ਵਿਸ਼ਵ ਪੱਧਰ 'ਤੇ ਛਾਏ 'ਆਪ' ਲੀਡਰ ਰਾਘਵ ਚੱਢਾ, ਡਬਲਿਊਈਐਫ ਦੀ ਸੂਚੀ 'ਚ ਹੋਏ ਸ਼ੁਮਾਰ
ਰਾਘਵ ਚੱਢਾ ਆਲਮੀ ਪੱਧਰ ਉੱਪਰ ਉੱਭਰਦੇ ਨੌਜਵਾਨ ਲੀਡਰਾਂ ਵਿੱਚ ਸ਼ਾਮਲ ਹੋ ਗਏ ਹਨ। ਡਬਲਿਊਈਐਫ ਨੇ ਆਲਮੀ ਪੱਧਰ ਦੇ ਨੌਜਵਾਨ ਆਗੂਆਂ ਦੀ ਸੂਚੀ ਵਿੱਚ ‘ਆਪ’ ਲੀਡਰ ਰਾਘਵ ਚੱਢਾ ਨੂੰ ਸ਼ਾਮਲ ਕੀਤਾ ਹੈ।
ਜਨੇਵਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ‘ਆਪ’ ਲੀਡਰ ਰਾਘਵ ਚੱਢਾ ਆਲਮੀ ਪੱਧਰ ਉੱਪਰ ਉੱਭਰਦੇ ਨੌਜਵਾਨ ਲੀਡਰਾਂ ਵਿੱਚ ਸ਼ਾਮਲ ਹੋ ਗਏ ਹਨ। ਵਿਸ਼ਵ ਆਰਥਿਕ ਫੋਰਮ (ਡਬਲਿਊਈਐਫ) ਨੇ ਆਲਮੀ ਪੱਧਰ ਦੇ ਨੌਜਵਾਨ ਆਗੂਆਂ ਦੀ ਸੂਚੀ ਵਿੱਚ ‘ਆਪ’ ਲੀਡਰ ਰਾਘਵ ਚੱਢਾ ਨੂੰ ਸ਼ਾਮਲ ਕੀਤਾ ਹੈ। ਸੰਸਥਾ ਦੀ ਇਹ ਸੂਚੀ ਸਾਲ 2022 ਲਈ ਹੈ।
ਇਸ ਸੂਚੀ ਵਿੱਚ ‘ਆਪ’ ਲੀਡਰ ਰਾਘਵ ਚੱਢਾ ਤੋਂ ਇਲਾਵਾ ਐਡਲਵਾਈਸ ਮਿਉਚਅਲ ਫੰਡ ਦੀ ਸੀਈਓ ਰਾਧਿਕਾ ਗੁਪਤਾ ਤੇ ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਮਿਖੇਲੋ ਫੇਡੋਰੋਵ ਵੀ ਸ਼ਾਮਲ ਹਨ। ਸੂਚੀ ਵਿੱਚ ਪ੍ਰੋਫੈਸਰ ਯੋਇਚੀ ਓਚਿਆਈ, ਸੰਗੀਤਕਾਰ ਤੇ ਕੰਪੋਜ਼ਰ ਵਿਸੈਮ ਜੋਬਰੈਨ, ਸਿਹਤ ਸੰਭਾਲ ਖੇਤਰ ਦੀ ਕਾਰਕੁਨ ਜੈਸਿਕਾ ਬੇਕਰਮੈਨ ਤੇ ਐਨਜੀਓ ਚਲਾਉਣ ਵਾਲੀ ਜ਼ੋਆ ਲਿਟਵਿਨ ਦੇ ਨਾਂ ਸ਼ਾਮਲ ਹਨ।
ਦੱਸ ਦਈਏ ਕਿ ਰਾਘਵ ਚੱਢਾ ਹਾਲ ਹੀ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। ਪੰਜਾਬ ਵਿੱਚ ਪਾਰਟੀ ਦੀ ਜਿੱਤ ਤੋਂ ਪਹਿਲਾਂ ਉਹ ਦਿੱਲੀ ’ਚ ਵਿਧਾਇਕ ਸਨ। ਸੂਚੀ ਵਿੱਚ ਕਈ ਹੋਰ ਭਾਰਤੀ ਵੀ ਹਨ। ਇਨ੍ਹਾਂ ਵਿੱਚ ਅਥਲੀਟ ਮਨੋਜ ਜੋਸ਼ੀ, ‘ਇਨੋਵ8’ ਦੇ ਸੰਸਥਾਪਕ ਰਿਤੇਸ਼ ਮਲਿਕ, ਭਾਰਤਪੇਅ ਦੇ ਸੀਈਓ ਸੁਹੇਲ ਸਮੀਰ, ‘ਸ਼ੂਗਰ ਕਾਸਮੈਟਿਕਸ’ ਦੀ ਸੀਈਓ ਵਿਨੀਤਾ ਸਿੰਘ ਦੇ ਨਾਂ ਸ਼ਾਮਲ ਹੈ।
ਕਾਬਲੇਗੌਰ ਹੈ ਕਿ ਡਬਲਿਊਈਐਫ ਦਾ ਸਾਲਾਨਾ ਇਕੱਠ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ 22-26 ਮਈ ਤੱਕ ਹੋਵੇਗਾ ਜਿੱਥੇ ਦੁਨੀਆ ਭਰ ਦੀਆਂ ਅਮੀਰ ਤੇ ਰਸੂਖ਼ ਵਾਲੀਆਂ ਹਸਤੀਆਂ ਜੁੜਨਗੀਆਂ। ਸੂਚੀ ਵਿੱਚ ਸ਼ਾਮਲ 109 ਲੋਕਾਂ ਨੂੰ ਫੋਰਮ ਨੇ 40 ਸਾਲ ਤੋਂ ਘੱਟ ਉਮਰ ਵਰਗ ਵਿਚ ਵਿਸ਼ਵ ਦੇ ਉੱਭਰਦੇ ਨੌਜਵਾਨ ਆਗੂ ਕਰਾਰ ਦਿੱਤਾ ਹੈ।
BJP ਨੂੰ ਗੁੰਡਿਆਂ ਦੀ ਪਾਰਟੀ ਕਹਿਣ 'ਤੇ ਰਾਘਵ ਚੱਢਾ ਨੂੰ ਕਾਨੂੰਨੀ ਨੋਟਿਸ
ਆਮ ਆਦਮੀ ਪਾਰਟੀ (Aam Aadmi Party) ਦੇ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਰਾਘਵ ਚੱਢਾ, ਭਾਰਤੀ ਜਨਤਾ ਪਾਰਟੀ (Bharatiya Janata Party) ਨੂੰ ਗੁੰਡਿਆਂ ਦੀ ਪਾਰਟੀ ਕਹਿਣ ਕਾਰਨ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਪੰਜਾਬ 'ਚ ਭਾਜਪਾ (BJP) ਯੁਵਾ ਮੋਰਚਾ ਦੇ ਉਪ ਪ੍ਰਧਾਨ ਅਸ਼ੋਕ ਸਰੀਨ (Ashok Sareen) ਨੇ ਰਾਘਵ ਚੱਢਾ ਨੂੰ ਕਾਨੂੰਨੀ ਨੋਟਿਸ (Legal Notice to Chadha) ਭੇਜ ਕੇ ਭਾਜਪਾ 'ਤੇ ਕੀਤੀ ਗਈ ਟਿੱਪਣੀ ਲਈ ਉਨ੍ਹਾਂ ਤੋਂ ਲਿਖਤੀ ਮੁਆਫੀ ਮੰਗਣ ਦੀ ਮੰਗ ਕੀਤੀ ਹੈ।
ਦਰਅਸਲ, ਰਾਜ ਸਭਾ ਮੈਂਬਰ ਅਤੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਘਵ ਚੱਢਾ ਨੇ 16 ਅਪ੍ਰੈਲ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ 'ਤੇ ਆਪਣੀ ਟਿੱਪਣੀ ਨਾਲ ਵਿਵਾਦਾਂ 'ਚ ਘਿਰ ਗਏ ਸਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਾਘਵ ਨੇ ਭਾਜਪਾ ਨੂੰ 'ਗੁੰਡਿਆਂ-ਲਫੰਗਿਆਂ ਦੀ ਪਾਰਟੀ' ਕਹਿਣ ਤੋਂ ਇਲਾਵਾ ਭਾਜਪਾ ਨੂੰ 'ਭਾਰਤ ਦੀ ਗੋਤ ਪਾਰਟੀ' ਕਿਹਾ ਸੀ।