ਸ੍ਰੀ ਦਰਬਾਰ ਸਾਹਿਬ 'ਚ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਏ ਮੁਲਜ਼ਮਾਂ ਦੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਰੱਦ
1984 ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਦਾਖ਼ਲ ਹੋਏ ਕਰਮਜੀਤ ਸਿੰਘ ਗਿੱਲ ਦੀ ਜ਼ਮਾਨਤ ਅਰਜ਼ੀ ਸਥਾਨਕ ਜ਼ਿਲ੍ਹਾ ਸੈਸ਼ਨ ਜੱਜ ਡੀਐਸ ਰਲਹਨ ਨੇ ਰੱਦ ਕਰ ਦਿੱਤੀ ਹੈ।
ਅੰਮ੍ਰਿਤਸਰ : 1984 ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਦਾਖ਼ਲ ਹੋਏ ਕਰਮਜੀਤ ਸਿੰਘ ਗਿੱਲ ਦੀ ਜ਼ਮਾਨਤ ਅਰਜ਼ੀ ਸਥਾਨਕ ਜ਼ਿਲ੍ਹਾ ਸੈਸ਼ਨ ਜੱਜ ਡੀਐਸ ਰਲਹਨ ਨੇ ਰੱਦ ਕਰ ਦਿੱਤੀ ਹੈ। ਇਸ ਸਬੰਧੀ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਕਰਮਜੀਤ ਸਿੰਘ ਗਿੱਲ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਉਸ ਦਾ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੋਈ ਇਰਾਦਾ ਨਹੀਂ ਸੀ, ਸਗੋਂ ਉਹ ਆਪਣੇ ਸਿਆਸੀ ਗੁਰੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਪੂਜਾ ਕਰਨ ਗਿਆ ਸੀ, ਜੋ ਕਿ ਇੱਕ ਅਪਰਾਧ ਨਹੀਂ ਹੈ।
ਓਥੇ ਹੀ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਧਾਰਾ 153-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸਰਕਾਰੀ ਵਕੀਲ ਅੰਜੂ ਸ਼ਰਮਾ ਅਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਭਗਵੰਤ ਸਿਆਲਕਾ ਅਤੇ ਮਨਜੀਤ ਸਿੰਘ ਛੀਨਾ ਸਮੇਤ ਸਵਜੀਤ ਸਿੰਘ ਸਿਆਲਕਾ, ਰੋਹਿਤ ਸ਼ਰਮਾ, ਸੁਖਰਾਜ ਸਿੰਘ ਮਾਨ ਅਤੇ ਗੁਰਪ੍ਰੀਤ ਸਿੰਘ ਬਾਸਰਕੇ ਨੇ ਪੇਸ਼ ਹੋ ਕੇ ਦਲੀਲ ਦਿੱਤੀ ਕਿ ਕਥਿਤ ਦੋਸ਼ੀ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਨਹੀਂ ਗਿਆ ਸੀ , ਸਗੋਂ ਫਿਰਕੂ ਭਾਵਨਾਵਾਂ ਭੜਕਾਉਣ ਲਈ ਗਿਆ ਸੀ।