ਰਾਜਾ ਵੜਿੰਗ ਦਾ ਐਲਾਨ, ਜਿਹੜੇ ਵੀ ਲੀਡਰ ਕਾਂਗਰਸ ਛੱਡ ਕੇ ਜਾਣਾ ਚਾਹੁੰਦੇ, ਉਹ ਜਲਦੀ ਚਲੇ ਜਾਣ ਤਾਂ ਜੋ ਨੌਜਵਾਨਾਂ ਲਈ ਨਵੇਂ ਰਾਹ ਖੁੱਲ੍ਹਣ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਜੇਪੀ ਵਿੱਚ ਜਾਣ ਵਾਲੇ ਕਾਂਗਰਸੀ ਲੀਡਰਾਂ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਛੱਡ ਕੇ ਜਾਣ ਵਾਲਿਆਂ ਨੂੰ ਈਡੀ ਤੇ ਸੀਬੀਆਈ ਦਾ ਡਰ ਸਤਾ ਰਿਹਾ ਸੀ।
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਜੇਪੀ ਵਿੱਚ ਜਾਣ ਵਾਲੇ ਕਾਂਗਰਸੀ ਲੀਡਰਾਂ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਛੱਡ ਕੇ ਜਾਣ ਵਾਲਿਆਂ ਨੂੰ ਈਡੀ ਤੇ ਸੀਬੀਆਈ ਦਾ ਡਰ ਸਤਾ ਰਿਹਾ ਸੀ। ਇਸ ਲਈ ਉਹ ਪਨਾਹ ਲੈਣ ਲਈ ਹੀ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਲੀਡਰਾਂ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਏਗਾ।
ਰਾਜਾ ਵੜਿੰਗ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਪੰਜਾਹ-ਪੰਜਾਹ ਸਾਲ ਕਾਂਗਰਸ ਨੂੰ ਲੁੱਟਿਆ ਤੇ ਕਾਂਗਰਸ ’ਚ ਰਹਿ ਕੇ ਲੀਡਰੀਆਂ ਲਈਆਂ, ਉਹ ਅੱਜ ਕਿਹੜੇ ਮੂੰਹ ਨਾਲ ਕਾਂਗਰਸ ਉਪਰ ਸਵਾਲ ਚੁੱਕ ਰਹੇ। ਵੜਿੰਗ ਨੇ ਕਿਹਾ ਕਿ ਜਿਹੜੇ ਵੀ ਆਗੂ ਕਾਂਗਰਸ ਛੱਡ ਕੇ ਜਾਣਾ ਚਾਹੁੰਦੇ ਹਨ, ਉਹ ਜਲਦੀ ਚਲੇ ਜਾਣ ਤਾਂ ਜੋ ਨੌਜਵਾਨ ਵਰਗ ਲਈ ਨਵੇਂ ਰਾਹ ਖੁੱਲ੍ਹਣ ਤੇ ਉਹ ਪੰਜਾਬ ਦੀ ਅਗਵਾਈ ਕਰ ਸਕਣ।
ਰਾਜਾ ਵੜਿੰਗ ਨੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੁਨੀਲ ਜਾਖੜ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੇਕਰ ਉਹ ਸੱਚਮੁੱਚ ਵੱਡੇ ਸਿਆਸੀ ਆਗੂ ਹਨ ਤਾਂ ਵਿਧਾਨ ਸਭਾ ਤੋਂ ਆਪਣੇ ਭਤੀਜੇ ਦਾ ਅਸਤੀਫ਼ਾ ਦਿਵਾਉਣ ਤੇ ਖ਼ੁਦ ਚੋਣ ਲੜਨ। ਉਨ੍ਹਾਂ ‘ਆਪ’ ਆਗੂ ਰਾਘਵ ਚੱਢਾ ਵੱਲੋਂ ਦਿੱਤੇ ਬਿਆਨ, ‘ਭਾਜਪਾ ਕਾਂਗਰਸ ਦਾ ਕੂੜਾਦਾਨ ਬਣ ਗਈ ਹੈ’ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਘਵ ਚੱਢਾ ਨੇ ਪਹਿਲੀ ਵਾਰ ਕੋਈ ਚੰਗੀ ਗੱਲ ਆਖੀ ਹੈ।