ਵਿਧਾਇਕ ਬਰਿੰਦਰ ਗੋਇਲ ਦਾ ਬਿਆਨ, ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੀ ਬਣੀ ਹੋਈ ਸੰਭਾਵਨਾ
ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਵਿਖੇ ਐੱਮ ਐੱਲ ਏ ਬਰਿੰਦਰ ਗੋਇਲ ਨੇ ਹੱਥੀਂ ਟਰੈਕਟਰ ਚਲਾ ਕੇ ਕੀਤੀ ਸਿੱਧੀ ਬਿਜਾਈ ਦੀ ਸ਼ੁਰੂਆਤ।
ਲਹਿਰਾਗਾਗਾ: ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਵਿਖੇ ਐੱਮ ਐੱਲ ਏ ਬਰਿੰਦਰ ਗੋਇਲ ਨੇ ਹੱਥੀਂ ਟਰੈਕਟਰ ਚਲਾ ਕੇ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਸਬੰਧੀ ਕੀਤੀ ਅਪੀਲ ਦੇ ਸਾਰਥਕ ਨਤੀਜੇ ਨਿਕਲ ਰਹੇ ਹਨ। ਉਨ੍ਹਾਂ ਕਿਹਾ, ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ। ਜਿਸ ਦੇ ਚਲਦਿਆਂ ਪੰਦਰਾਂ ਸਾਲ ਦੇ ਅੰਦਰ ਧਰਤੀ ਹੇਠਲਾ ਪਾਣੀ ਖਤਮ ਹੋ ਜਾਣ ਦੀ ਸੰਭਾਵਨਾ ਨਿਰੰਤਰ ਬਣੀ ਹੋਈ ਹੈ।
ਗੋਇਲ ਨੇ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਮ ਹੋ ਜਾਂਦਾ ਹੈ ਤਾਂ ਪੂਰਾ ਹਿੰਦੋਸਤਾਨ ਭੁੱਖਮਰੀ ਦੀ ਕਗਾਰ ਤੇ ਖੜ੍ਹਾ ਹੋ ਜਾਵੇਗਾ।ਕਿਉਂਕਿ ਕੇਂਦਰੀ ਅੰਨ ਭੰਡਾਰ ਵਿੱਚ 50 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਪੰਜਾਬ ਦੇ ਕਿਸਾਨ ਹੀ ਪਾਉਂਦੇ ਹਨ।ਇਸ ਖਤਰੇ ਨੂੰ ਭਾਂਪਦਿਆਂ ਸਰਕਾਰ ਵੱਲੋਂ ਸਿੱਧੀ ਬਿਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਕਿਸਾਨਾਂ ਦੇ 4000 ਰੁਪਏ ਲਵਾਈ ਦੇ ਬਚਦੇ ਹਨ ਉਥੇ ਹੀ 1500 ਰੁਪਏ ਪ੍ਰਤੀ ਏਕੜ ਚ ਸਰਕਾਰ ਵੱਲੋਂ ਕਿਸਾਨਾਂ ਨੂੰ ਕੀਤੇ ਜਾਣਗੇ ਅਤੇ ਝਾੜ ਵਿੱਚ ਵੀ ਵਾਧਾ ਹੋਵੇਗਾ।
ਇਸ ਸਮੇਂ ਸਿੱਧੀ ਬਿਜਾਈ ਕਰਨ ਵਾਲੇ ਰਾਮਗੜ੍ਹ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਨੇ ਦੱਸਿਆ, ਕਿ ਮੈਂ ਛੇ ਏਕੜ ਝੋਨੇ ਦੀ ਸਿੱਧੀ ਬਿਜਾਈ ਸਰਕਾਰ ਵੱਲੋਂ ਕੀਤੀ ਅਪੀਲ ਦੇ ਮੱਦੇਨਜ਼ਰ ਕਰ ਰਿਹਾ ਹਾਂ।ਉਨ੍ਹਾਂ ਇਹ ਵੀ ਦੱਸਿਆ ਕਿ ਵਿਧਾਇਕ ਬਰਿੰਦਰ ਗੋਇਲ ਦੀ ਕੋਸ਼ਿਸ਼ ਸਦਕਾ ਸਾਡੇ ਪਿੰਡ ਵਿੱਚ ਸੈਂਕੜੇ ਏਕੜ ਸਿੱਧੀ ਝੋਨੇ ਦੀ ਬਿਜਾਈ ਹੋਵੇਗੀ।
ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ, ਕਿ ਲੋਕਾਂ ਵਿੱਚ ਸਿੱਧੀ ਬਿਜਾਈ ਪ੍ਰਤੀ ਉਤਸ਼ਾਹ ਹੈ ਅਤੇ ਲਗਾਤਾਰ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰ ਰਹੇ ਹਨ।ਇਸ ਸਬੰਧੀ ਪਿੰਡਾਂ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸਿਖਲਾਈ ਕੈਂਪ ਵੀ ਲਾਏ ਜਾ ਰਹੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਲਹਿਰਾ ਅਤੇ ਅਨਦਾਣਾ ਬਲਾਕ ਵਿਚ ਹੁਣ ਤੱਕ 1800 ਏਕੜ ਰਕਬੇ ਵਿਚ ਸਿੱਧੀ ਬਿਜਾਈ ਹੋ ਚੁੱਕੀ ਹੈ।ਪ੍ਰੰਤੂ ਅਜੇ ਵੀਹ ਦਿਨ ਹੋਰ ਸਿੱਧੀ ਬਿਜਾਈ ਹੋਣ ਦੇ ਆਸਾਰ ਹਨ।ਸਿੱਧੀ ਬਿਜਾਈ ਨਾਲ ਜਿੱਥੇ ਕਿਸਾਨਾਂ ਨੂੰ ਝਾੜ ਵੱਧ ਮਿਲਦਾ ਹੈ, ਪੈਸੇ ਦੀ ਬੱਚਤ ਵੀ ਹੁੰਦੀ ਹੈ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਵਿੱਚ ਵੀ ਇਹ ਯੋਜਨਾ ਅਤੀ ਸਹਾਈ ਹੋ ਰਹੀ ਹੈ।