ਸਾਬਕਾ CM ਚੰਨੀ 'ਤੇ IPL ਖਿਡਾਰੀ ਤੋਂ ਰਿਸ਼ਵਤ ਮੰਗਣ ਮਾਮਲੇ 'ਚ ਵੱਡਾ ਖ਼ੁਲਾਸਾ ! ਨਾ ਸ਼ਿਕਾਇਤ ਹੋਈ ਤੇ ਨਾਂ FIR ਪਰ....
ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਕਿਹਾ ਕਿ ਖਿਡਾਰੀ ਵੱਲੋਂ ਰਿਸ਼ਵਤ ਮੰਗਣ ਸਬੰਧੀ ਕੋਈ ਸ਼ਿਕਾਇਤ ਵਿਜੀਲੈਂਸ ਕੋਲ ਨਹੀਂ ਪਹੁੰਚੀ ਹੈ ਨਾ ਹੀ ਐਫਆਈਆਰ ਦਰਜ ਕੀਤੀ ਗਈ ਹੈ। ਗੋਇਲ ਅਨੁਸਾਰ ਜੇਕਰ ਵਿਜੀਲੈਂਸ ਕੋਲ ਕੋਈ ਸ਼ਿਕਾਇਤ ਹੁੰਦੀ ਤਾਂ ਹੁਣ ਤੱਕ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੁੰਦੀ।
Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਕ੍ਰਿਕਟਰ ਤੋਂ ਸਰਕਾਰੀ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦੇ ਮਾਮਲੇ ਵਿੱਚ ਆਰਟੀਆਈ ਕਾਰਕੁੰਨ ਨੇ ਵੱਡਾ ਦਾਅਵਾ ਕੀਤਾ ਹੈ। ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਕਿਹਾ ਕਿ ਖਿਡਾਰੀ ਵੱਲੋਂ ਰਿਸ਼ਵਤ ਮੰਗਣ ਸਬੰਧੀ ਕੋਈ ਸ਼ਿਕਾਇਤ ਵਿਜੀਲੈਂਸ ਕੋਲ ਨਹੀਂ ਪਹੁੰਚੀ ਹੈ ਨਾ ਹੀ ਐਫਆਈਆਰ ਦਰਜ ਕੀਤੀ ਗਈ ਹੈ। ਗੋਇਲ ਅਨੁਸਾਰ ਜੇਕਰ ਵਿਜੀਲੈਂਸ ਕੋਲ ਕੋਈ ਸ਼ਿਕਾਇਤ ਹੁੰਦੀ ਤਾਂ ਹੁਣ ਤੱਕ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੁੰਦੀ। ਸਾਬਕਾ ਮੁੱਖ ਮੰਤਰੀ 'ਤੇ ਬਿਨਾਂ ਕਿਸੇ ਸ਼ਿਕਾਇਤ ਜਾਂ ਜਾਂਚ ਦੇ ਦੋਸ਼ ਲਗਾਏ ਗਏ ਹਨ।
ਦਰਅਸਲ, ਸੀਐਮ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਕ੍ਰਿਕਟਰ ਤੋਂ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ। ਇਸ 'ਤੇ ਚੰਨੀ ਨੇ ਵੀ ਜਵਾਬ ਦਿੱਤਾ ਕਿ ਉਨ੍ਹਾਂ ਨੇ ਰਿਸ਼ਵਤ ਨਹੀਂ ਮੰਗੀ ਸੀ। ਕੁਝ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਸੰਗਰੂਰ ਵਿੱਚ ਇੱਕ ਰੈਲੀ ਵਿੱਚ ਕਿਹਾ ਸੀ ਕਿ ਉਹ ਆਈਪੀਐਲ ਮੈਚ ਦੇਖਣ ਹਿਮਾਚਲ ਗਏ ਸਨ। ਉੱਥੇ ਹੀ ਇੱਕ ਕ੍ਰਿਕਟਰ ਨੇ ਦੱਸਿਆ ਕਿ ਜਦੋਂ ਚੰਨੀ ਸੀਐਮ ਸੀ ਤਾਂ ਉਨ੍ਹਾਂ ਦੀ ਭਤੀਜੇ ਨੇ ਨੌਕਰੀ ਲਈ 2 ਕਰੋੜ ਮੰਗੇ ਸਨ। ਇਸ ਦੇ ਜਵਾਬ ਵਿੱਚ ਚੰਨੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਪੁੱਜੇ। ਉੱਥੇ ਚੰਨੀ ਨੇ ਕਿਹਾ ਕਿ ਜੇਕਰ ਮੈਂ ਕਿਸੇ ਤੋਂ ਇੱਕ ਪੈਸਾ ਵੀ ਲੈ ਲਿਆ ਤਾਂ ਮੇਰਾ ਕੱਖ ਨਾ ਰਹੇ।
ਚੰਨੀ ਨੇ ਕਿਹਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਪਿੱਛੇ ਵਿਜੀਲੈਂਸ ਲਗਾ ਦਿੱਤੀ ਹੈ। ਉਹ ਕਿਸੇ ਵੀ ਤਰੀਕੇ ਨਾਲ ਉਸ ਨੂੰ ਜੇਲ੍ਹ ਵਿੱਚ ਡੱਕਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਚੰਨੀ ਨੂੰ 31 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ। ਅਲਟੀਮੇਟਮ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕੀਤੀ।
CM ਭਗਵੰਤ ਮਾਨ ਨੇ ਕਿਹਾ ਸੀ- ਚੰਨੀ ਦੇ ਉਸ ਸਮੇਂ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਉਨ੍ਹਾਂ (ਸਾਬਕਾ ਮੁੱਖ ਮੰਤਰੀ) ਨੂੰ ਕ੍ਰਿਕਟਰ ਬਾਰੇ ਜਾਣਕਾਰੀ ਦਿੱਤੀ ਸੀ। ਚੰਨੀ ਨੇ ਇਸ ਮਾਮਲੇ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਮਨਜ਼ੂਰੀ ਲਈ ਲਿਆਉਣ ਲਈ ਸਹਿਮਤੀ ਦਿੱਤੀ, ਪਰ ਕ੍ਰਿਕਟਰ ਜਸਿੰਦਰ ਨੂੰ ਜਸ਼ਨ (ਭਤੀਜੇ) ਨੂੰ ਮਿਲਣ ਲਈ ਕਿਹਾ। ਜਦੋਂ ਜਸਿੰਦਰ ਅਤੇ ਉਸਦੇ ਪਿਤਾ ਚੰਨੀ ਦੇ ਭਤੀਜੇ ਨੂੰ ਮਿਲੇ ਤਾਂ ਉਸਨੇ ਨੌਕਰੀ ਲਈ ਦੋ ਕਰੋੜ ਰੁਪਏ ਦੀ ਮੰਗ ਕੀਤੀ। ਜਦੋਂ ਉਸ ਨੇ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਨੌਕਰੀ ਨਹੀਂ ਦਿੱਤੀ ਗਈ।
ਸੀਐਮ ਭਗਵੰਤ ਮਾਨ ਨੇ ਸਾਬਕਾ ਸੀਐਮ ਚੰਨੀ ਦੇ ਨਾਲ ਜਸਿੰਦਰ ਅਤੇ ਉਸਦੇ ਪਿਤਾ ਦੀਆਂ ਤਸਵੀਰਾਂ ਦਿਖਾਈਆਂ। ਸੀਐਮ ਨੇ ਕਿਹਾ ਕਿ ਚੰਨੀ ਨੂੰ ਖੁਦ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਇਸ ਫੋਟੋ ਵਿੱਚ ਹਨ ਜਾਂ ਨਹੀਂ। ਮਾਨ ਨੇ ਕਿਹਾ-ਜਦੋਂ ਪਹਿਲੀ ਵਾਰ ਮਾਮਲਾ ਉਠਿਆ ਤਾਂ ਚੰਨੀ ਨੇ ਗੁਰਦੁਆਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਪੱਸ਼ਟੀਕਰਨ ਦਿੱਤਾ ਅਤੇ ਫਿਰ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਉਹ ਕਦੇ ਵੀ ਕਿਸੇ ਖਿਡਾਰੀ ਜਾਂ ਉਸਦੇ ਪਰਿਵਾਰ ਨੂੰ ਨਹੀਂ ਮਿਲਿਆ। ਇਨ੍ਹਾਂ ਫੋਟੋਆਂ ਨੇ ਚੰਨੀ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ।