Drugs in Punjab: 'ਚਿੱਟੇ' ਨੇ ਉਜਾੜਿਆ ਇੱਕ ਹੋਰ ਘਰ...ਨਸ਼ੇ ਦੇ ਟੀਕੇ ਨਾਲ 22 ਸਾਲਾ ਨੌਜਵਾਨ ਦੀ ਮੌਤ
ਫਿਰੋਜ਼ਪੁਰ ਅੰਦਰ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਉਪਰ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿੰਡਾਂ ਵਿੱਚ ਨਸ਼ਾ ਅੱਜ ਵੀ ਧੜੱਲੇ ਨਾਲ ਵਿਕ ਰਿਹਾ ਹੈ। ਇਹ ਇਲਜ਼ਾਮ ਉਨ੍ਹਾਂ ਮਾਪਿਆਂ ਦੇ ਹਨ, ਜਿਨ੍ਹਾਂ ਦੇ ਗੱਭਰੂ ਪੁੱਤ ਨਸ਼ੇ ਦੀ ਭੇਟ ਚੜ੍ਹ
Drugs in Punjab: ਫਿਰੋਜ਼ਪੁਰ ਅੰਦਰ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਉਪਰ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿੰਡਾਂ ਵਿੱਚ ਨਸ਼ਾ ਅੱਜ ਵੀ ਧੜੱਲੇ ਨਾਲ ਵਿਕ ਰਿਹਾ ਹੈ। ਇਹ ਇਲਜ਼ਾਮ ਉਨ੍ਹਾਂ ਮਾਪਿਆਂ ਦੇ ਹਨ, ਜਿਨ੍ਹਾਂ ਦੇ ਗੱਭਰੂ ਪੁੱਤ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਪਿੰਡ ਆਲੇਵਾਲਾ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਹੈ। ਉਸ ਦੀ ਲਾਸ਼ ਖੇਤਾਂ ਵਿੱਚ ਪਈ ਮਿਲੀ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਗੁਰਜੀਤ ਸਿੰਘ ਉਮਰ ਕਰੀਬ 22 ਸਾਲ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਨਸ਼ੇ ਤੇ ਲਾਇਆ ਸੀ। ਪਿੰਡ ਵਿੱਚ ਉਕਤ ਵਿਅਕਤੀਆਂ ਵੱਲੋਂ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਗੁਰਸੇਵਕ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਕਾਰਨ ਉਸ ਦਾ ਲੜਕਾ ਨਸ਼ਾ ਕਰਨ ਦਾ ਆਦੀ ਹੋ ਗਿਆ।
ਹੋਰ ਪੜ੍ਹੋ : ਆਤਿਸ਼ੀ 21 ਸਤੰਬਰ ਨੂੰ ਲੈ ਸਕਦੀ CM ਅਹੁਦੇ ਦੀ ਸਹੁੰ, LG ਨੇ ਰਾਸ਼ਟਰਪਤੀ ਨੂੰ ਭੇਜਿਆ ਪੱਤਰ
ਇਸ ਕਾਰਨ ਅੱਜ ਉਸ ਦੇ ਲੜਕੇ ਗੁਰਜੀਤ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ। ਉਸ ਦੀ ਲਾਸ਼ ਖੇਤਾਂ ਵਿੱਚੋਂ ਮਿਲੀ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੱਲਾਂਵਾਲਾ ਦੀ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚ ਗਈ। ਮ੍ਰਿਤਕ ਦੇ ਪਿਤਾ ਗੁਰਸੇਵਕ ਸਿੰਘ ਤੇ ਪਿੰਡ ਦੇ ਮੌਹਤਬਰ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਵਿੱਚ ਸ਼ਰੇਆਮ ਵਿਕ ਰਹੇ ਨਸ਼ੇ ਸਬੰਧੀ ਪੁਲਿਸ ਥਾਣਾ ਮੱਲਾਂਵਾਲਾ, ਡੀਐਸਪੀ ਜ਼ੀਰਾ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਾਣੂ ਕਰਵਾਇਆ ਜਾ ਚੁੱਕਿਆ ਹੈ।
ਇਸ ਸਭ ਦੇ ਬਾਵਜੂਦ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਕੋਈ ਕਰਵਾਈ ਨਹੀਂ ਕੀਤੀ ਗਈ। ਇਸ ਕਾਰਨ ਅੱਜ ਨਸ਼ੇ ਰੂਪੀ ਦੈਂਤ ਨੇ ਉਨ੍ਹਾਂ ਦੇ ਗੱਭਰੂ ਪੁੱਤ ਨੂੰ ਨਿਗਲ ਲਿਆ ਹੈ। ਪਿੰਡ ਵਾਸੀਆਂ ਨੇ ਪਿੰਡ ਆਲੇਵਾਲਾ ਦੇ ਕੁਝ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਪੁਲਿਸ ਨਾਲ ਮਿਲੀਭੁਗਤ ਕਰਕੇ ਨਸਾ ਵੇਚਣ ਦੇ ਵੀ ਇਲਜ਼ਾਮ ਲਗਾਏ ਹਨ। ਉਨ੍ਹਾਂ ਮੰਗ ਕੀਤੀ ਕਿ ਨਸ਼ੇ ਤੇ ਰੋਕ ਲਗਾਈ ਜਾਵੇ।