Faridkot News: ਪਤਨੀ ਨਾਲ ਸਬੰਧ ਦੇ ਸ਼ੱਕ 'ਚ 78 ਸਾਲਾ ਵਿਅਕਤੀ ਦਾ ਕਤਲ
ਫਰੀਦਕੋਟ ਦੇ ਕਸਬਾ ਸਾਦਿਕ ਵਿਖੇ ਸ਼੍ਰੀ ਮੁਕਤਸਰ ਸਾਹਿਬ ਵਾਲੀ ਸੜਕ ਤੇ ਇੱਕ ਵਡੇਰੀ ਉਮਰ ਦੇ ਵਿਅਕਤੀ ਵੱਲੋਂ ਆਪਣੇ ਰਿਸ਼ਤੇਦਾਰ 78 ਸਾਲਾ ਵਿਅਕਤੀ ਦਾ ਆਪਣੀ ਪਤਨੀ ਨਾਲ ਮਾੜੇ ਸਬੰਧਾਂ ਦੇ ਸ਼ੱਕ ਵਿੱਚ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Faridkot News: ਬੀਤੀ ਰਾਤ ਫਰੀਦਕੋਟ ਦੇ ਕਸਬਾ ਸਾਦਿਕ ਵਿਖੇ ਸ਼੍ਰੀ ਮੁਕਤਸਰ ਸਾਹਿਬ ਵਾਲੀ ਸੜਕ ਤੇ ਇੱਕ ਵਡੇਰੀ ਉਮਰ ਦੇ ਵਿਅਕਤੀ ਵੱਲੋਂ ਆਪਣੇ ਰਿਸ਼ਤੇਦਾਰ 78 ਸਾਲਾ ਵਿਅਕਤੀ ਦਾ ਆਪਣੀ ਪਤਨੀ ਨਾਲ ਮਾੜੇ ਸਬੰਧਾਂ ਦੇ ਸ਼ੱਕ ਵਿੱਚ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਬਸੰਤ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਪਿੰਡ ਮਾਨ ਸਿੰਘ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਸਾਦਿਕ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਸ ਦਾ ਪਿਤਾ ਬਹਾਲ ਸਿੰਘ ਉਮਰ ਕਰੀਬ 80 ਸਾਲ ਉਸ ਦੇ ਤਾਏ ਦੀ ਪੋਤਰੀ ਰਜਵੰਤ ਕੌਰ ਜੋ ਕਰੀਬ 20 ਸਾਲ ਪਹਿਲਾਂ ਹਰਪ੍ਰੀਤ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਮੁਕਤਸਰ ਰੋਡ ਸਾਦਿਕ ਨਾਲ ਵਿਆਹੀ ਸੀ। ਹਰਪ੍ਰੀਤ ਸਿੰਘ ਦਾ ਉਸ ਦੇ ਪਿਤਾ ਅਮੀਰ ਸਿੰਘ ਨੇ ਕਰੀਬ 10 ਸਾਲ ਪਹਿਲਾਂ ਕਤਲ ਕਰ ਦਿੱਤਾ ਸੀ।
ਉਸ ਨੇ ਦੱਸਿਆ ਕਿ ਇਸ ਉਪਰੰਤ ਰਜਵੰਤ ਆਪਣੇ ਪੇਕੇ ਪਿੰਡ ਚਲੀ ਗਈ ਤੇ ਅਮੀਰ ਸਿੰਘ ਦੀ ਪਤਨੀ ਸਰਬਜੀਤ ਕੌਰ ਵੀ ਪੇਕੇ ਪਿੰਡ ਹਲੀਮ ਵਾਲਾ ਚਲੀ ਗਈ। ਅਮੀਰ ਸਿੰਘ ਸਾਡੇ ਪਿਤਾ ਬਹਾਲ ਸਿੰਘ ਪਾਸ ਅਕਸਰ ਆਪਣੀ ਪਤਨੀ ਨਾਲ ਰਾਜੀਨਾਮਾ ਕਰਾਉਣ ਲਈ ਆਉਂਦਾ-ਜਾਂਦਾ ਰਹਿੰਦਾ ਸੀ ਤੇ ਮੇਰਾ ਪਿਤਾ ਬਹਾਲ ਸਿੰਘ ਵੀ ਉਸ ਕੋਲ ਸਾਦਿਕ ਆ ਜਾਂਦਾ ਸੀ।
ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਅਮੀਰ ਸਿੰਘ ਨੇ ਮੇਰੇ ਪਿਤਾ ਬਹਾਲ ਸਿੰਘ ਨੂੰ ਫੋਨ ਕਰਕੇ ਆਪਣੇ ਪਾਸ ਸਾਾਦਿਕ ਬੁਲਾਇਆ ਸੀ। ਜਦ ਉਹ ਸ਼ਾਮ ਤੱਕ ਘਰ ਨਾ ਆਇਆ ਤਾਂ ਮੈਂ ਆਪਣੇ ਛੋਟੇ ਭਾਈ ਸੁਰਜੀਤ ਸਿੰਘ ਨੂੰ ਨਾਲ ਲੈ ਕੇ ਅਮੀਰ ਸਿੰਘ ਦੇ ਘਰ ਰਾਤ ਸਾਢੇ 8 ਵਜੇ ਸਾਦਿਕ ਆਇਆ ਤਾਂ ਦੇਖਿਆ ਕਿ ਅਮੀਰ ਸਿੰਘ ਬੇਰਹਿਮੀ ਨਾਲ ਬਹਾਲ ਸਿੰਘ ਦੇ ਮੂੰਹ ਤੇ ਸਿਰ ਤੇ ਦਸਤੀ ਡਾਂਗ ਮਾਰ ਰਿਹਾ ਸੀ।
ਉਸ ਨੇ ਕਿਹਾ ਕਿ ਮੇਰਾ ਪਿਤਾ ਜਮੀਨ ਪਰ ਡਿੱਗ ਪਿਆ ਤੇ ਅਸੀਂ ਨਾ ਮਾਰ ਨਾ ਮਾਰ ਦਾ ਰੌਲਾ ਪਾਇਆ ਤਾਂ ਅਮੀਰ ਸਿੰਘ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਦਸਤੀ ਡਾਂਗ ਸਮੇਤ ਫਰਾਰ ਹੋ ਗਿਆ। ਸਾਡੇ ਦੇਖਦੇ ਵੇਖਦੇ ਬਹਾਲ ਸਿੰਘ ਮੌਕੇ ਤੇ ਦਮ ਤੋੜ ਗਿਆ। ਵਜ਼ਾ ਰੰਜਿਸ ਸੀ ਕਿ ਬਹਾਲ ਸਿੰਘ ਉਪਰ ਅਮੀਰ ਸਿੰਘ ਆਪਣੀ ਪਤਨੀ ਨਾਲ ਮਾੜੇ ਸਬੰਧਾਂ ਦਾ ਸ਼ੱਕ ਕਰਦਾ ਸੀ ਤੇ ਬਹਾਲ ਸਿੰਘ ਨਾਲ ਪੈਸਿਆਂ ਦਾ ਵੀ ਲੈਣ ਦੇਣ ਸੀ।
ਜ਼ਿਕਰਯੋਗ ਹੈ ਕਿ ਕਥਿਤ ਕਾਤਲ ਨੇ ਪਹਿਲਾਂ ਵੀ ਆਪਣੇ ਪੁੱਤਰ ਦਾ ਕਤਲ ਕੀਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੁਖਤਿਆਰ ਸਿੰਘ ਮੁੱਖ ਅਫਸਰ ਥਾਣਾ ਸਾਦਿਕ, ਏਐਸਆਈ ਬੂਟਾ ਸਿੰਘ, ਹੌਲਦਾਰ ਜਸਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਤੇ ਸਥਿਤੀ ਦਾ ਜਾਇਜਾ ਲਿਆ। ਕੇਸ ਦੀ ਤਫਤੀਸ਼ ਕਰ ਰਹੇ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਭੇਜ਼ ਦਿੱਤਾ ਗਿਆ। ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਤੇ ਅਮੀਰ ਸਿੰਘ ਖਿਲਾਫ ਧਾਰਾ 302 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਦੀ ਤੇਜੀ ਨਾਲ ਭਾਲ ਕੀਤੀ ਜਾ ਰਹੀ ਹੈ।