ਵਿਧਾਨ ਸਭਾ 'ਚ 'ਆਪ' ਤੇ ਕਾਂਗਰਸ ਦਾ ਭੇੜ, ਭਗਵੰਤ ਮਾਨ ਨੇ ਸੰਭਾਲਿਆ ਖੁਦ ਮੋਰਚਾ
ਭਗਵੰਤ ਮਾਨ ਨੇ ਕਾਂਗਸੀਆਂ ਉੱਪਰ ਤਨਜ਼ ਕਰਦਿਆਂ ਕਿਹਾ ਕਿ ਸਿਸਵਾਂ ਹਾਊਸ ਦੇ ਦਰਵਾਜ਼ੇ 5 ਸਾਲਾਂ ਤੋਂ ਤੁਹਾਡੇ ਲਈ ਨਹੀਂ ਖੁੱਲ੍ਹੇ। ਉਨ੍ਹਾਂ ਕਿਹਾ ਕਿ ਭਾਜਪਾ 5 ਸਾਲਾਂ ਤੱਕ ਕਈ ਕੁਝ ਕਰਦੀ ਰਹੀ ਪਰ ਤੁਸੀਂ ਕੁਝ ਨਹੀਂ ਬੋਲੇ
ਚੰਡੀਗੜ੍ਹ: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਮੋਰਚਾ ਸੰਭਾਲਦਿਆਂ ਕਾਂਗਰਸ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਕਾਂਗਰਸ ਉੱਪਰ ਜੰਮ ਕੇ ਭੜਾਸ ਕੱਢੀ।
ਭਗਵੰਤ ਮਾਨ ਨੇ ਕਾਂਗਸੀਆਂ ਉੱਪਰ ਤਨਜ਼ ਕਰਦਿਆਂ ਕਿਹਾ ਕਿ ਸਿਸਵਾਂ ਹਾਊਸ ਦੇ ਦਰਵਾਜ਼ੇ 5 ਸਾਲਾਂ ਤੋਂ ਤੁਹਾਡੇ ਲਈ ਨਹੀਂ ਖੁੱਲ੍ਹੇ। ਉਨ੍ਹਾਂ ਕਿਹਾ ਕਿ ਭਾਜਪਾ 5 ਸਾਲਾਂ ਤੱਕ ਕਈ ਕੁਝ ਕਰਦੀ ਰਹੀ ਪਰ ਤੁਸੀਂ ਕੁਝ ਨਹੀਂ ਬੋਲੇ। ਉਨ੍ਹਾਂ ਕਿਹਾ ਕਕਿ ਮੈਂ ਲੋਕ ਸਭਾ ਵਿੱਚ ਵੀ ਰਿਹਾ ਹਾਂ, ਜਿੱਥੇ ਤੁਹਾਡੇ ਵੱਡੇ-ਵੱਡੇ ਲੀਡਰ ਚੁੱਪ ਬੈਠੇ ਰਹਿੰਦੇ ਸੀ।
ਇਸ ਮਗਰੋਂ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਮੋਰਚਾ ਸੰਭਾਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਪੇਂਡੂ ਵਿਕਾਸ ਫੰਡ ਰੋਕ ਲਿਆ ਹੈ। ਇਸ ਨੂੰ ਰੋਕਣ ਦਾ ਕੰਮ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੀ ਬਦੌਲਤ ਹੋਇਆ। ਉਨ੍ਹਾਂ ਫੰਡਾਂ ਦੀ ਦੁਰਵਰਤੋਂ ਕੀਤੀ ਸੀ ਜਿਸ ਕਾਰਨ ਕੇਂਦਰ ਨੂੰ ਇਹ ਮੌਕਾ ਮਿਲਿਆ।
ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਦੇ ਕਈ ਫੈਸਲਿਆਂ ਖਿਲਾਫ ਮਤਾ ਪੇਸ਼ ਕੀਤਾ। ਇਸ ਮਤੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਭਾਖੜਾ-ਬਿਆਨ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦਾ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਲਈ ਕੇਂਦਰ ਦੇ ਸਰਵਿਸ ਰੂਲ ਲਾਗੂ ਕਰਨ ਦਾ ਵੀ ਵਿਰੋਧ ਕੀਤਾ ਗਿਆ। ਇਸ ਤੋਂ ਪਹਿਲਾਂ ਕਾਂਗਰਸੀ ਲੀਡਰ ਪਰਗਟ ਸਿੰਘ ਨੇ ਮਤੇ ਦੀ ਕਾਪੀ ਦੋ ਦਿਨ ਪਹਿਲਾਂ ਦੇਣ ਦੀ ਮੰਗ ਰੱਖੀ।
ਮਤੇ ਉੱਪਰ ਬਹਿਸ ਵਿੱਚ ਹਿੱਸਾ ਲੈਂਦਿਆਂ ਕੈਬਨਿਟ ਮੰਤਰੀ ਹਰਪਾਲ ਚੀਮੇ ਨੇ ਕਿਹਾ ਕਿ ਸੰਸਦ ਵਿੱਚ ਸਿਰਫ ਭਗਵੰਤ ਮਾਨ ਮੁੱਦੇ ਉਠਾਉਂਦੇ ਸਨ। ਬਾਕੀ ਸੰਸਦ ਮੈਂਬਰ ਖਾਮੋਸ਼ ਬੈਠੇ ਰਹਿੰਦੇ ਸੀ। ਇਸ ਦਾ ਕਾਂਗਰਸੀ ਵਿਧਾਇਕ ਪਰਤਾਪ ਸਿੰਘ ਬਾਜਵਾ ਨੇ ਵਿਰੋਧ ਕੀਤਾ। ਕਾਂਗਰਸ ਵੱਲੋਂ ਹੰਗਾਮਾ ਵੀ ਕੀਤਾ ਗਿਆ ਜਿਸ ਕਰਕੇ ਮਾਰਸ਼ਲ ਵੀ ਬਲਾਉਣੇ ਪਏ।
ਕਾਂਗਰਸੀ ਵਿਧਾਇਕ ਨੇ ਬੋਲਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਨਹੀਂ ਹੋਈ। ਸ਼ਹੀਦ ਭਗਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਅੰਬੇਡਕਰ ਦਾ ਬੁੱਤ ਲਾਉਣ ਦੀ ਗੱਲ ਹੋਈ ਸੀ ਪਰ ਵਿਧਾਨ ਸਭਾ ਵਿੱਚ ਨਹੀਂ ਲਾਏ ਜਾ ਸਕਦੇ, ਇਸ ਲਈ ਕਿਸੇ ਅਧਿਕਾਰੀ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ।