਆ, ਸਿਗਰਟਨੋਸ਼ੀ ਤੇ ਹਵਾ ਪ੍ਰਦੂਸ਼ਣ ਤੋਂ ਇਲਾਵਾ, ਮਨੁੱਖੀ ਸਰੀਰ ਵਿੱਚ ਕੁਝ ਜੀਨ ਵੀ ਇਸ ਨਾਲ ਜੁੜੇ ਖਤਰੇ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨੁੱਖੀ ਜੀਨੋਮ ਵਿੱਚ NLRP3, ASC ਤੇ Caspase-1 ਦਾ ਵਿਸ਼ੇਸ਼ ਆਪਸੀ ਸਬੰਧ ਦਿਮਾਗ ਨੂੰ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਦੀਆਂ ਕੰਧਾਂ ਦੇ ਅੰਦਰ ਸੋਜਸ਼ ਨੂੰ ਵਧਾਉਂਦਾ ਹੈ। ਇਸ ਨਾਲ NLRP3 ਇਨਫਲਾਮੇਸੋਮ ਨਾਮਕ ਇੱਕ ਐਨਜ਼ਾਈਮ ਸਰਗਰਮ ਹੋ ਜਾਂਦਾ ਹੈ।
ਜੀਨਾਂ ਦਾ ਇੱਕ ਖਾਸ ਸਮੂਹ ਸਟ੍ਰੋਕ ਦੇ ਜੋਖਮ ਨੂੰ ਦੁੱਗਣਾ ਕਰਦਾ
ਖੋਜਕਰਤਾ ਡਾ. ਨਿਤਿਨ ਕੁਮਾਰ ਨੇ ਕਿਹਾ ਕਿ ਇਹ ਅਧਿਐਨ ਦਰਸਾਉਂਦਾ ਹੈ ਕਿ ਜਿਨ੍ਹਾਂ ਲੋਕਾਂ ਵਿੱਚ ਇਨ੍ਹਾਂ ਜੀਨਾਂ ਦਾ ਇੱਕ ਖਾਸ ਸਮੂਹ ਹੁੰਦਾ ਹੈ, ਉਨ੍ਹਾਂ ਨੂੰ ਸਟ੍ਰੋਕ ਹੋਣ ਦਾ ਖ਼ਤਰਾ ਦੁੱਗਣਾ ਹੁੰਦਾ ਹੈ। ਇਹ ਜੋਖਮ ਉਨ੍ਹਾਂ ਲੋਕਾਂ ਲਈ ਹੋਰ ਵੀ ਵੱਧ ਜਾਂਦਾ ਹੈ ਜਿਨ੍ਹਾਂ ਦੇ ਬਾਇਓਕੈਮੀਕਲ ਮਾਪਦੰਡਾਂ ਦਾ ਪੱਧਰ ਉੱਚਾ ਹੁੰਦਾ ਹੈ। ਅਧਿਐਨ ਦੌਰਾਨ ਇਸ ਖੇਤਰ ਵਿੱਚ ਕੁਝ ਹੋਰ ਮਹੱਤਵਪੂਰਨ ਖੁਲਾਸੇ ਹੋਏ ਹਨ, ਜਿਨ੍ਹਾਂ ਦੀ ਡਾਕਟਰੀ ਖੇਤਰ ਵਿੱਚ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ।






















