Farmer Protest: ਪੰਜਾਬ ਦੇ 4 ਹਾਈਵੇਅ ਅਣਮਿੱਥੇ ਸਮੇਂ ਲਈ ਬੰਦ, ਕਿਸਾਨਾਂ ਨੇ ਕਿਹਾ- ਲਿਫਟਿੰਗ ਸ਼ੁਰੂ ਹੋਣ ਤੱਕ ਨਹੀਂ ਖੁੱਲ੍ਹਣਗੀਆਂ ਸੜਕਾਂ, ਲੋਕਾਂ ਨੂੰ ਵੀ ਕੀਤੀ ਅਪੀਲ
ਪੰਧੇਰ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਜੇ ਕਿਸਾਨ ਤਬਾਹ ਹੋ ਗਏ ਤਾਂ ਪੰਜਾਬ ਤਬਾਹ ਹੋ ਜਾਵੇਗਾ। ਅੱਜ ਸੜਕਾਂ ਜਾਮ ਹੋਣਗੀਆਂ, ਮੁਸ਼ਕਿਲਾਂ ਆਉਣਗੀਆਂ, ਪਰ ਸਮੱਸਿਆਵਾਂ ਹੱਲ ਹੋ ਜਾਣਗੀਆਂ।
Farmer Protest: ਪੰਜਾਬ 'ਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਪਰੇਸ਼ਾਨ ਕਿਸਾਨਾਂ ਨੇ ਅੱਜ (ਸ਼ਨੀਵਾਰ) ਸੂਬੇ ਦੇ 4 ਹਾਈਵੇਅ ਬੰਦ ਕਰ ਦਿੱਤੇ ਹਨ। ਕਿਸਾਨ 1 ਵਜੇ ਤੋਂ ਸੜਕਾਂ 'ਤੇ ਬੈਠ ਗਏ। ਇਹ ਧਰਨਾ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀਆਂ।
ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸੰਯੁਕਤ ਮੋਰਚਾ (ਗੈਰ ਸਿਆਸੀ) ਜੁਆਇੰਟ ਫੋਰਮ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਤੋਂ ਪੰਜਾਬ ਦੇ 4 ਹਾਈਵੇ ਜਾਮ ਕੀਤੇ ਗਏ ਹਨ। 1 ਵਜੇ ਤੋਂ ਬਾਅਦ ਆਵਾਜਾਈ ਬੰਦ ਕਰ ਦਿੱਤੀ ਗਈ।
ਪੰਧੇਰ ਨੇ ਦੱਸਿਆ ਕਿ ਫੂਡ ਸਪਲਾਈ ਮੰਤਰੀ ਨਾਲ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਈ ਹੈ। ਸ਼ੈਲਰ ਮਾਲਕਾਂ ਦੀ ਮੰਗ ਸੀ ਕਿ ਝੋਨੇ ਤੋਂ ਘੱਟ ਚੌਲ ਨਿਕਲਦੇ ਹਨ ਤੇ ਉਨ੍ਹਾਂ ਨੂੰ 2-3 ਕਿੱਲੋ ਦੀ ਜ਼ਿਆਦਾ ਛੋਟ ਦਿੱਤੀ ਜਾਵੇ। ਕੇਂਦਰ ਨੇ ਜਲਦੀ ਟੀਮਾਂ ਭੇਜਣ ਦੀ ਗੱਲ ਕੀਤੀ ਸੀ ਪਰ ਅੱਜ ਤੱਕ ਟੀਮਾਂ ਨਹੀਂ ਪੁੱਜੀਆਂ ਤੇ ਸ਼ੈਲਰ ਵੀ ਝੋਨਾ ਨਹੀਂ ਚੁੱਕ ਰਹੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਲਿਫਟਿੰਗ ਜਲਦੀ ਹੋ ਸਕੇ। ਕਿਸਾਨ 26 ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ ਤੇ ਮੁਸ਼ਕਿਲ ਨਾਲ ਹੀ ਆਪਣਾ ਪੇਟ ਪਾਲ ਰਹੇ ਹਨ।
ਪੰਧੇਰ ਨੇ ਦੋਸ਼ ਲਾਇਆ ਕਿ ਹੁਣ ਭਾਜਪਾ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਖੁਦ ਭਾਜਪਾ ਵਿੱਚ ਹਨ, ਜੇ ਪ੍ਰਧਾਨ ਮੰਤਰੀ ਨੂੰ ਜਾਣਦੇ ਹਨ ਤਾਂ ਉਨ੍ਹਾਂ ਨੂੰ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਅੱਜ ਦਿੱਲੀ ਜਾ ਰਹੇ ਹਨ। ਕੇਜਰੀਵਾਲ ਖੁਦ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ, ਨਹੀਂ ਤਾਂ ਪੂਰਾ ਪੰਜਾਬ ਬੰਦ ਕਰ ਦਿੱਤਾ ਜਾਵੇਗਾ।
ਪੰਧੇਰ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਜੇ ਕਿਸਾਨ ਤਬਾਹ ਹੋ ਗਏ ਤਾਂ ਪੰਜਾਬ ਤਬਾਹ ਹੋ ਜਾਵੇਗਾ। ਅੱਜ ਸੜਕਾਂ ਜਾਮ ਹੋਣਗੀਆਂ, ਮੁਸ਼ਕਿਲਾਂ ਆਉਣਗੀਆਂ, ਪਰ ਸਮੱਸਿਆਵਾਂ ਹੱਲ ਹੋ ਜਾਣਗੀਆਂ। ਨਹੀਂ ਤਾਂ ਵੱਡੇ ਮਾਲ ਆ ਜਾਣਗੇ ਤੇ ਸੂਬੇ ਦੇ ਛੋਟੇ ਉਦਯੋਗ ਬੰਦ ਹੋ ਜਾਣਗੇ ਤੇ ਕਾਰੋਬਾਰ ਖ਼ਤਮ ਹੋ ਜਾਣਗੇ। ਇਸ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਅਤੇ ਹਵਾਈ ਅੱਡੇ ਦੇ ਯਾਤਰੀਆਂ ਨੂੰ ਨਹੀਂ ਰੋਕਿਆ ਜਾਵੇਗਾ।