Patiala: 26 ਲੱਖ ਖਰਚ ਕੇ ਨੂੰਹ ਨੂੰ ਭੇਜਿਆ ਵਿਦੇਸ਼, ਉੱਥੇ ਪਹੁੰਚਦੇ ਹੀ ਤੋੜ ਦਿੱਤੇ ਸਾਰੇ ਰਿਸ਼ਤੇ, ਬੋਲੀ ਪਤੀ ਪਸੰਦ ਨਹੀਂ
ਪੰਜਾਬ ਵਿੱਚ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਲੋਕ ਲੱਖਾਂ ਰੁਪਏ ਖਰਚ ਕੇ ਨੂੰਹ ਨੂੰ ਵਿਦੇਸ਼ ਭੇਜਦੇ ਹਨ ਪਰ ਔਰਤ ਵਿਦੇਸ਼ ਜਾ ਕੇ ਸਾਰੇ ਰਿਸ਼ਤੇ ਤੋੜ ਦਿੰਦੀ ਹੈ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਸਾਹਮਣੇ ਆਇਆ ਹੈ।
ਪਟਿਆਲਾ: ਪੰਜਾਬ ਵਿੱਚ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਲੋਕ ਲੱਖਾਂ ਰੁਪਏ ਖਰਚ ਕੇ ਨੂੰਹ ਨੂੰ ਵਿਦੇਸ਼ ਭੇਜਦੇ ਹਨ ਪਰ ਔਰਤ ਵਿਦੇਸ਼ ਜਾ ਕੇ ਸਾਰੇ ਰਿਸ਼ਤੇ ਤੋੜ ਦਿੰਦੀ ਹੈ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਸਾਹਮਣੇ ਆਇਆ ਹੈ। ਇੱਕ ਵਿਅਕਤੀ ਨੇ ਲੱਖਾਂ ਰੁਪਏ ਖਰਚ ਕੇ ਨੂੰਹ ਨੂੰ ਵਿਦੇਸ਼ ਭੇਜ ਦਿੱਤਾ ਪਰ ਉੱਥੇ ਜਾ ਕੇ ਉਸ ਨੇ ਆਪਣੇ ਪਤੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਉਸ ਨੂੰ ਉੱਥੇ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਥਾਣਾ ਬਨੂੜ ਦੀ ਪੁਲੀਸ ਨੇ ਸਹੁਰੇ ਦੀ ਸ਼ਿਕਾਇਤ ਦੇ ਆਧਾਰ ’ਤੇ ਨੂੰਹ, ਉਸ ਦੇ ਮਾਤਾ-ਪਿਤਾ ਅਤੇ ਭਰਾ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਦਿਲਬਾਗ ਸਿੰਘ ਵਾਸੀ ਗੱਜੂ ਖੇੜਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਉਸ ਦੇ ਲੜਕੇ ਗੁਰਦੀਪ ਸਿੰਘ ਦਾ ਵਿਆਹ 14 ਅਪਰੈਲ 2018 ਨੂੰ ਰਮਨੀਤ ਕੌਰ (22) ਵਾਸੀ ਕਿਸ਼ਨਪੁਰਾ ਬੱਸੀ ਪਠਾਣਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਹੋਇਆ ਸੀ। ਦੋਵਾਂ ਧਿਰਾਂ ਵਿੱਚ ਫੈਸਲਾ ਹੋਇਆ ਕਿ ਵਿਆਹ ਤੋਂ ਬਾਅਦ ਰਮਨੀਤ ਕੌਰ ਨੂੰ ਵਿਦੇਸ਼ ਭੇਜਿਆ ਜਾਵੇਗਾ ਅਤੇ ਇਸ ਦਾ ਸਾਰਾ ਖਰਚਾ ਲੜਕੇ ਦੇ ਪਰਿਵਾਰ ਵੱਲੋਂ ਚੁੱਕਿਆ ਜਾਵੇਗਾ। ਇਸ ਅਨੁਸਾਰ 26 ਲੱਖ ਰੁਪਏ ਖਰਚ ਕਰਕੇ ਸਹੁਰਾ ਪਰਿਵਾਰ ਨੇ 18 ਅਗਸਤ 2018 ਨੂੰ ਰਮਨੀਤ ਕੌਰ ਨੂੰ ਆਸਟ੍ਰੇਲੀਆ ਭੇਜ ਦਿੱਤਾ। ਬਾਅਦ ਵਿੱਚ ਰਮਨੀਤ ਕੌਰ ਨੇ ਉੱਥੇ ਜਾ ਕੇ ਆਪਣੇ ਪਤੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਉਸ ਨੇ ਆਪਣੇ ਪਤੀ ਗੁਰਦੀਪ ਸਿੰਘ ਨੂੰ ਉੱਥੇ ਬੁਲਾਉਣ ਤੋਂ ਵੀ ਇਨਕਾਰ ਕਰ ਦਿੱਤਾ।
ਦਿਲਬਾਗ ਸਿੰਘ ਨੇ ਦੋਸ਼ ਲਾਇਆ ਕਿ ਉਥੇ ਜਾ ਕੇ ਰਮਨੀਤ ਕੌਰ ਨੇ ਕਿਹਾ ਕਿ ਉਹ ਗੁਰਦੀਪ ਸਿੰਘ ਨੂੰ ਪਸੰਦ ਨਹੀਂ ਕਰਦੀ ਅਤੇ ਨਾ ਹੀ ਉਸ ਨਾਲ ਰਹਿਣਾ ਚਾਹੁੰਦੀ ਹੈ। ਇਸ ਤਰ੍ਹਾਂ ਰਮਨੀਤ ਕੌਰ, ਉਸ ਦੇ ਪਿਤਾ ਅਵਤਾਰ ਸਿੰਘ, ਮਾਤਾ ਚਰਨਜੀਤ ਕੌਰ ਅਤੇ ਭਰਾ ਗਗਨਪ੍ਰੀਤ ਸਿੰਘ ਨੇ ਇਕ ਸਾਜ਼ਿਸ਼ ਤਹਿਤ ਲੜਕੇ ਦੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਜਾਂਚ ਤੋਂ ਬਾਅਦ ਰਮਨੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।