ਆਮ ਆਦਮੀ ਪਾਰਟੀ ਲਈ ਇੱਕ ਹੋਰ ਖੁਸ਼ਖਬਰੀ! ਰਾਜ ਸਭਾ 'ਚ ਜਾਣਗੇ 7 ਮੈਂਬਰ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦੇ ਨਾਲ ਹੀ ਆਮ ਆਦਮੀ ਪਾਰਟੀ ਲਈ ਇੱਕ ਹੋਰ ਖੁਸ਼ਖਬਰੀ ਹੈ। ਪੰਜਾਬ ਦੀ ਜਿੱਤ ਨਾਲ ਪਾਰਟੀ ਦੀ ਰਾਜ ਸਭਾ ਵਿੱਚ ਵੀ ਤਾਕਤ ਵਧੇਗੀ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦੇ ਨਾਲ ਹੀ ਆਮ ਆਦਮੀ ਪਾਰਟੀ ਲਈ ਇੱਕ ਹੋਰ ਖੁਸ਼ਖਬਰੀ ਹੈ। ਪੰਜਾਬ ਦੀ ਜਿੱਤ ਨਾਲ ਪਾਰਟੀ ਦੀ ਰਾਜ ਸਭਾ ਵਿੱਚ ਵੀ ਤਾਕਤ ਵਧੇਗੀ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੇ ਸੱਤ ਮੈਂਬਰ ਰਾਜ ਸਭਾ ਵਿੱਚ ਜਾ ਸਕਦੇ ਹਨ। ਚੋਣ ਕਮਿਸ਼ਨ ਨੇ ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਪੰਜਾਬ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪ੍ਰਤਾਪ ਸਿੰਘ ਬਾਜਵਾ, ਸ਼ਵੇਤ ਮਲਿਕ, ਨਰੇਸ਼ ਗੁਜਰਾਲ ਤੇ ਸ਼ਮਸ਼ੇਰ ਸਿੰਘ ਦੂਲੋ ਦੇ ਕਾਰਜਕਾਲ ਦੀ ਮਿਆਦ 9 ਅਪਰੈਲ ਨੂੰ ਖਤਮ ਹੋਣ ਜਾ ਰਹੀ ਹੈ। ਦੋ ਮੈਂਬਰਾਂ ਦਾ ਕਾਰਜਕਾਲ ਜੁਲਾਈ ਵਿੱਚ ਖਤਮ ਹੋਣ ਜਾ ਰਿਹਾ ਹੈ। ਬਹੁਮਤ ਮੁਤਾਬਕ ਇਸ ਵੇਲੇ ‘ਆਪ’ ਸੱਤ ਸੀਟਾਂ ’ਤੇ ਚੋਣ ਜਿੱਤਣ ਦੀ ਗੁੰਜਾਇਸ਼ ਰੱਖਦੀ ਹੈ, ਜਦਕਿ ਇਸ ਵੇਲੇ ਵਿਧਾਨ ਸਭਾ ਵਿੱਚ ਕਾਂਗਰਸ ਕੋਲ 18, ਸ਼੍ਰੋਮਣੀ ਅਕਾਲੀ ਦਲ ਕੋਲ ਤਿੰਨ, ਭਾਜਪਾ ਕੋਲ ਦੋ ਤੇ ਬਸਪਾ ਕੋਲ ਸਿਰਫ਼ ਇੱਕ ਮੈਂਬਰ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ’ਚ ਮਿਲੀ ਕਰਾਰੀ ਹਾਰ ਦੇ ਨਾਲ-ਨਾਲ ਹੁਣ ਰਾਜ ਸਭਾ ਵਿੱਚੋਂ ਵੀ ਪਾਰਟੀ ਦੇ ਤਿੰਨ ਮੈਂਬਰਾਂ ਦੀ ਮਿਆਦ ਅਪਰੈਲ ਤੇ ਜੁਲਾਈ ਵਿੱਚ ਖਤਮ ਹੋਣ ਜਾ ਰਹੀ ਹੈ। ਇਨ੍ਹਾਂ ਦੇ ਮੁੜ ਚੁਣੇ ਜਾਣ ਦੀ ਵੀ ਕੋਈ ਆਸ ਨਹੀਂ। ਇਹੀ ਹਾਲ ਕਾਂਗਰਸ ਪਾਰਟੀ ਦਾ ਹੈ, ਕਾਂਗਰਸ ਦੇ ਤਿੰਨ ਮੈਂਬਰਾਂ ਤੇ ਭਾਜਪਾ ਦੇ ਇੱਕ ਮੈਂਬਰ ਦੀ ਮਿਆਦ ਵੀ ਪੁੱਗਣ ਵਾਲੀ ਹੈ। ਸੂਬੇ ਵਿੱਚ ਅੱਜ ਤੱਕ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ‘ਆਪ’ ਨੂੰ ਹੁਣ ਰਾਜ ਸਭਾ ਵਿੱਚ ਵੀ ਵੱਡੀ ਤਾਕਤ ਮਿਲਣ ਦੀ ਆਸ ਬੱਝੀ ਹੈ।
ਦਿਲਚਸਪ ਗੱਲ ਹੈ ਕਿ ਰਾਜ ਸਭਾ ਦੇ ਮੈਂਬਰ ਦੀ ਮਿਆਦ ਛੇ ਸਾਲਾਂ ਦੀ ਹੋਣ ਕਾਰਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਪਿਛਲੇ ਪੰਜ ਸਾਲਾਂ ਦੌਰਾਨ ਰਾਜ ਸਭਾ ਦੀ ਕਿਸੇ ਵੀ ਸੀਟ ਲਈ ਚੋਣ ਨਹੀਂ ਹੋ ਸਕੀ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੇ 7 ਮੈਂਬਰ ਰਾਜ ਸਭਾ ਵਿੱਚ ਜਾਣ ਤੇ ਪਹਿਲਾਂ ਤੋਂ ਤਿੰਨ ਮੈਂਬਰ ਹਾਜ਼ਰ ਹੋਣ ਨਾਲ ‘ਆਪ’ ਵੱਡੀ ਧਿਰ ਬਣ ਕੇ ਰਾਜ ਸਭਾ ਵਿੱਚ ਗੂੰਜੇਗੀ।
ਕਦੋਂ ਹੋਏਗੀ ਚੋਣ
14 ਮਾਰਚ ਨੂੰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 21 ਮਾਰਚ ਹੈ। ਨਾਮਜ਼ਦਗੀਆਂ ਦੀ ਪੜਤਾਲ 22 ਮਾਰਚ ਨੂੰ ਕੀਤੀ ਜਾਵੇਗੀ ਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਮਿਤੀ 24 ਮਾਰਚ ਹੈ।
ਵੋਟਾਂ 31 ਮਾਰਚ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਸ਼ਾਮ 5 ਵਜੇ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਦਾ ਅਮਲ 2 ਅਪਰੈਲ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇਗਾ। ਡਾ. ਰਾਜੂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਰਾਜ ਸਭਾ ਚੋਣਾਂ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਪੰਜਾਬ ਵਿਧਾਨ ਸਭਾ ਦੇ ਸਕੱਤਰ ਕੋਲ 14 ਤੋਂ 21 ਮਾਰਚ ਤੱਕ (ਜਨਤਕ ਛੁੱਟੀ ਤੋਂ ਇਲਾਵਾ) ਕਿਸੇ ਵੀ ਦਿਨ ਦੁਪਹਿਰ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖਲ ਕੀਤੇ ਜਾ ਸਕਣਗੇ।