(Source: ECI/ABP News)
ਪਟਿਆਲਾ ਹਿੰਸਾ ਮਾਮਲੇ 'ਚ ਬਰਜਿੰਦਰ ਪਰਵਾਨਾ ਤੇ ਸ਼ੰਕਰ ਭਾਰਦਵਾਜ ਸਣੇ 6 ਗ੍ਰਿਫ਼ਤਾਰ : IG ਛੀਨਾ
ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸਐਸਪੀ ਦੀਪਕ ਪਾਰਿਕ ਨੇ ਕੀਤੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
![ਪਟਿਆਲਾ ਹਿੰਸਾ ਮਾਮਲੇ 'ਚ ਬਰਜਿੰਦਰ ਪਰਵਾਨਾ ਤੇ ਸ਼ੰਕਰ ਭਾਰਦਵਾਜ ਸਣੇ 6 ਗ੍ਰਿਫ਼ਤਾਰ : IG ਛੀਨਾ 6 arrested in Patiala violence case including Barjinder Parwana and Shankar Bhardwaj: IG Chhina ਪਟਿਆਲਾ ਹਿੰਸਾ ਮਾਮਲੇ 'ਚ ਬਰਜਿੰਦਰ ਪਰਵਾਨਾ ਤੇ ਸ਼ੰਕਰ ਭਾਰਦਵਾਜ ਸਣੇ 6 ਗ੍ਰਿਫ਼ਤਾਰ : IG ਛੀਨਾ](https://feeds.abplive.com/onecms/images/uploaded-images/2022/05/01/a3c4705041367280d6766930d1f15502_original.jpeg?impolicy=abp_cdn&imwidth=1200&height=675)
ਪਟਿਆਲਾ : ਪਟਿਆਲਾ ਪੁਲਿਸ ਨੇ 29 ਅਪ੍ਰੈਲ ਨੂੰ ਇੱਥੇ ਕਾਲੀ ਦੇਵੀ ਮੰਦਿਰ ਨੇੜੇ ਦੋ ਧਿਰਾਂ ਦੇ ਹੋਏ ਆਪਸੀ ਟਕਰਾਅ ਦੇ ਮਾਮਲੇ 'ਚ ਲੋੜੀਂਦੇ ਬਰਜਿੰਦਰ ਸਿੰਘ ਪਰਵਾਨਾ ਤੋਂ ਇਲਾਵਾ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ ਅਤੇ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟਾਂ ਪਾਉਣ ਵਾਲੇ ਅਸ਼ਵਨੀ ਕੁਮਾਰ ਗੱਗੀ ਪੰਡਿਤ ਸਮੇਤ 6 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖੁਲਾਸਾ ਅੱਜ ਇੱਥੇ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸਐਸਪੀ ਦੀਪਕ ਪਾਰਿਕ ਨੇ ਕੀਤੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਆਈ.ਜੀ. ਛੀਨਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਖ਼ਤ ਹਦਾਇਤਾਂ ਮੁਤਾਬਕ ਗ਼ੈਰ ਸਮਾਜੀ ਅਨਸਰਾਂ ਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਪਰੰਤੂ ਕਿਸੇ ਨਿਰਦੋਸ਼ ਵਿਅਕਤੀ ਨੂੰ ਤੰਗ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀਆਂ ਨੂੰ ਅਜਿਹੀਆਂ ਮਿਸਾਲੀ ਸਜ਼ਾਵਾਂ ਦਿਵਾਈਆਂ ਜਾਣਗੀਆਂ ਤਾਂ ਕਿ ਭਵਿੱਖ 'ਚ ਕੋਈ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਨਾ ਦੇ ਸਕੇ। ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਬਰਜਿੰਦਰ ਸਿੰਘ ਪਰਵਾਨਾ, ਨੂੰ ਐਸ.ਏ.ਐਸ. ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਤਫ਼ਤੀਸ਼ ਨੂੰ ਅੱਗੇ ਵਧਾਇਆ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਹਿੰਸਕ ਘਟਨਾ 'ਚ ਨਾਮਜ਼ਦ ਹੋਰ ਵਿਅਕਤੀਆਂ, ਸ਼ਿਵਦੇਵ ਵਾਸੀ ਪਿੰਡ ਬਾਲ ਸਿਕੰਦਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਦਵਿੰਦਰ ਸਿੰਘ ਵਾਸੀ ਜੀਂਦ ਤੇ ਰਾਜਿੰਦਰ ਸਿੰਘ ਵਾਸੀ ਸਮਾਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੁਣ ਤੱਕ ਕੁਲ 9 ਗ੍ਰਿਫ਼ਤਾਰੀਆਂ ਹੋਈਆਂ ਹਨ।
ਆਈ. ਜੀ. ਪਟਿਆਲਾ ਨੇ ਇਹ ਸਖ਼ਤ ਸੁਨੇਹਾ ਵੀ ਦਿੱਤਾ ਕਿ ਸਨਸਨੀਖੇਜ਼ ਖ਼ਬਰਾਂ ਫੈਲਾਉਣ ਵਾਲਿਆਂ ਸਮੇਤ ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਮੀਡੀਆ, ਖਾਸ ਕਰਕੇ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਹੈਂਡਲਰਜ਼ ਨੂੰ ਵੀ ਅਪੀਲ ਕੀਤੀ ਕਿ ਅਮਨ-ਕਾਨੂੰਨ ਤੇ ਸ਼ਾਂਤੀ ਭੰਗ ਕਰਨ ਵਾਲੀ
ਕੋਈ ਵੀ ਖ਼ਬਰ ਸਾਂਝੀ ਕਰਨ ਤੋਂ ਪਹਿਲਾਂ ਉਸਦੀ ਪੁਸ਼ਟੀ ਜਰੂਰ ਕਰ ਲਈ ਜਾਵੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਪੀਲ ਕੀਤੀ ਕਿ ਜ਼ਿਲ੍ਹੇ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਿਸੇ ਵੀ ਅਜਿਹੀ ਤੱਥਹੀਣ ਪੋਸਟ ਨੂੰ ਟਵਿਟਰ, ਇੰਸਟਾਗ੍ਰਾਮ ਜਾਂ ਫੇਸਬੁਕ ਸਮੇਤ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਸਾਂਝੀ ਨਾ ਕੀਤਾ ਜਾਵੇ, ਜਿਹੜੀ ਕਿ ਸਮਾਜ ਵਿੱਚ ਅਸ਼ਾਂਤੀ ਤੇ ਦੋ ਫ਼ਿਰਕਿਆਂ ਜਾਂ ਲੋਕਾਂ ਵਿੱਚ ਝਗੜੇ ਪੈਦਾ ਕਰਦੀ ਹੋਵੇ।
ਉਨ੍ਹਾਂ ਕਿਹਾ ਕਿ ਅਜਿਹੀ ਪੋਸਟ ਬਾਰੇ ਜਾਣਕਾਰੀ ਡੀਸੀਪਟਿਆਲਾਪੀਬੀ @DCPatialaPb ਦੇ ਟਵਿਟਰ ਖਾਤੇ 'ਤੇ ਡਾਇਰੈਕਟ ਮੈਸੇਜ ਕਰਕੇ ਸਾਂਝੀ ਕੀਤੀ ਜਾਵੇ ਤਾਂ ਕਿ ਇਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੋਰ ਦੱਸਿਆ ਕਿ ਜ਼ਿਲ੍ਹੇ 'ਚ ਸਾਰੀਆਂ ਸਬ ਡਵੀਜ਼ਨਾਂ 'ਚ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ ਕੀਤੀ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਗ਼ੈਰ ਸਮਾਜੀ ਤੇ ਸ਼ਰਾਰਤੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ. ਦੀਪਕ ਪਾਰਿਕ ਨੇ ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੁਕੱਦਮੇ ਦੀ ਪੂਰੀ ਪੜਤਾਲ ਕਰਕੇ ਕਿਸੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਪੂਰੀ ਪੇਸ਼ੇਵਾਰਾਨਾ ਢੰਗ ਨਾਲ ਮਾਮਲੇ ਦੀ ਤਹਿ ਤੱਕ ਜਾ ਕੇ ਇਸ ਸਾਜ਼ਿਸ਼ ਪਿੱਛੇ ਅਸਲ ਦੋਸ਼ੀਆਂ ਨੂੰ ਬੇਨਕਾਬ ਕਰੇਗੀ। ਪ੍ਰੈਸ ਕਾਨਫਰੰਸ ਦੌਰਾਨ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)