NRI ਨੇ ਪਟਵਾਰੀ 'ਤੇ ਲਾਏ ਰਿਸ਼ਵਤ ਮੰਗਣ ਦੇ ਇਲਜ਼ਾਮ, ਇੰਤਕਾਲ ਲਈ NRI ਹੋ ਰਿਹਾ ਖੱਜਲ
ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਇੱਕ NRI ਨੇ ਪਟਵਾਰੀ 'ਤੇ ਗੰਭੀਰ ਇਲਜ਼ਾਮ ਲਾਏ ਹਨ।
ਸੁਲਤਾਨਪੁਰ ਲੋਧੀ: ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਇੱਕ NRI ਨੇ ਪਟਵਾਰੀ 'ਤੇ ਗੰਭੀਰ ਇਲਜ਼ਾਮ ਲਾਏ ਹਨ।NRI ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਉਸਦੀ ਜੱਦੀ ਪੁਸ਼ਤੀ ਜ਼ਮੀਨ ਦਾ ਵਿਰਾਸਤ ਇੰਤਕਾਲ ਪਟਵਾਰੀ ਵੱਲੋਂ ਨਹੀਂ ਕੀਤਾ ਜਾ ਰਿਹਾ ਹੈ ਅਤੇ ਉਸਨੂੰ ਲਗਾਤਾਰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।ਉਸਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ, "ਅਸੀਂ ਦਫਤਰਾਂ ਦੇ ਗੇੜੇ ਮਾਰ ਮਾਰ ਕੇ ਥੱਕ ਚੁੱਕੇ ਹਾਂ।"
NRI ਬਲਵਿੰਦਰ ਸਿੰਘ ਵਾਸੀ ਠੱਟਾ ਨਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪਿਛਲੇ ਸਮੇਂ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਜੱਦੀ ਜ਼ਮੀਨ ਜਾਇਦਾਦ ਦੇ ਵਾਰਸ ਉਸਦੇ ਮਾਤਾ ਗੁਰਦੀਪ ਕੌਰ, ਭਰਾ ਅਮਰਿੰਦਰ ਸਿੰਘ ਅਤੇ ਉਹ ਖੁਦ ਹੈ। ਉਸਦੇ ਪਿਤਾ ਜਗਦੀਸ਼ ਸਿੰਘ ਦੀ ਜਮੀਨ ਜਾਇਦਾਦ ਦੀ ਵਿਰਾਸਤ ਦਾ ਇੰਤਕਾਲ ਕਰਵਾਉਣ ਲਈ ਉਸਨੇ ਪਟਵਾਰੀ ਸੁਖਦੇਵ ਸਿੰਘ ਅਤੇ ਪਿੰਡ ਸਾਬੂਵਾਲ ਹਲਕੇ ਦੇ ਪਟਵਾਰੀ ਕੁਲਦੀਪ ਸਿੰਘ ਨੂੰ ਦਰਖਾਸਤਾਂ ਦੇ ਨਾਲ ਹਲਫੀਆ ਬਿਆਨ ਲਿਖ ਕੇ ਦਿੱਤਾ ਹੈ ਪਰ ਉਹ ਇੰਤਕਾਲ ਕਰਨ ਤੋਂ ਆਨਾਕਾਨੀ ਕਰ ਰਹੇ ਹਨ।
ਇਸ ਮੌਕੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਵਿਖੇ ਰਹਿੰਦਾ ਹੈ ਅਤੇ ਉਸ ਨੂੰ ਥੋੜ੍ਹੇ ਸਮੇਂ ਦੀ ਹੀ ਛੁੱਟੀ ਮਿਲੀ ਸੀ ਅਤੇ ਵਾਪਸ ਆਸਟਰੇਲੀਆ ਜਾਣਾ ਹੈ ਪਰ ਉਸਦੀ ਵਿਰਾਸਤ ਦਾ ਇੰਤਕਾਲ ਨਾ ਹੋਣ ਕਾਰਨ ਉਸਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਇਹ ਕਥਿਤ ਦੋਸ਼ ਲਾਇਆ ਕਿ ਇੰਤਕਾਲ ਕਰਵਾਉਣ ਬਦਲੇ ਪਟਵਾਰੀ ਪੈਸਿਆਂ ਦੀ ਮੰਗ ਕਰਦੇ ਹਨ।
ਇਸ ਮੌਕੇ ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਵਿਰਾਸਤ ਦਾ ਇੰਤਕਾਲ ਕਰਵਾਇਆ ਜਾਵੇ ਤਾਂ ਜੋ ਖੱਜਲ ਖੁਆਰੀ ਤੋਂ ਬਚ ਸਕੀਏ।ਇਸ ਮਾਮਲੇ ਸਬੰਧੀ ਸਥਾਨਕ ਐਸਡੀਐਮ ਨੇ ਦੱਸਿਆ ਕਿ ਉਸ ਕੋਲ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਪਹੁੰਚੀ।ਜੇਕਰ ਅਜਿਹੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਤੇ ਗੌਰ ਕਰ ਕੇ ਜਲਦੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਰਿਸ਼ਵਤ ਮੰਗਣ ਸਬੰਧੀ ਜੇਕਰ ਉਨ੍ਹਾਂ ਪਾਸ ਕੋਈ ਸ਼ਿਕਾਇਤ ਆਵੇਗੀ ਤਾਂ ਉਸ ਤੇ ਵੀ ਤੁਰੰਤ ਕਾਰਵਾਈ ਕੀਤੀ ਜਾਵੇਗੀ ।
ਇਸ ਮਾਮਲੇ ਸਬੰਧੀ ਪਟਵਾਰੀ ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ "ਮੇਰੇ ਕੋਲ ਠੱਟਾ ਨਵਾਂ ਦੇ ਰਕਬੇ ਦਾ ਚਾਰਜ ਨਹੀਂ ਹੈ। ਪਹਿਲਾਂ ਮੈਂ ਠੱਟਾ ਨਵਾਂ ਦਾ ਕੰਮ ਵੀ ਕਰਦਾ ਸੀ ਪਰ ਪਿਛਲੇ ਸਮੇਂ ਵਿੱਚ ਮੈਂ ਸਾਰਾ ਰਿਕਾਰਡ ਜਮ੍ਹਾ ਕਰਵਾ ਦਿੱਤਾ ਹੈ ਅਤੇ ਹੁਣ ਮੇਰੇ ਪਾਸ ਇਹ ਰਕਬਾ ਨਹੀਂ ਹੈ।ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਦੱਸਿਆ ਕਿ ਸਾਡੇ ਵੱਲੋਂ ਇੰਤਕਾਲ ਕਰਵਾਉਣ ਬਦਲੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।"