ਬਿਕਰਮ ਮਜੀਠੀਆ ਕੋਲ ਇੱਕ ਹੀ ਮੋਬਾਈਲ ਅਤੇ ਸਿਮ ਹੈ, ਜੋ ਕਿ ਉਨ੍ਹਾਂ ਦੇ ਨਾਮ 'ਤੇ ਹੈ, ਮਜੀਠੀਆ ਦੇ ਵਕੀਲ ਨੇ ਕੀਤੇ ਵੱਡੇ ਖੁਲਾਸੇ
ਅਰਸ਼ਦੀਪ ਨੇ ਕਿਹਾ ਕਿ ਬਿਕਰਮ ਮਜੀਠੀਆ ‘ਤੇ ਜਿਹੜਾ ਝੂਠਾ ਮੁਕਦਮਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਰਜ ਕੀਤਾ ਹੈ ਇਸ ਵਿੱਚ ਸਬੂਤ ਤਾਂ ਕੋਈ ਲੱਭ ਨਹੀਂ ਰਿਹਾ ਹੈ।

Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਘਟਣ ਦੀ ਥਾਂ ਵਧਦੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਬਿਕਰਮ ਮਜੀਠੀਆ ਡਰੱਗ ਕੇਸ ਵਿੱਚ ਹੁਣ ਨਵਾਂ ਹੀ ਤੱਥ ਸਾਹਮਣੇ ਆਇਆ ਹੈ। ਮਜੀਠੀਆ ਤੋਂ ਇੱਕ ਮੋਬਾਈਲ ਬਰਾਮਦ ਹੋਇਆ, ਜਿਸ ਵਿੱਚ ਖੰਨਾ ਦੇ ਰਹਿਣ ਵਾਲੇ ਜਸਮੀਤ ਸਿੰਘ ਦਾ ਸਿੰਮ ਨਿਕਲਿਆ ਹੈ।
ਮਜੀਠੀਆ 'ਤੇ ਲੱਗੇ ਇਸ ਇਲਜ਼ਾਮ 'ਤੇ ਉਨ੍ਹਾਂ ਨੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਇੱਕ ਵੀਡੀਓ ਜਾਰੀ ਕਰਕੇ ਕਈ ਅਹਿਮ ਖੁਲਾਸੇ ਕੀਤੇ ਹਨ। ਅਰਸ਼ਦੀਪ ਨੇ ਕਿਹਾ ਕਿ ਬਿਕਰਮ ਮਜੀਠੀਆ ‘ਤੇ ਜਿਹੜਾ ਝੂਠਾ ਮੁਕਦਮਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਰਜ ਕੀਤਾ ਹੈ ਇਸ ਵਿੱਚ ਸਬੂਤ ਤਾਂ ਕੋਈ ਲੱਭ ਨਹੀਂ ਰਿਹਾ ਹੈ। ਕਿਸੇ ਨਾ ਕਿਸੇ ਮਾਮਲੇ ਵਿੱਚ ਮਜੀਠੀਆ ਸਾਹਬ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਆਏ ਦਿਨ ਕੋਈ ਨਵਾਂ ਝੂਠ ਬਣਾ ਕੇ ਮੀਡੀਆ ਵਿੱਚ ਸਨਸਨੀ ਫੈਲਾਈ ਜਾ ਰਹੀ ਹੈ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅੱਜ ਇੱਕ ਨਵਾਂ ਝੂਠ ਸਰਕਾਰ ਨੇ ਮੀਡੀਆ ਵਿੱਚ ਫੈਲਾਇਆ ਹੈ ਕਿ ਜਿਹੜਾ ਬਿਕਰਮ ਮਜੀਠੀਆ ਕੋਲ ਫੋਨ ਹੈ ਉਹ ਕਿਸੇ ਜਸਮੀਤ ਸਿੰਘ ਨਾਮ ਦੇ ਵਿਅਕਤੀ ਦਾ ਹੈ ਅਤੇ ਉਹ ਹੁਣ ਕੈਨੇਡਾ ਭੱਜ ਗਿਆ ਹੈ।
ਮੈਂ ਪਹਿਲਾਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਬਿਕਰਮ ਮਜੀਠੀਆ ਨੂੰ ਜਿਸ ਦਿਨ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ, ਉਸ ਦਿਨ ਉਨ੍ਹਾਂ ਕੋਲੋਂ ਕੋਈ ਮੋਬਾਈਲ ਫੋਨ ਹੀ ਨਹੀਂ ਲੱਭਿਆ ਸੀ, ਇੱਕ ਮੋਬਾਈਲ ਫੋਨ ਅਸੀਂ ਬਾਅਦ ਵਿੱਚ ਵਿਜੀਲੈਂਸ ਨੂੰ ਦਿੱਤਾ ਹੈ, ਜਿਸ ਦਾ ਨੰਬਰ 9814000003 ਹੈ, ਜਿਹੜਾ ਕਿ ਬਿਕਰਮ ਮਜੀਠੀਆ ਦੇ ਨਾਮ ‘ਤੇ ਹੈ ਅਤੇ ਉਨ੍ਹਾਂ ਦਾ ਆਫੀਸ਼ੀਅਲ ਫੋਨ ਹੈ। ਸੱਚ ਤਾਂ ਸੱਚ ਹੀ ਰਹਿੰਦਾ ਹੈ ਅਤੇ ਝੂਠ ਤਾਂ ਝੂਠ ਹੀ ਰਹਿੰਦਾ ਹੈ, ਅਦਾਲਤ ਵਿੱਚ ਸੱਚਾਈ ਸਾਹਮਣੇ ਆਉਂਦੀ ਹੈ, ਜਿੰਨੇ ਮਰਜ਼ੀ ਝੂਠੇ ਮਾਮਲੇ ਦਰਜ ਕਰ ਲਓ।
ਜ਼ਿਕਰ ਕਰ ਦਈਏ ਕਿ ਮਜੀਠੀਆ 'ਤੇ ਲੱਗੇ ਡਰੱਗਸ ਮਾਮਲੇ ਵਿੱਚ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਜਿਹੜਾ ਮਜੀਠੀਆ ਤੋਂ ਮੋਬਾਈਲ ਫੋਨ ਮਿਲਿਆ ਹੈ, ਉਸ ਵਿੱਚ ਜਸਮੀਤ ਨਾਮ ਦੇ ਵਿਅਕਤੀ ਦਾ ਸਿਮ ਹੈ ਅਤੇ ਉਹ ਹੁਣ ਕੈਨੇਡਾ ਭੱਜ ਗਿਆ ਹੈ।
ਜਸਮੀਤ ਸਿੰਘ ਨੇ ਇਹ ਸਿਮ ਕਾਰਡ 2021 ਵਿੱਚ ਖਰੀਦਿਆ ਸੀ। ਉਹ ਉਸ ਸਮੇਂ ਖੰਨਾ ਬੱਸ ਸਟੈਂਡ 'ਤੇ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ। ਜਸਮੀਤ ਦਾ ਪਰਿਵਾਰ ਮੂਲ ਰੂਪ ਵਿੱਚ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ। ਉਹ ਕੁਝ ਸਮਾਂ ਪਹਿਲਾਂ ਹੀ ਖੰਨਾ ਵਿੱਚ ਕਿਰਾਏ ਦੇ ਮਕਾਨ ‘ਤੇ ਰਹਿਣ ਲੱਗ ਪਿਆ ਸੀ।
ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜਸਮੀਤ ਦਾ ਸਿਮ ਕਾਰਡ ਮਜੀਠੀਆ ਤੱਕ ਕਿਵੇਂ ਪਹੁੰਚਿਆ। ਮੋਹਾਲੀ ਵਿਜੀਲੈਂਸ ਦੀ ਇੱਕ ਟੀਮ ਜਸਮੀਤ ਦੇ ਖੰਨਾ ਸਥਿਤ ਘਰ ਪਹੁੰਚੀ। ਟੀਮ ਨੇ ਉਸਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਖੰਨਾ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਵੀ ਜਾਂਚ ਕੀਤੀ।





















