NDA ਨਾਲ ਨਾਤਾ ਤੋੜ BJP ਦੇ ਗੜ੍ਹ ਪਹੁੰਚੇ ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਕੌਮੀ ਜਮਹੂਰੀ ਗੱਠਜੋੜ (NDA) ਵਿੱਚੋਂ ਬਾਹਰ ਆ ਗਿਆ ਹੈ।ਜਿਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬੀਜੇਪੀ ਦੇ ਗੜ੍ਹ ਹੁਸ਼ਿਆਰਪੁਰ ਪਹੁੰਚੇ ਹਨ।
ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਕੌਮੀ ਜਮਹੂਰੀ ਗੱਠਜੋੜ (NDA) ਵਿੱਚੋਂ ਬਾਹਰ ਆ ਗਿਆ ਹੈ।ਜਿਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬੀਜੇਪੀ ਦੇ ਗੜ੍ਹ ਹੁਸ਼ਿਆਰਪੁਰ ਪਹੁੰਚੇ ਹਨ।ਸ਼ਨੀਵਾਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਭਾਜਪਾ ਦਾ ਸਾਥ ਛੱਡਣ ਦਾ ਐਲਾਨ ਕੀਤਾ।ਇਸ ਫੈਸਲੇ ਨਾਲ 1996 ਤੋਂ ਬੀਜੇਪੀ ਨਾਲ ਅਕਾਲੀ ਦਲ ਦੀ ਬਣੀ ਆ ਰਹੀ ਸਿਆਸੀ ਸਾਂਝ ਦਾ ਭੋਗ ਪੈ ਗਿਆ।
ਸੁਖਬੀਰ ਬਾਦਲ ਨੇ ਕਿਹਾ ਕਿ, ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਉਦੋਂ ਤੱਕ ਹੈ ਜਦੋਂ ਤੱਕ ਪਾਰਟੀ ਦੇ ਅਸੂਲਾਂ ਨਾਲ ਦੂਸਰੀ ਪਾਰਟੀ ਵੀ ਚੱਲਦੀ ਹੈ।ਗੱਠਜੋੜ ਦਾ ਮਤਲਬ ਹੁੰਦਾ ਹੈ ਕਿ ਕੋਈ ਫੈਸਲਾ ਐਲਾਇੰਸ ਨਾਲ ਮਿਲ ਕੇ ਕਰਨਾ ਹੁੰਦਾ ਹੈ।ਪਰ ਅਜਿਹਾ ਨਹੀਂ ਹੋਇਆ ਬਿੱਲ ਦਾ ਵਿਰੋਧ ਸਿਰਫ ਮੈਂ ਤੇ ਹਰਸਿਮਰਤ ਕੌਰ ਬਾਦਲ ਨੇ ਕਿਤਾ।ਲੋਕ ਸਭਾ 'ਚ ਬਿੱਲ ਦੀ ਵੋਟਾਂ ਦੌਰਾਨ ਸਿਰਫ ਮੈਂ ਤੇ ਹਰਸਿਮਰਤ ਨੇ ਖਿਲਾਫ਼ਤ ਕੀਤੀ।
ਉਨ੍ਹਾਂ ਕੈਪਟਨ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ, ਕੈਪਟਨ ਨੇ ਕਿਉਂ ਆਪਣੇ MPs ਨੂੰ ਵੋਟਾਂ ਦਾ ਵਿਰੋਧ ਕਰਨ ਤੋਂ ਨਹੀਂ ਰੋਕਿਆ।ਉਧਰ ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਪਾਰਟੀ ਵੱਲੋਂ ਗੱਠਜੋੜ ਤੋੜਣ ਦਾ ਫੈਸਲਾ ਸੂਬੇ ਅੰਦਰ ਪੈਦਾ ਹੋਏ ਸਿਆਸੀ ਹਾਲਾਤ ਕਰਕੇ ਲਿਆ ਗਿਆ ਹੈ ਕਿਉਂਕਿ ਰਾਜਸੀ ਤੌਰ ’ਤੇ ਭਾਜਪਾ ਜਾਂ NDA ਦਾ ਹਿੱਸਾ ਬਣੇ ਰਹਿਣਾ ਅਕਾਲੀ ਦਲ ਲਈ ਮਹਿੰਗਾ ਸਾਬਤ ਹੋ ਰਿਹਾ ਸੀ। ਸੂਤਰਾਂ ਮੁਤਾਬਿਕ ਅਕਾਲੀ ਦਲ ਨੇ ਆਉਣ ਵਾਲੇ ਦਿਨਾਂ ਦੌਰਾਨ ਕੈਪਟਨ ਸਰਕਾਰ ਖ਼ਿਲਾਫ਼ ਵੀ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ 1996 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ 13 ਦਿਨਾਂ ਦੀ ਸਰਕਾਰ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਰਿਸ਼ਤਿਆਂ ਨੂੰ ਵੱਡੇ ਬਾਦਲ ਵੱਲੋਂ ਨਹੁੰ-ਮਾਸ ਦਾ ਰਿਸ਼ਤਾ ਕਰਾਰ ਦਿੱਤਾ ਜਾਂਦਾ ਰਿਹਾ ਸੀ। ਭਾਰਤੀ ਜਨਤਾ ਪਾਰਟੀ ਦੀ ਵਾਗਡੋਰ ਨਰਿੰਦਰ ਮੋਦੀ ਤੇ ਇਧਰ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਣ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਰਿਸ਼ਤਿਆਂ ਵਿੱਚ ਤਰੇੜ ਆ ਗਈ।