ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਵਿੱਚ ਇੱਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਫੜਿਆ ਹੈ। ਪਟਵਾਰੀ ਰਾਮ ਸਿੰਘ ਨੇ ਇੱਕ ਵਿਅਕਤੀ ਤੋਂ ਉਸ ਦੀ ਜ਼ਮੀਨ ਦਾ ਇੰਤਕਾਲ ਕਰਨ ਲਈ 8 ਹਜ਼ਾਰ ਰੁਪਏ ਦੀ..

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਵਿੱਚ ਇੱਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਫੜਿਆ ਹੈ। ਪਟਵਾਰੀ ਰਾਮ ਸਿੰਘ ਨੇ ਇੱਕ ਵਿਅਕਤੀ ਤੋਂ ਉਸ ਦੀ ਜ਼ਮੀਨ ਦਾ ਇੰਤਕਾਲ ਕਰਨ ਲਈ 8 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਵਿਜ਼ਿਲੈਂਸ ਬਿਊਰੋ ਨੇ ਉਸਨੂੰ ਰੰਗੇ ਹੱਥਾਂ ਗ੍ਰਿਫ਼ਤਾਰ ਕਰ ਲਿਆ।
8 ਹਜ਼ਾਰ ਰੁਪਏ ਰਿਸ਼ਵਤ ਦੀ ਕੀਤੀ ਮੰਗ
ਹੁਸ਼ਿਆਰਪੁਰ ਚਿੰਤਪੁਰਣੀ ਰੋਡ ਦੇ ਨਿਵਾਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਬਡਾਲਾ ਪਿੰਡ ਵਿੱਚ ਸਥਿਤ ਆਪਣੀ ਜੱਦੀ ਜਾਇਦਾਦ ਦੀ ਵਿਰਾਸਤ ਕਰਨ ਲਈ ਦਸੂਹਾ ਤਹਿਸੀਲ ਵਿੱਚ ਅਰਜ਼ੀ ਸੇਵਾ ਕੇਂਦਰ ਵਿੱਚ ਦਾਖ਼ਲ ਕੀਤੀ। ਵਿਜੀਲੈਂਸ ਬਿਊਰੋ ਦੇ ਮੁਤਾਬਕ, ਪਟਵਾਰੀ ਨੇ ਸਰਕਾਰੀ ਫੀਸ 1,200 ਰੁਪਏ ਹੋਣ ਦੇ ਬਾਵਜੂਦ 8 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਪੂਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ, ਜਿਸ ਨਾਲ ਦੋਸ਼ ਸਾਫ਼ ਹੋ ਗਏ।
ਵਿਜੀਲੈਂਸ ਟੀਮ ਨੇ ਬਿਛਾਇਆ ਜਾਲ
ਸੂਚਨਾ ਮਿਲਣ ‘ਤੇ ਵਿਜੀਲੈਂਸ ਟੀਮ ਨੇ ਜਾਲ ਬਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੋਸ਼ੀ ਨੂੰ ਰੰਗੇ ਹੱਥਾਂ ਫੜਿਆ। ਵਿਜੀਲੈਂਸ ਬਿਊਰੋ ਨੇ ਜਲੰਧਰ ਯੂਨਿਟ ਵਿੱਚ ਸ਼ਿਕਾਇਤਕਰਤਾ ਦਾ ਬਿਆਨ ਦਰਜ ਕੀਤਾ ਅਤੇ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕਾਰਵਾਈ ਕੀਤੀ। ਦੋਸ਼ੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਨਿਵਾਰਣ ਕਾਨੂੰਨ ਦੀ ਸੰਬੰਧਿਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ। ਇਹ ਗ੍ਰਿਫ਼ਤਾਰੀ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਮਜ਼ਬੂਤ ਕਾਰਵਾਈ ਦਾ ਉਦਾਹਰਨ ਹੈ ਅਤੇ ਸਰਕਾਰੀ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੀ ਹੈ ਕਿ ਰਿਸ਼ਵਤ ਅਤੇ ਗੈਰ-ਕਾਨੂੰਨੀ ਮੰਗਾਂ ਵਾਲੇ ਮਾਮਲਿਆਂ ਵਿੱਚ ਕਿਸੇ ਨੂੰ ਛੋਟ ਨਹੀਂ ਦਿੱਤੀ ਜਾਵੇਗੀ।
ਦੱਸ ਦਈਏ ਵਿਜੀਲੈਂਸ ਲਗਾਤਾਰ ਸਰਕਾਰੀ ਮਹਿਕਮਿਆਂ 'ਚ ਲੁਕੇ ਹੋਏ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ "ਜ਼ੀਰੋ ਟੋਲਰੈਂਸ" ਦੀ ਨੀਤੀ ਅਪਣਾਈ ਹੈ, ਜਿਸ ਤਹਿਤ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਅਧਿਕਾਰੀ ਜਾਂ ਸਿਆਸਤਦਾਨ ਨੂੰ ਬਖਸ਼ਿਆ ਨਹੀਂ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















