ਆਬੋ-ਹਵਾ ਹੋਈ ਜ਼ਹਿਰੀਲੀ; ਪਰਾਲੀ ਸਾੜਨ ਦੇ 70 ਮਾਮਲੇ ਦਰਜ, ਗੋਬਿੰਦਗੜ੍ਹ ਔਰੇਂਜ ਜ਼ੋਨ 'ਚ; AQI 118 ਦਰਜ
ਸਰਕਾਰ ਦੇ ਦਾਵਿਆਂ ਦੇ ਬਾਵਜੂਦ, ਇਸ ਵਾਰ ਵੀ ਪੰਜਾਬ ਵਿੱਚ ਪਰਾਲੀ ਜੰਗੀ ਪੱਧਰ 'ਤੇ ਸਾੜੀ ਜਾ ਰਹੀ ਹੈ। ਇਸ ਕਾਰਨ ਸੂਬੇ ਦੀ ਹਵਾ ਵਿੱਚ ਜ਼ਹਿਰ ਮਿਲਣ ਲੱਗ ਪਿਆ ਹੈ।ਮੰਗਲਵਾਰ ਨੂੰ ਗੋਬਿੰਦਗੜ੍ਹ 118 ਏਕਿਊਆਈ ਨਾਲ ਔਰੇਂਜ ਜ਼ੋਨ ਵਿੱਚ...

ਸਰਕਾਰ ਦੇ ਦਾਵਿਆਂ ਦੇ ਬਾਵਜੂਦ, ਇਸ ਵਾਰ ਵੀ ਪੰਜਾਬ ਵਿੱਚ ਪਰਾਲੀ ਜੰਗੀ ਪੱਧਰ 'ਤੇ ਸਾੜੀ ਜਾ ਰਹੀ ਹੈ। ਇਸ ਕਾਰਨ ਸੂਬੇ ਦੀ ਹਵਾ ਵਿੱਚ ਜ਼ਹਿਰ ਮਿਲਣ ਲੱਗ ਪਿਆ ਹੈ।ਮੰਗਲਵਾਰ ਨੂੰ ਗੋਬਿੰਦਗੜ੍ਹ 118 ਏਕਿਊਆਈ ਨਾਲ ਔਰੇਂਜ ਜ਼ੋਨ ਵਿੱਚ ਪਹੁੰਚ ਗਿਆ। ਡਾਕਟਰਾਂ ਦੇ ਮੁਤਾਬਕ, ਇਸ ਤਰ੍ਹਾਂ ਦੇ ਏਕਿਊਆਈ ਵਿੱਚ ਬਾਹਰ ਵੱਧ ਸਮਾਂ ਰਹਿਣ ਨਾਲ ਸਾਹ ਅਤੇ ਦਿਲ ਦੀਆਂ ਬਿਮਾਰੀਆਂ ਵਾਲੇ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਹ ਹਵਾ ਬੱਚਿਆਂ ਲਈ ਵੀ ਖਤਰਨਾਕ ਹੈ।
ਇਸ ਵਾਰ ਵੀ ਟੁੱਟ ਰਹੇ ਰਿਕਾਰਡ
ਇਸ ਵਾਰ ਪਰਾਲੀ ਸਾੜਨ ਵਿੱਚ ਪੰਜਾਬ ਨੇ ਪਿਛਲੇ ਦੋ ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਮੰਗਲਵਾਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ ਕੁੱਲ 70 ਮਾਮਲੇ ਦਰਜ ਕੀਤੇ ਜਾ ਚੁੱਕੇ ਸਨ, ਜਦਕਿ ਪਿਛਲੇ ਸਾਲ ਇਸੇ ਸਮੇਂ ਤੱਕ 69 ਮਾਮਲੇ ਅਤੇ 2023 ਵਿੱਚ ਸਿਰਫ਼ 8 ਮਾਮਲੇ ਦਰਜ ਹੋਏ ਸਨ।
42 ਮਾਮਲੇ ਦਰਜ ਹੋ ਚੁੱਕੇ
ਪਰਾਲੀ ਸਾੜਨ ਵਿੱਚ ਅੰਮ੍ਰਿਤਸਰ ਸਭ ਤੋਂ ਅੱਗੇ ਹੈ। ਇੱਥੇ ਹੁਣ ਤੱਕ 42 ਮਾਮਲੇ ਦਰਜ ਕੀਤੇ ਗਏ ਹਨ। ਮੰਗਲਵਾਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੇ 8 ਨਵੇਂ ਮਾਮਲੇ ਦਰਜ ਹੋਏ। ਇਨ੍ਹਾਂ ਵਿੱਚੋਂ 4 ਮਾਮਲੇ ਅੰਮ੍ਰਿਤਸਰ ਤੋਂ, 2 ਮਾਮਲੇ ਕਪੂਰਥਲਾ ਤੋਂ, 1 ਮਾਮਲਾ ਪਟਿਆਲਾ ਤੋਂ ਅਤੇ 1 ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆਇਆ।
15 ਸਤੰਬਰ ਤੋਂ ਸੈਟੇਲਾਈਟ ਰਾਹੀਂ ਖੇਤਾਂ ਦੀ ਮਾਨੀਟਰਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸੂਬੇ ਦੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ। ਪਹਿਲੇ ਦਿਨ 5 ਮਾਮਲੇ ਦਰਜ ਹੋਏ, ਜਦਕਿ 16 ਸਤੰਬਰ ਨੂੰ 18, 17 ਨੂੰ 17, 18 ਨੂੰ 11, 19 ਨੂੰ 1, 20 ਨੂੰ 1, 21 ਨੂੰ 9 ਅਤੇ 22 ਨੂੰ 6 ਮਾਮਲੇ ਦਰਜ ਹੋਏ। ਸਭ ਤੋਂ ਜ਼ਿਆਦਾ 42 ਮਾਮਲੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਏ। ਇਸਦੇ ਨਾਲ-ਨਾਲ ਬਰਨਾਲਾ ਵਿੱਚ 2, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਜਲੰਧਰ ਵਿੱਚ 1-1, ਕਪੂਰਥਲਾ ਵਿੱਚ 3, ਪਟਿਆਲਾ ਵਿੱਚ 8, ਸੰਗਰੂਰ ਅਤੇ ਐੱਸਏਐਸ ਨਗਰ ਵਿੱਚ 1-1 ਅਤੇ ਤਰਨਤਾਰਨ ਵਿੱਚ 7 ਮਾਮਲੇ ਦਰਜ ਹੋਏ।
ਹੁਣ ਤੱਕ 1.50 ਲੱਖ ਰੁਪਏ ਦਾ ਜੁਰਮਾਨਾ, 16 ਰੇਡ ਐਂਟਰੀ
32 ਮਾਮਲਿਆਂ ਵਿੱਚ 1 ਲੱਖ 50 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਜੁਰਮਾਨੇ ਵਿੱਚੋਂ 90,000 ਰੁਪਏ ਦੀ ਵਸੂਲੀ ਵੀ ਕਰ ਲਈ ਗਈ ਹੈ। ਦੂਜੇ ਪਾਸੇ, 20 ਮਾਮਲਿਆਂ ਵਿੱਚ ਸੈਕਸ਼ਨ 223 BNS ਦੇ ਤਹਿਤ FIR ਦਰਜ ਕੀਤੀ ਗਈ ਹੈ। ਪਰਾਲੀ ਸਾੜਨ ਦੇ ਮਾਮਲੇ 'ਚ 16 ਰੇਡ ਐਂਟਰੀਆਂ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਰਹੇ ਕਿ ਜਦੋਂ ਕਿਸੇ ਕਿਸਾਨ ਦੀ ਜ਼ਮੀਨ 'ਚ ਰੇਡ ਐਂਟਰੀ ਹੋ ਜਾਂਦੀ ਹੈ, ਤਾਂ ਉਹ ਆਪਣੀ ਜ਼ਮੀਨ ਨਾ ਵੇਚ ਸਕਦਾ ਹੈ, ਨਾ ਉਸਨੂੰ ਗਿਰਵੀ ਰੱਖ ਸਕਦਾ ਹੈ ਅਤੇ ਨਾ ਹੀ ਉਸ 'ਤੇ ਲੋਨ ਲੈ ਸਕਦਾ ਹੈ। PPCB ਦੇ ਅਧਿਕਾਰੀਆਂ ਦੇ ਅਨੁਸਾਰ, ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਰੂਰਤ ਪੈਣ 'ਤੇ ਸਖ਼ਤੀ ਵੀ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਜਲਦ ਹੀ ਪਰਾਲੀ ਸਾੜਨ 'ਤੇ ਪੂਰੀ ਤਰ੍ਹਾਂ ਰੋਕ ਲਗ ਜਾਵੇਗੀ।






















