ਪੰਜਾਬ 'ਚ 75 ‘ਆਮ ਆਦਮੀ ਕਲੀਨਿਕ’, ਮੁੱਖ ਮੰਤਰੀ ਦਾ ਦਾਅਵਾ ਸਿਹਤ ਕ੍ਰਾਂਤੀ ਦੀ ਸ਼ੁਰੂਆਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਤਿਰੰਗਾ ਲਹਿਰਾਇਆ।ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਹੋਰ ਵਾਅਦਾ ਵੀ ਪੂਰਾ ਕੀਤਾ।
ਚੰਡੀਗੜ੍ਹ/ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਤਿਰੰਗਾ ਲਹਿਰਾਇਆ।ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਹੋਰ ਵਾਅਦਾ ਵੀ ਪੂਰਾ ਕੀਤਾ।ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਜ਼ਾਦੀ ਦਿਹਾੜੇ ਮੌਕੇ 75 ‘ਆਮ ਆਦਮੀ ਕਲੀਨਿਕ’ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਹਨ। ਮੁੱਖ ਮੰਤਰੀ ਕਿਹਾ ਹੈ ਕਿ ‘ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇੱਕ ਗਾਰੰਟੀ ਦਿੱਤੀ ਸੀ ਕਿ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਹ ਗਾਰੰਟੀ ਹੁਣ ਪੂਰੀ ਹੋਣ ਜਾ ਰਹੀ ਹੈ। ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ।’
ਲੁਧਿਆਣਾ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ, "ਅਸੀਂ ਆਮ ਆਦਮੀ ਕਲੀਨਿਕ ਸਥਾਪਤ ਕਰਨ ਦਾ ਵਾਅਦਾ ਕੀਤਾ ਸੀ। ਦਿੱਲੀ ਵਿੱਚ ਇਹ ਪ੍ਰਣਾਲੀ ਬਹੁਤ ਸਫ਼ਲ ਰਹੀ ਹੈ।ਗਰੀਬ ਲੋਕ ਪੈਸੇ ਦੀ ਕਮੀ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ।ਪੰਜਾਬ ਵਿੱਚ ਅਜਿਹਾ ਨਹੀਂ ਹੋਵੇਗਾ ਕਿ ਪੈਸੇ ਦੀ ਘਾਟ ਕਾਰਨ ਕੋਈ ਇਲਾਜ ਨਾ ਕਰਵਾਏ।ਅੱਜ 75 ਮੁਹੱਲਾ ਕਲੀਨਿਕ ਸ਼ੁਰੂ ਹੋ ਗਏ ਹਨ।ਅਸੀਂ ਇਸ ਦੀ ਸ਼ੁਰੂਆਤ ਦਿੱਲੀ ਸਰਕਾਰ ਦੇ ਵਿਚਾਰ ਨਾਲ ਕੀਤੀ ਹੈ।"
ਸੀਐਮ ਮਾਨ ਨੇ ਕਿਹਾ, "ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ ਦੇ ਨਤੀਜੇ ਅੱਜ ਆਉਣੇ ਸ਼ੁਰੂ ਹੋ ਗਏ ਹਨ।ਇੱਕ ਵਿਧਾਇਕ ਇੱਕ ਪੈਨਸ਼ਨ ਐਕਟ ਵੀ ਕੱਲ੍ਹ ਤੋਂ ਲਾਗੂ ਹੋ ਗਿਆ ਹੈ।"
ਮੁਫ਼ਤ ਬਿਜਲੀ 'ਤੇ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ, "ਮੁਫ਼ਤ ਬਿਜਲੀ 300 ਯੂਨਿਟ ਹਰ ਮਹੀਨੇ ਲਾਗੂ ਕੀਤੀ ਗਈ ਹੈ। 51 ਲੱਖ ਪਰਿਵਾਰਾਂ ਨੂੰ ਜ਼ੀਰੋ ਬਿੱਲ ਮਿਲੇਗਾ।"
ਆਪਣੀ ਰਾਸ਼ਨ ਦੀ ਹੋਮ ਡਿਲਵਰੀ ਸਕੀਮ ਬਾਰੇ ਬੋਲਦੇ ਮੁੱਖ ਮੰਤਰੀ ਨੇ ਕਿਹਾ, "ਘਰ-ਘਰ ਆਟਾ ਦਾਲ ਸਕੀਮ ਵੀ ਸ਼ੁਰੂ ਹੋਣ ਜਾ ਰਹੀ ਹੈ।ਲੋਕਾਂ ਨੂੰ ਚੰਗੀ ਕੁਆਲਿਟੀ ਦਾ ਆਟਾ ਮਿਲੇਗਾ।"
ਸਕੂਲਾਂ ਦੀ ਹਾਲਤ ਬਾਰੇ ਗੱਲ ਕਰਦੇ ਹੋਏ ਸੀਐਮ ਨੇ ਕਿਹਾ, "ਆਉਣ ਵਾਲੇ ਦਿਨਾਂ ਵਿੱਚ ਸਕੂਲਾਂ ਦੀ ਹਾਲਤ ਸੁਧਰੇਗੀ। ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਮੈਂ ਉਸ ਨੂੰ ਪੂਰਾ ਕਰਾਂਗਾ।ਸਾਡੇ ਤੋਂ ਬਾਅਦ ਆਜ਼ਾਦ ਹੋਏ ਦੇਸ਼ ਬਹੁਤ ਬਿਹਤਰ ਹਨ।ਸਾਡੇ ਚਾਰੇ ਪਾਸੇ ਗਰੀਬੀ, ਭ੍ਰਿਸ਼ਟਾਚਾਰ ਹੈ।"
ਪੰਜਾਬ ਦੀ ਸ਼ਾਂਤੀ ਬਾਰੇ ਬੋਲਦੇ ਮੁੱਖ ਮੰਤਰੀ ਮਾਨ ਨੇ ਕਿਹਾ, "ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।"