ਸ਼ਰਮਨਾਕ ਤੇ ਘਿਨੌਣਾ ! ਅਗਨੀਵੀਰ ਸਕੀਮ ਦੇ ਪਹਿਲੇ ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਨਾਂ ਹੀ ਮਿਲੀ ਐਂਬੂਲੈਂਸ ਤੇ ਨਾ ਸਰਕਾਰੀ ਸਨਮਾਨ
ਮਜੀਠੀਆ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦਾਂ ਲਈ ਆਪਣੇ ਬੋਲ ਪੁਗਾਵੇ ਤੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਤੇ ਪਰਿਵਾਰ ਇਕ ਜੀਅ ਨੂੰ ਸਰਕਾਰੀ ਨੌਕਰੀ ਪ੍ਰਦਾਨ ਕਰੇ।
Punjab News: ਸ਼੍ਰੋਮਣੀ ਅਕਾਲੀ ਦਲ ਨੇ ਅਗਨੀਵੀਰ ਸਕੀਮ ਦੇ ਪਹਿਲੇ ਸ਼ਹੀਦ ਅੰਮ੍ਰਿਤਪਾਲ ਸਿੰਘ ਜਿਹਨਾਂ ਨੇ ਸਿਰਫ 19 ਸਾਲ ਦੀ ਉਮਰ ਵਿਚ ਜੰਮੂ-ਕਸ਼ਮੀਰ ਵਿਚ ਸ਼ਹਾਦਤ ਦਿੱਤੀ, ਨੂੰ ਸਲਾਮੀ ਨਾ ਦੇਣ ਤੇ ਉਸਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਾਸਤੇ ਫੌਜੀ ਐਂਬੂਲੈਂਸ ਨਾ ਦੇਣ ਦੀ ਜ਼ੋਰਦਾਰ ਨਿਖੇਧੀ ਪਾਰਟੀ ਜਦੋਂ ਕਿ ਪਾਰਟੀ ਨੇ ਮੰਗ ਕੀਤੀ ਕਿ ਅਗਨੀਵੀਰ ਸਕੀਮ ਤੁਰੰਤ ਰੱਦ ਕੀਤੀ ਜਾਵੇ ਅਤੇ ਹੁਣ ਤੱਕ ਸਕੀਮ ਤਹਿਤ ਭਰਤੀ ਹੋਏ ਸਾਰੇ ਫੌਜੀ ਰੈਗੂਲਰ ਕੀਤੇ ਜਾਣ।
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਤ੍ਰਾਸਦੀ ਭਰਪੂਰ ਤੇ ਮੰਦਭਾਗੀ ਗੱਲ ਹੈ ਕਿ ਮੋਦੀ ਸਰਕਾਰ ਦੀ ਨਵੀਂ ਅਗਨੀਵੀਰ ਸਕੀਮ ਦੇ ਦੇਸ਼ ਦੇ ਪਹਿਲੇ ਸ਼ਹੀਦ 19 ਸਾਲਾਂ ਦੇ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਘਰ ਲਿਆਉਣ ਲਈ ਫੌਜੀ ਐਂਬੂਲੈਂਸ ਹੀ ਨਹੀਂ ਦਿੱਤੀ ਗਈ।
ਉਹਨਾਂ ਕਿਹਾ ਕਿ ਇਸ ਤੋਂ ਵੀ ਸ਼ਰਮਨਾਕ ਗੱਲ ਇਹ ਹੈ ਕਿ ਸ਼ਹੀਦ ਦੇ ਅੰਤਿਮ ਸਸਕਾਰ ਵੇਲੇ ਉਸਨੂੰ ਫੌਜੀ ਸਲਾਮੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਤੇ ਘਿਨੌਣੀ ਨੀਤੀ ਹੈ ਜੋ ਦੇਸ਼ ਦੇ ਉਹਨਾਂ ਫੌਜੀਆਂ ਵਾਸਤੇ ਘੜੀ ਗਈਜੋ ਧਰਤੀ ਮਾਂ ਦੀ ਰਾਖੀ ਵਾਸਤੇ ਦੁਸ਼ਮਣਾਂ ਨਾਲ ਲੜਦੇ ਹਨ ਤੇ ਕਿਹਾ ਕਿ ਅਸੀਂ ਆਜ਼ਾਦੀ ਮਗਰੋਂ ਕਦੇ ਵੀ ਅਜਿਹੀ ਸਕੀਮ ਨਹੀਂ ਵੇਖੀ ਤੇ ਅਸੀਂ ਅਗਨੀਵੀਰ ਸਕੀਮ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।
ਅਕਾਲੀ ਆਗੂ ਨੇ ਕਿਹਾ ਕਿ ਹਾਲੇ ਕੱਲ੍ਹ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਪ੍ਰਵਾਨ ਕੀਤਾ ਸੀ ਕਿ ਦੇਸ਼ ਦੀ ਰਾਖੀ ਵਾਸਤੇ ਸਭ ਤੋਂ ਵੱਧ ਸ਼ਹਾਦਤਾਂ ਸਿੱਖ ਕੌਮ ਦਿੰਦੀ ਹੈ ਪਰ ਭਾਰਤ ਸਰਕਾਰ ਉਹਨਾਂ ਨਾਲ ਕੀ ਕਰ ਰਹੀ ਹੈ? ਉਹਨਾਂ ਕਿਹਾ ਕਿ ਇਹ ਗੱਲ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਕੀ ਇਹ ਨੀਤੀ ਦੇਸ਼ ਵਾਸਤੇ ਸ਼ਹਾਦਤ ਦੇਣ ਮਗਰੋਂ ਅਗਨੀਵੀਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਨ ਵਾਸਤੇ ਬਣਾਈ ਹੈ? ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਅਸੰਵੇਦਨਸ਼ੀਲ ਪਹੁੰਚ ਦੇ ਕਾਰਨ ਨੌਜਵਾਨ ਇਸ ਸਕੀਮ ਤਹਿਤ ਫੌਜ ਵਿਚ ਭਰਤੀ ਹੋਣ ਤੋਂ ਟਾਲਾ ਵੱਟ ਜਾਣਗੇ।
ਮਜੀਠੀਆ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਤੁਰੰਤ ਇਹ ਸਕੀਮ ਬੰਦ ਕਰੇ ਤੇ ਸਕੀਮ ਤਹਿਤ ਹੁਣ ਤੱਕ ਭਰਤੀ ਹੋਏ ਫੌਜੀਆਂ ਦੀਆਂ ਸੇਵਾਵਾਂ ਰੈਗੂਲਰ ਕਰੇ।ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦਾਂ ਲਈ ਆਪਣੇ ਬੋਲ ਪੁਗਾਵੇ ਤੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਤੇ ਪਰਿਵਾਰ ਇਕ ਜੀਅ ਨੂੰ ਸਰਕਾਰੀ ਨੌਕਰੀ ਪ੍ਰਦਾਨ ਕਰੇ।